ਨਵੀਂ ਦਿੱਲੀ, 25 ਨਵੰਬਰ – ਸੋਮਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ ਸੀ। ਰਾਜ ਸਭਾ ‘ਚ ਚੇਅਰਮੈਨ ਜਗਦੀਪ ਧਨਖੜ ਅਤੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵਿਚਾਲੇ ਬਹਿਸ ਹੋਈ। ਦਰਅਸਲ ਧਨਖੜ ਨੇ ਖੜਗੇ ਨੂੰ ਕਿਹਾ ਕਿ ਸਾਡਾ ਸੰਵਿਧਾਨ 75 ਸਾਲ ਪੂਰੇ ਕਰ ਰਿਹਾ ਹੈ। ਉਮੀਦ ਹੈ ਕਿ ਤੁਸੀਂ ਇਸ ਦੀ ਮਰਿਆਦਾ ਬਣਾ ਕੇ ਰੱਖੋਗੇ। ਇਸ ‘ਤੇ ਖੜਗੇ ਨੇ ਜਵਾਬ ਦਿੱਤਾ ਕਿ ਇਨ੍ਹਾਂ 75 ਸਾਲਾਂ ‘ਚ ਮੇਰਾ ਯੋਗਦਾਨ ਵੀ 54 ਸਾਲ ਦਾ ਹੈ। ਇਸ ਲਈ ਮੈਨੂੰ ਨਾ ਸਿਖਾਓ। ਇਸ ‘ਤੇ ਧਨਖੜ ਨੇ ਕਿਹਾ, ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਹਾਂ ਅਤੇ ਤੁਸੀਂ ਇਹ ਕਹਿ ਰਹੇ ਹੋ। ਮੈਂ ਦੁਖੀ ਹਾਂ। ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 27 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਲੋਕ ਸਭਾ ਦੀ ਕਾਰਵਾਈ ਵੀ ਪੂਰੀ ਨਹੀਂ ਹੋ ਸਕੀ। ਵਿਰੋਧੀ ਨੇਤਾ ਅਡਾਨੀ ਮੁੱਦੇ ‘ਤੇ ਹੰਗਾਮਾ ਕਰਦੇ ਰਹੇ। ਸਦਨ ਦੀ ਕਾਰਵਾਈ 27 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ।