ਰਣਜੀ ਟਰਾਫੀ ਵਿੱਚ ਵਿਰਾਟ ਕੋਹਲੀ ਸਿਰਫ਼ 6 ਦੌੜਾਂ ਬਣਾ ਕੇ ਆਊਟ

ਨਵੀਂ ਦਿੱਲੀ, 1 ਫਰਵਰੀ – ਵਿਰਾਟ ਕੋਹਲੀ 13 ਸਾਲਾਂ ਬਾਅਦ ਰਣਜੀ ਟਰਾਫੀ ਖੇਡਣ ਆਏ। ਉਹਨਾਂ ਦੀ ਬੱਲੇਬਾਜ਼ੀ ਦੇਖਣ ਲਈ ਹਜ਼ਾਰਾਂ ਪ੍ਰਸ਼ੰਸਕ ਅਰੁਣ ਜੇਟਲੀ ਸਟੇਡੀਅਮ ਵਿੱਚ ਇਕੱਠੇ ਹੋਏ। ਸਾਰਿਆਂ ਨੂੰ ਉਮੀਦ ਸੀ ਕਿ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੰਘਰਸ਼ ਕਰ ਰਹੇ ਕੋਹਲੀ ਰੇਲਵੇ ਖ਼ਿਲਾਫ਼ ਮੈਚ ਵਿੱਚ ਆਪਣੀ ਲੈਅ ਲੱਭ ਲੈਣਗੇ ਅਤੇ ਵੱਡੀ ਪਾਰੀ ਖੇਡਣਗੇ, ਪਰ ਅਜਿਹਾ ਨਹੀਂ ਹੋਇਆ। ਇਸ ਘਰੇਲੂ ਮੈਚ ਵਿੱਚ ਵੀ ਕੋਹਲੀ ਫਲਾਪ ਰਹੇ ਅਤੇ ਉਨ੍ਹਾਂ ਦੀ ਪਾਰੀ ਸਿਰਫ਼ 6 ਦੌੜਾਂ ‘ਤੇ ਖਤਮ ਹੋ ਗਈ। ਉਹਨਾਂ ਨੂੰ ਰੇਲਵੇ ਵੱਲੋਂ ਖੇਡ ਰਹੇ ਤੇਜ਼ ਗੇਂਦਬਾਜ਼ ਹਿਮਾਂਸ਼ੂ ਸਾਂਗਵਾਨ ਨੇ ਆਊਟ ਕੀਤਾ।

ਕੋਹਲੀ ਸਿਰਫ਼ 15 ਗੇਂਦਾਂ ਹੀ ਖੇਡ ਸਕੇ

ਵਿਰਾਟ ਕੋਹਲੀ ਨੂੰ ਘਰੇਲੂ ਕ੍ਰਿਕਟ ਵਿੱਚ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਲਈ ਖੇਡ ਰਹੇ ਕੋਹਲੀ ਤੋਂ ਉਮੀਦਾਂ ਸਨ ਕਿ ਉਹ ਰਣਜੀ ਟਰਾਫੀ ਵਿੱਚ ਰੇਲਵੇ ਵਿਰੁੱਧ ਆਪਣੀ ਫਾਰਮ ਵਿੱਚ ਵਾਪਸੀ ਕਰਨਗੇ। ਪਰ ਉਹਨਾਂ ਦਾ ਸੰਘਰਸ਼ ਇੱਥੇ ਵੀ ਜਾਰੀ ਰਿਹਾ। ਉਹ ਰੇਲਵੇ ਵਿਰੁੱਧ ਸਿਰਫ਼ 15 ਗੇਂਦਾਂ ਹੀ ਖੇਡ ਸਕੇ ਜਿਸ ਵਿੱਚ ਕੋਹਲੀ ਨੇ 6 ਦੌੜਾਂ ਬਣਾਈਆਂ। ਇਸ ਤੋਂ ਬਾਅਦ ਤੇਜ਼ ਗੇਂਦਬਾਜ਼ ਹਿਮਾਂਸ਼ੂ ਸਾਂਗਵਾਨ ਨੇ ਉਹਨਾਂ ਨੂੰ ਆਊਟ ਕਰ ਦਿੱਤਾ। ਆਸਟ੍ਰੇਲੀਆ ਦੌਰੇ ਦੌਰਾਨ ਹਰ ਪਾਰੀ ਵਿੱਚ ਕੋਹਲੀ ਆਫ ਸਾਈਡ ਗੇਂਦ ਨੂੰ ਕਿਨਾਰੇ ਲਗਾ ਕੇ ਸਲਿੱਪ ਵਿੱਚ ਆਊਟ ਹੋ ਰਹੇ ਸਨ। ਪਰ ਇਸ ਪਾਰੀ ਵਿੱਚ ਸਿਰਫ਼ ਇੱਕ ਹੀ ਬਦਲਾਅ ਆਇਆ। ਇਸ ਵਾਰ ਉਹ ਬੋਲਡ ਹੋ ਗਏ।

