ਨਵੀਂ ਦਿੱਲੀ, 19 ਨਵੰਬਰ – ਦਿੱਲੀ ਦੀ ਹਵਾ ਗੁਣਵੱਤਾ ਸੋਮਵਾਰ ਨੂੰ ਬਹੁਤ ਖ਼ਰਾਬ ਹੋ ਗਈ ਅਤੇ ਦੁਆਰਕਾ, ਮੁੰਡਕਾ ਅਤੇ ਨਜਫਗੜ੍ਹ ਵਰਗੇ ਇਲਾਕਿਆਂ ’ਚ ਦੁਪਹਿਰ ਨੂੰ ਵੱਧ ਤੋਂ ਵੱਧ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 500 ਦਰਜ ਕੀਤਾ ਗਿਆ। ਕੌਮੀ ਰਾਜਧਾਨੀ ’ਚ ਧੁੰਦ ਦੀ ਮੋਟੀ ਚਾਦਰ ਛਾ ਗਈ ਅਤੇ ਲੋਕਾਂ ਨੇ ਖਾਜ ਤੇ ਅੱਖਾਂ ’ਚ ਪਾਣੀ ਆਉਣ ਦੀ ਸ਼ਿਕਾਇਤ ਕੀਤੀ। ਸੋਮਵਾਰ ਸਵੇਰੇ 8 ਵਜੇ ਏ.ਕਿਉ.ਆਈ. 484 ਦਰਜ ਕੀਤਾ ਗਿਆ ਸੀ। ਏ.ਕਿਉ.ਆਈ. ਇਸ ਸੀਜ਼ਨ ’ਚ ਹੁਣ ਤਕ ਦੇ ਸੱਭ ਤੋਂ ਖਰਾਬ ਪੱਧਰ ’ਤੇ ਪਹੁੰਚ ਗਿਆ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅਨੁਸਾਰ, ਦੁਪਹਿਰ 2 ਵਜੇ ਏ.ਕਿਉ.ਆਈ. 491 ਦਰਜ ਕੀਤਾ ਗਿਆ। ਸਮੀਰ ਐਪ ਅਨੁਸਾਰ, ਦਵਾਰਕਾ ਸੈਕਟਰ-8, ਨਜਫਗੜ੍ਹ, ਨਹਿਰੂ ਨਗਰ ਅਤੇ ਮੁੰਡਕਾ ਦੇ ਚਾਰ ਸਟੇਸ਼ਨਾਂ ਨੇ ਏ.ਕਿਉ.ਆਈ. ਦਾ ਪੱਧਰ ਵੱਧ ਤੋਂ ਵੱਧ 500 ਦਸਿਆ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ ਨੂੰ ਵੇਖਦੇ ਹੋਏ ਡਾਕਟਰਾਂ ਨੇ ਸਾਰਿਆਂ ਦੀ ਸਿਹਤ ਨੂੰ ਖਤਰੇ ਦੀ ਚਿਤਾਵਨੀ ਦਿਤੀ ਹੈ। ਯੂ.ਸੀ.ਐਮ.ਐਸ. ਅਤੇ ਜੀ.ਟੀ.ਬੀ. ਹਸਪਤਾਲ ’ਚ ਕਮਿਊਨਿਟੀ ਮੈਡੀਸਨ ਦੇ ਰੈਜ਼ੀਡੈਂਟ ਡਾਕਟਰ ਡਾ ਰਜਤ ਸ਼ਰਮਾ ਨੇ ਕਿਹਾ, ‘‘ਪ੍ਰਦੂਸ਼ਣ ਦੇ ਇਸ ਪੱਧਰ ’ਤੇ, ਐਨ-95 ਮਾਸਕ ਪਹਿਨਣਾ ਲਾਜ਼ਮ ਹੋ ਗਿਆ ਹੈ।’’
ਦੂਜੇ ਪਾਸੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪ੍ਰਦੂਸ਼ਣ ਦੇ ਮੁੱਦੇ ਦਾ ਸਿਆਸੀਕਰਨ ਕਰ ਰਹੀ ਹੈ ਪਰ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ’ਚ ਪਰਾਲੀ ਸਾੜਨ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁਕਿਆ। ਇਨ੍ਹਾਂ ਸਾਰੇ ਸੂਬਿਆਂ ’ਚ ਭਾਜਪਾ ਦੀ ਸਰਕਾਰ ਹੈ।