ਨਵੀਂ ਦਿੱਲੀ, 1 ਫਰਵਰੀ – ਸੰਸਦ ਦੇ ਦੋਵਾਂ ਸਦਨਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸੰਬੋਧਨ ਨਾਲ ਅੱਜ ਕੇਂਦਰ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਲਕੇ 1 ਫਰਵਰੀ ਕੇਂਦਰੀ ਬਜਟ ਪੇਸ਼ ਕਰਨਗੇ। ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੌਰਾਨ ਅੱਜ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹਾਕਮ ਧਿਰ ਭਾਜਪਾ ਨੇ ਰਾਸ਼ਟਰਪਤੀ ਦੇ ਸੰਬੋਧਨ ਨੂੰ ਜਿੱਥੇ ਵਿਕਸਿਤ ਭਾਰਤ ਦੇ ਨਿਰਮਾਣ ਦੀ ਨਿਸ਼ਾਨਦੇਹੀ ਕਰਾਰ ਦਿੱਤਾ ਉੱਥੇ ਹੀ ਵਿਰੋਧੀ ਧਿਰ ਨੇ ਦਰੋਪਦੀ ਮੁਰਮੂ ਦੇ ਸੰਬੋਧਨ ਨੂੰ ‘ਸਿਆਸੀ ਭਾਸ਼ਣ’ ਦੱਸਿਆ ਹੈ। ਇਸੇ ਤਰ੍ਹਾਂ ਅੱਜ ਸਾਲ 2024-25 ਲਈ ਆਰਥਿਕ ਸਰਵੇਖਣ ਵੀ ਪੇਸ਼ ਕੀਤਾ ਗਿਆ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਸੈਸ਼ਨ ਦੌਰਾਨ ਗਰੀਬਾਂ ਤੇ ਮੱਧ ਵਰਗ ਦੇ ਨਾਲ ਨਾਲ ਮਹਿਲਾਵਾਂ ਲਈ ਨਵੀਂ ਪਹਿਲ ਦਾ ਸੰਕੇਤ ਦਿੱਤਾ ਤੇ ਕਿਹਾ ਕਿ ਧਾਰਮਿਕ ਤੇ ਫਿਰਕੂ ਮਤਭੇਦਾਂ ਤੋਂ ਮੁਕਤ ਮਹਿਲਾਵਾਂ ਲਈ ਇਕਸਾਰ ਅਧਿਕਾਰ ਯਕੀਨੀ ਬਣਾਉਣ ਦੀ ਦਿਸ਼ਾ ’ਚ ਅਹਿਮ ਫ਼ੈਸਲੇ 1 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੌਰਾਨ ਲਏ ਜਾਣਗੇ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਤੀਜੇ ਕਾਰਜਕਾਲ ’ਚ ਤਿੰਨ ਗੁਣਾ ਰਫ਼ਤਾਰ ਨਾਲ ਕੰਮ ਹੋਇਆ ਜਿਸ ਨੇ ਅਰਥਚਾਰੇ ਨੂੰ ‘ਨੀਤੀਗਤ ਅਪੰਗਤਾ’ ਦੀ ਸਥਿਤੀ ’ਚੋਂ ਬਾਹਰ ਕੱਢਣ ਲਈ ਦ੍ਰਿੜ੍ਹ ਸੰਕਲਪ ਨਾਲ ਕੰਮ ਕੀਤਾ ਹੈ।
ਭਲਕੇ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਤੋਂ ਇੱਕ ਦਿਨ ਪਹਿਲਾਂ ਅੱਜ ਲੋਕ ਸਭਾ ਚੈਂਬਰ ’ਚ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਇਹ ਵੀ ਕਿਹਾ ਕਿ ‘ਇੱਕ ਦੇਸ਼, ਇੱਕ ਚੋਣ’ ਅਤੇ ਵਕਫ (ਸੋਧ) ਬਿੱਲ ਜਿਹੇ ਕਾਨੂੰਨਾਂ ’ਤੇ ਤੇਜ਼ ਰਫ਼ਤਾਰ ਨਾਲ ਕਦਮ ਅੱਗੇ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਵੱਡੇ ਫ਼ੈਸਲਿਆਂ ਤੇ ਨੀਤੀਆਂ ਦੇ ਤੇਜ਼ ਰਫ਼ਤਾਰ ਨਾਲ ਅਮਲ ’ਚ ਆਉਣ ਦਾ ਗਵਾਹ ਬਣ ਰਿਹਾ ਹੈ ਜਿਨ੍ਹਾਂ ’ਚ ਸਭ ਤੋਂ ਵੱਧ ਤਰਜੀਹ ਗਰੀਬਾਂ, ਮੱਧ ਵਰਗ, ਨੌਜਵਾਨਾਂ, ਮਹਿਲਾਵਾਂ ਤੇ ਕਿਸਾਨਾਂ ਨੂੰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੁਧਾਰ, ਪ੍ਰਦਰਸ਼ਨ ਤੇ ਤਬਦੀਲੀ ਦੁਨੀਆ ਭਰ ’ਚ ਭਾਰਤ ਦੇ ਨਵੇਂ ਸ਼ਾਸਨ ਮਾਡਲ ਦੇ ਸਮਾਨ-ਅਰਥੀ ਬਣ ਗਏ ਹਨ। ਰਾਸ਼ਟਰਪਤੀ ਮੁਰਮੂ ਨੇ ਆਪਣੇ ਇੱਕ ਘੰਟੇ ਦੇ ਭਾਸ਼ਣ ’ਚ ਕਿਹਾ, ‘ਭਾਰਤ ਦੀ ਵਿਕਾਸ ਯਾਤਰਾ ਦੇ ਇਸ ਅੰਮ੍ਰਿਤ ਕਾਲ ਨੂੰ ਸਰਕਾਰ ਵੱਡੀਆਂ ਪ੍ਰਾਪਤੀਆਂ ਰਾਹੀਂ ਨਵੀਂ ਊਰਜਾ ਦੇ ਰਹੀ ਹੈ। ਇਸ ਤੀਜੇ ਕਾਰਜਕਾਲ ’ਚ ਕੰਮ ਵੀ ਤਿੰਨ ਗੁਣਾ ਰਫ਼ਤਾਰ ਨਾਲ ਹੋਏ ਹਨ।’ ਰਾਸ਼ਟਰਪਤੀ ਨੇ ਪ੍ਰਯਾਗਰਾਜ ’ਚ ਚੱਲ ਰਹੇ ਮਹਾਕੁੰਭ ’ਚ ਮੌਨੀ ਮੱਸਿਆ ਮੌਕੇ ਮਚੀ ਭਗਦੜ ’ਚ ਕਈ ਲੋਕਾਂ ਦੀ ਮੌਤ ਹੋਣ ਦੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ।
ਰਾਸ਼ਟਰਪਤੀ ਨੇ ਕਿਹਾ, ‘ਸਰਕਾਰ ਨੇ ਅਰਥਚਾਰੇ ਨੂੰ ‘ਪਾਲਿਸੀ ਪੈਰਾਲਿਸਿਸ’ ਜਿਹੀਆਂ ਸਥਿਤੀਆਂ ਤੋਂ ਉਭਾਰਣ ਲਈ ਮਜ਼ਬੂਤ ਇੱਛਾ ਸ਼ਕਤੀ ਨਾਲ ਕੰਮ ਕੀਤਾ ਹੈ। ਕੋਵਿਡ ਅਤੇ ਉਸ ਤੋਂ ਬਾਅਦ ਦੇ ਹਾਲਾਤ ਤੇ ਜੰਗ ਜਿਹੀਆਂ ਆਲਮੀ ਚਿੰਤਾਵਾਂ ਦੇ ਬਾਵਜੂਦ ਭਾਰਤੀ ਅਰਥਚਾਰੇ ਨੇ ਜੋ ਸਥਿਰਤਾ ਦਿਖਾਈ ਹੈ, ਉਹ ਉਸ ਦੇ ਮਜ਼ਬੂਤ ਹੋਣ ਦਾ ਸਬੂਤ ਹੈ।’ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਰੋਬਾਰ ਨੂੰ ਸੁਖਾਲਾ ਕਰਨ ਲਈ ਵੀ ਕਈ ਅਹਿਮ ਕਦਮ ਚੁੱਕੇ ਹਨ। ਮੁਰਮੂ ਨੇ ਤਿੰਨ ਕਰੋੜ ਵਾਧੂ ਪਰਿਵਾਰਾਂ ਲਈ ਘਰ ਬਣਾਉਣ, ਕਬਾਇਲੀਆਂ ਦੀ ਭਲਾਈ, ਦਿਹਾਤੀ ਲੋਕਾਂ ਲਈ ਜਾਇਦਾਦ ਕਾਰਡ ਜਾਰੀ ਕਰਨ, ਪੇਂਡੂ ਸੜਕਾਂ ਦਾ ਨਿਰਮਾਣ ਅਤੇ 70 ਸਾਲ ਤੋਂ ਵੱਧ ਉਮਰ ਦੇ ਛੇ ਕਰੋੜ ਨਾਗਰਿਕਾਂ ਤੱਕ ਸਿਹਤ ਬੀਮਾ ਯੋਜਨਾ ਦਾ ਘੇਰਾ ਵਧਾਉਣ ਸਮੇਤ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।
ਉਨ੍ਹਾਂ ਕਿਹਾ, ‘ਭਾਰਤ ’ਚ ਆਧੁਨਿਕ ਤੇ ਆਤਮ ਨਿਰਭਰ ਖੇਤੀ ਪ੍ਰਬੰਧ ਸਾਡਾ ਟੀਚਾ ਹੈ। ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਢੁੱਕਵਾਂ ਭਾਅ ਦਿਵਾਉਣ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੀ ਹੈ।’ ਉਨ੍ਹਾਂ ਕਿਹਾ, ‘ਸਰਕਾਰ ਨੇ ‘ਇੱਕ ਦੇਸ਼, ਇੱਕ ਚੋਣ’ ਅਤੇ ‘ਵਕਫ ਸੋਧ ਬਿੱਲ’ ਜਿਹੇ ਅਹਿਮ ਮੁੱਦਿਆਂ ’ਤੇ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ।’
ਰਾਸ਼ਟਰਪਤੀ ਦਾ ਭਾਸ਼ਣ ‘ਵਿਕਸਿਤ ਭਾਰਤ’ ਦੀ ਨਿਸ਼ਾਨਦੇਹੀ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬਜਟ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਦੋਵਾਂ ਸਦਨਾਂ ਨੂੰ ਰਾਸ਼ਟਰਪਤੀ ਦਾ ਸੰਬੋਧਨ ‘ਵਿਕਸਿਤ ਭਾਰਤ’ ਦੇ ਨਿਰਮਾਣ ਦੀ ਦਿਸ਼ਾ ’ਚ ਭਾਰਤ ਦੇ ਵਧਦੇ ਕਦਮਾਂ ਦੀ ਨਿਸ਼ਾਨਦੇਹੀ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਸੰਬੋਧਨ ’ਚ ਏਕਤਾ ਤੇ ਦ੍ਰਿੜ੍ਹ ਸੰਕਲਪ ਦੀ ਭਾਵਨਾ ਨਾਲ ਨਿਰਧਾਰਤ ਟੀਚੇ ਹਾਸਲ ਕਰਨ ਲਈ ਇੱਕ ਪ੍ਰੇਰਕ ਰੋਡ ਮੈਪ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਕਿਹਾ, ‘ਰਾਸ਼ਟਰਪਤੀ ਦੇ ਸੰਬੋਧਨ ’ਚ ਇੱਕ ਅਜਿਹੇ ਭਾਰਤ ਦੇ ਦ੍ਰਿਸ਼ਟੀਕੋਣ ਦੀ ਕਲਪਨਾ ਕੀਤੀ ਗਈ ਹੈ ਜਿੱਥੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਸਰਵੋਤਮ ਮੌਕੇ ਮਿਲਣ।’ -ਪੀਟੀਆਈ
ਰਾਸ਼ਟਰਪਤੀ ਦਾ ਸੰਬੋਧਨ ਪੂਰੀ ਤਰ੍ਹਾਂ ਸਿਆਸੀ ਭਾਸ਼ਣ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਰਾਸ਼ਟਰਪਤੀ ਦੇ ਸੰਬੋਧਨ ਨੂੰ ‘ਪੂਰੀ ਤਰ੍ਹਾਂ ਸਿਆਸੀ ਭਾਸ਼ਣ’ ਦੱਸਿਆ। ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਸਰਕਾਰ ਨੇ ਰਾਸ਼ਟਰਪਤੀ ਤੋਂ ‘ਪੂਰੀ ਤਰ੍ਹਾਂ ਸਿਆਸੀ ਭਾਸ਼ਣ’ ਦਿਵਾਇਆ ਹੈ। ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ, ‘ਉਨ੍ਹਾਂ (ਰਾਸ਼ਟਰਪਤੀ) ਦਾ ਕੰਮ ਆਪਣੀ ਸਰਕਾਰ ਦੀ ਸ਼ਲਾਘਾ ਕਰਨਾ ਹੈ, ਉਨ੍ਹਾਂ ਅਜਿਹਾ ਕੀਤਾ। ਪਰ ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਨ੍ਹਾਂ ਦੇ ਭਾਸ਼ਣ ’ਚ ਉਨ੍ਹਾਂ ਗੱਲਾਂ ਦਾ ਜ਼ਿਕਰ ਨਹੀਂ ਸੀ ਜਿਨ੍ਹਾਂ ਨੂੰ ਪੂਰਾ ਕਰਨ ’ਚ ਸਰਕਾਰ ਨਾਕਾਮ ਰਹੀ ਹੈ।
ਪਹਿਲੀ ਵਾਰ ਵਿਦੇਸ਼ ਤੋਂ ਕੋਈ ਸ਼ਰਾਰਤ ਨਹੀਂ ਹੋਈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 2014 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ ਤੋਂ ਕੋਈ ‘ਚੰਗਿਆੜੀ’ ਭੜਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸੰਸਦ ਦੇ ਬਜਟ ਸੈਸ਼ਲ ਦੇ ਪਹਿਲੇ ਦਿਨ ਮੀਡੀਆ ਦੇ ਸਾਹਮਣੇ ਆਪਣੇ ਰਵਾਇਤੀ ਭਾਸ਼ਣ ’ਚ ਵਿਰੋਧੀ ਧਿਰ ’ਤੇ ਤਨਜ਼ ਕਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ 2014 ਤੋਂ ਦੇਖ ਰਿਹਾ ਹਾਂ ਕਿ ਹਰ ਸੈਸ਼ਨ ਤੋਂ ਪਹਿਲਾਂ ਸ਼ਰਾਰਤ ਕਰਨ ਲਈ ਲੋਕ ਤਿਆਰ ਬੈਠਦੇ ਸਨ ਅਤੇ ਇੱਥੇ ਉਨ੍ਹਾਂ ਨੂੰ ਹਵਾ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। 10 ਸਾਲ ਬਾਅਦ ਇਹ ਪਹਿਲਾ ਸੈਸ਼ਨ ਦੇਖ ਰਿਹਾ ਹਾਂ ਜਿਸ ’ਚ ਵਿਦੇਸ਼ ਦੇ ਕਿਸੇ ਵੀ ਕੋਨੇ ਤੋਂ ਕੋਈ ਚੰਗਿਆੜੀ ਨਹੀਂ ਭੜਕਾਈ ਗਈ।