ਪ੍ਰਸ਼ੰਸਕ ਸਟੇਡੀਅਮ ਛੱਡ ਜਾਣ ਲੱਗ ਪਏ

ਹਿਮਾਂਸ਼ੂ ਸਾਂਗਵਾਨ ਨੇ ਗੇਂਦ ਨੂੰ ਓਵਰ ਦ ਵਿਕਟ ਤੋਂ ਆਫ ਸਟੰਪ ਵੱਲ ਸੁੱਟਿਆ। ਵਿਰਾਟ ਕੋਹਲੀ ਆਉਣ ਵਾਲੀ ਗੇਂਦ ਨਾਲ ਪੂਰੀ ਤਰ੍ਹਾਂ ਧੋਖਾ ਖਾ ਗਿਆ ਅਤੇ ਉਹ ਲਾਈਨ ਮਿਸ ਕਰ ਦਿੱਤੀ। ਇਸ ਤੋਂ ਬਾਅਦ ਗੇਂਦ ਬੱਲੇ ਅਤੇ ਪੈਡ ਦੇ ਵਿਚਕਾਰ ਚਲੀ ਗਈ ਅਤੇ ਆਫ ਸਟੰਪ ਵਿਕਟ ਨੂੰ ਉਡਾ ਦਿੱਤਾ। ਹਿਮਾਂਸ਼ੂ ਨੇ ਇਸ ਵਿਕਟ ਦਾ ਜਸ਼ਨ ਬੜੇ ਉਤਸ਼ਾਹ ਨਾਲ ਮਨਾਇਆ। ਇਸ ਦੇ ਨਾਲ ਹੀ ਸਟੇਡੀਅਮ ਵਿੱਚ ਬੈਠੇ ਦਰਸ਼ਕਾਂ ਨੂੰ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਕੋਹਲੀ ਦੇ ਆਊਟ ਹੋਣ ਤੋਂ ਬਾਅਦ, ਬਹੁਤ ਸਾਰੇ ਪ੍ਰਸ਼ੰਸਕ ਸਟੇਡੀਅਮ ਛੱਡ ਕੇ ਜਾਣ ਲੱਗੇ।

ਹਿਮਾਂਸ਼ੂ ਸਾਂਗਵਾਨ ਕੌਣ ਹੈ?

ਵਿਰਾਟ ਕੋਹਲੀ ਨੂੰ ਆਊਟ ਕਰਨ ਵਾਲੇ ਹਿਮਾਂਸ਼ੂ ਸਾਂਗਵਾਨ ਦੀ ਉਮਰ 29 ਸਾਲ ਹੈ। ਉਹ ਦਿੱਲੀ ਦੀ ਅੰਡਰ-19 ਟੀਮ ਲਈ ਵੀ ਖੇਡ ਚੁੱਕੇ ਹਨ। ਵਰਤਮਾਨ ਵਿੱਚ, ਉਹ ਘਰੇਲੂ ਕ੍ਰਿਕਟ ਵਿੱਚ ਰੇਲਵੇ ਲਈ ਖੇਡਦੇ ਹਨ। ਹਿਮਾਂਸ਼ੂ ਨੇ 2019 ਵਿੱਚ ਰੇਲਵੇ ਵੱਲੋਂ ਘਰੇਲੂ ਕ੍ਰਿਕਟ ਵਿੱਚ ਆਪਣਾ ਡੈਬਿਊ ਕੀਤਾ ਸੀ।

ਸਾਂਝਾ ਕਰੋ

ਪੜ੍ਹੋ