ਸ਼ੇਅਰ ਬਾਜ਼ਾਰ ’ਚ 741 ਅੰਕਾਂ ਦਾ ਵਾਧਾ
ਮੁੰਬਈ: ਸਥਾਨਕ ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਰੁਖ਼ ਅੱਜ ਚੌਥੇ ਦਿਨ ਵੀ ਜਾਰੀ ਰਿਹਾ ਤੇ ਸੈਂਸੈਕਸ ’ਚ 741 ਅੰਕਾਂ ਦਾ ਵਾਧਾ ਹੋਇਆ, ਜਦਕਿ ਐੱਨਐੱਸਈ ਦਾ ਨਿਫਟੀ 23,500 ਅੰਕਾਂ ਦੇ ਪੱਧਰ ਨੂੰ ਪਾਰ ਕਰ ਗਿਆ। ਬੀਐੈੱਸਈ ਦਾ 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 740.76 ਅੰਕ ਮਤਲਬ 0.97 ਫ਼ੀਸਦ ਵਧ ਕੇ 77,500.57 ਅੰਕਾਂ ’ਤੇ ਬੰਦ ਹੋਇਆ। ਨਿਫਟੀ ਵੀ 258.90 ਅੰਕ ਮਤਲਬ 1.11 ਫ਼ੀਸਦ ਦੇ ਵਾਧੇ ਨਾਲ 23,508.40 ਅੰਕਾਂ ’ਤੇ ਬੰਦ ਹੋਇਆ।
ਨਵੀਂ ਦਿੱਲੀ: ਸੰਸਦ ਵਿੱਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਮਜ਼ਬੂਤ ਬੁਨਿਆਦਾਂ, ਵਿੱਤੀ ਇਕਜੁੱਟਤਾ ਤੇ ਸਥਿਰ ਨਿੱਜੀ ਖ਼ਪਤ ਦੇ ਕਾਰਨ ਭਾਰਤ ਵਿੱਚ ਵਿੱਤੀ ਸਾਲ 2025-26 ’ਚ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਵਿਕਾਸ ਦਰ 6.3 ਤੋਂ 6.8 ਫ਼ੀਸਦੀ ਦਰਜ ਕੀਤੇ ਜਾਣ ਦੀ ਉਮੀਦ ਹੈ। ਮੌਜੂਦਾ ਵਿੱਤੀ ਸਾਲ ’ਚ ਆਰਥਿਕ ਵਿਕਾਸ ਦਰ 4 ਸਾਲਾਂ ਦੇ ਹੇਠਲੇ ਪੱਧਰ 6.4 ਫ਼ੀਸਦੀ ਤੱਕ ਖਿਸਕਣ ਦਾ ਅਨੁਮਾਨ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ-2024-25 ’ਚ ਕਿਹਾ ਗਿਆ ਹੈ, ‘‘ਇੱਕ ਮਜ਼ਬੂਤ ਬਾਹਰੀ ਲੇਖੇ, ਕੈਲੀਬਰੇਟਿਡ ਵਿੱਤੀ ਇਕਜੁੱਟਤਾ ਤੇ ਸਥਿਰ ਨਿੱਜੀ ਖਪਤ ਦੇ ਨਾਲ ਘਰੇਲੂ ਅਰਥਚਾਰੇ ਦੇ ਬੁਨਿਆਦੀ ਸਿਧਾਂਤ ਮਜ਼ਬੂਤ ਬਣੇ ਹੋਏ ਹਨ।
ਇਸ ਸਦਕਾ ਅਸੀਂ ਉਮੀਦ ਕਰਦੇ ਹਾਂ ਕਿ ਵਿੱਤੀ ਸਾਲ 2026 (ਮਾਲੀ ਸਾਲ 2025-26) ਵਿੱਚ ਵਿਕਾਸ 6.3 ਅਤੇ 6.8 ਫ਼ੀਸਦੀ ਦੇ ਵਿਚਕਾਰ ਰਹੇਗਾ।’’ ਵਿੱਤ ਮੰਤਰੀ ਮੁਤਾਬਕ ਵਿਸ਼ਵਵਿਆਪੀ ਰੁਕਾਵਟਾਂ ਨੂੰ ਨੈਵੀਗੇਟ ਕਰਨ ਲਈ ਰਣਨੀਤਕ ਅਤੇ ਸੂਝਵਾਨ ਨੀਤੀ ਪ੍ਰਬੰਧਨ ਤੇ ਘਰੇਲੂ ਬੁਨਿਆਦੀ ਸਿਧਾਂਤਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੋਵੇਗੀ। ਬਜਟ 2024-25 ਵਿੱਚ ਨਿਰੰਤਰ ਵਿਕਾਸ ਨੂੰ ਅੱਗੇ ਵਧਾਉਣ ਲਈ ਇੱਕ ਬਹੁ-ਖੇਤਰੀ ਨੀਤੀ ਏਜੰਡਾ ਰੱਖਿਆ ਗਿਆ ਹੈ। ਇਸ ਮੁਤਾਬਕ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਦੋ ਦਹਾਕਿਆਂ ਤੱਕ ਅੱਠ ਫ਼ੀਸਦ ਦੀ ਦਰ ਨਾਲ ਵਿਕਾਸ ਦੀ ਲੋੜ ਹੈ।
ਟੀਚੇ ਦੀ ਪ੍ਰਾਪਤੀ ਲਈ ਜ਼ਮੀਨੀ ਤੇ ਕਿਰਤ ਸਣੇ ਕਈ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿਕਾਸ ਨੂੰ ਹਾਸਲ ਕਰਨ ਲਈ ਨਿਵੇਸ਼ ਦਰ ਨੂੰ ਮੌਜੂਦਾ 31 ਫ਼ੀਸਦ ਤੋਂ ਵਧਾ ਕੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 35 ਫ਼ੀਸਦ ਕਰਨਾ ਪਵੇਗਾ। ਸਰਵੇਖਣ ’ਚ ਕੰਪਨੀਆਂ ਦੇ ਮੁਨਾਫ਼ੇ ’ਚ ਵਾਧੇ ਤੇ ਤਨਖਾਹਾਂ ’ਚ ਘੱਟ ਵਾਧੇ ਦੇ ਫਰਕ ਨੂੰ ਵੀ ਉਭਾਰਦਿਆਂ ਕਿਹਾ ਗਿਆ, ‘‘ਦੋਵਾਂ ਵਿਚਾਲੇ ਵੱਧ ਫਰਕ ਮੰਗ ਨੂੰ ਪ੍ਰਭਾਵਿਤ ਕਰਕੇ ਅਰਥਚਾਰੇ ਲਈ ਜੋਖਮ ਪੈਦਾ ਕਰਦਾ ਹੈ।
ਅਨਾਜ ਉਤਪਾਦਨ ਘਟਾਉਣ, ਦਾਲਾਂ ਤੇ ਖੁਰਾਕੀ ਤੇਲ ਉਤਪਾਦਨ ਵਧਾਉਣ ਦਾ ਸੁਝਾਅ
ਨਵੀਂ ਦਿੱਲੀ: ਚਾਲੂ ਵਿੱਤੀ ਵਰ੍ਹੇ 2024-25 ਲਈ ਬਜਟ-ਪੂਰਵ ਦਸਤਾਵੇਜ਼ ’ਚ ਅਨਾਜ ਦੇ ਵੱਧ ਉਤਪਾਦਨ ਨੂੰ ਘਟਾਉਣ ਅਤੇ ਦਾਲਾਂ ਤੇ ਖੁਰਾਕੀ ਤੇਲਾਂ ਦਾ ਉਤਪਾਦਨ ਵਧਾਉਣ ਲਈ ਨੀਤੀਗਤ ਸੁਧਾਰਾਂ ਦਾ ਸੁਝਾਅ ਦਿੱਤਾ ਗਿਆ ਹੈ। ਦੇਸ਼ ਦਾਲਾਂ ਤੇ ਖੁਰਾਕੀ ਤੇਲਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਫਿਲਹਾਲ ਦਰਾਮਦ ’ਤੇ ਨਿਰਭਰ ਹੈ। ਸਰਵੇਖਣ ’ਚ ਕਿਹਾ ਗਿਆ ਕਿ ਵੱਖ-ਵੱਖ ਵਿਕਾਸ ਕਦਮਾਂ ਦੇ ਬਾਵਜੂਦ ਭਾਰਤ ਦੇ ਖੇਤੀ ਖੇਤਰ ’ਚ ‘ਹੋਰ ਵਿਕਾਸ ਦੀ ਅਥਾਹ ਸਮਰੱਥਾ’ ਹੈ ਜਿਸ ਦੀ ਹਾਲੇ ਤੱਕ ਵਰਤੋਂ ਨਹੀਂ ਕੀਤੀ ਜਾ ਸਕੀ।