ਅਮਰਾਵਤੀ (ਮਹਾਰਾਸ਼ਟਰ), 16 ਨਵੰਬਰ – ਕਾਂਗਰਸ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਇਥੇ ਗੰਭੀਰ ਦੋਸ਼ ਲਾਇਆ ਕਿ ਮਹਾਰਾਸ਼ਟਰ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ‘ਕਰੋੜਾਂ ਰੁਪਏ ਦੀ ਮਦਦ ਨਾਲ ਚੋਰੀ ਕਰ ਲਿਆ ਗਿਆ’ ਸੀ। ਉਹ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, “…ਮਹਾਰਾਸ਼ਟਰ ਦੇ ਲੋਕਾਂ ਦੀ ਸਰਕਾਰ ਨੂੰ ਕਰੋੜਾਂ ਰੁਪਏ ਦੇ ਕੇ ਚੋਰੀ ਕੀਤਾ ਗਿਆ। … ਅੱਜ ਮਹਾਰਾਸ਼ਟਰ ਦਾ ਹਰ ਵਿਅਕਤੀ ਜਾਣਦਾ ਹੈ ਕਿ ਉਹ ਸਰਕਾਰ ਕਿਉਂ ਚੋਰੀ ਕੀਤੀ ਗਈ ਸੀ। ਅਜਿਹਾ ਧਾਰਾਵੀ ਕਾਰਨ ਕੀਤਾ ਗਿਆ ਕਿਉਂਕਿ ਭਾਜਪਾ ਵਾਲੇ, ਨਰਿੰਦਰ ਮੋਦੀ, ਅਮਿਤ ਸ਼ਾਹ ਧਾਰਾਵੀ ਦੀ ਜ਼ਮੀਨ, ਮਹਾਰਾਸ਼ਟਰ ਦੇ ਗ਼ਰੀਬਾਂ ਦੀ ਜ਼ਮੀਨ, ਜਿਹੜੀ ਇਕ ਲੱਖ ਕਰੋੜ ਰੁਪਏ ਦੀ ਜ਼ਮੀਨ ਹੈ, ਉਸ ਨੂੰ ਆਪਣੇ ਦੋਸਤ ਗੌਤਮ ਅਡਾਨੀ ਨੂੰ ਦੇਣਾ ਚਾਹੁੰਦੇ ਸਨ, ਇਸੇ ਲਈ ਮਹਾਰਾਸ਼ਟਰ ਦੀ ਸਰਕਾਰ ਤੁਹਾਡੇ ਕੋਲੋਂ ਖੋਹ ਲਈ ਗਈ। ਉਨ੍ਹਾਂ ਇਸ ਮੌਕੇ ਸੰਵਿਧਾਨ ਬਾਰੇ ਬੋਲਦਿਆਂ ਕਿਹਾ, ‘‘ਸਾਡੇ ਲਈ, ਸੰਵਿਧਾਨ ਦੀ ਕਿਤਾਬ ਦੇਸ਼ ਦਾ ਡੀਐਨਏ ਹੈ, ਜਦੋਂ ਕਿ ਇਹ ਆਰਐਸਐਸ ਅਤੇ ਭਾਜਪਾ ਲਈ ਇਹ ਕੋਰੀ ਕਿਤਾਬ ਹੈ।’’ ਉਨ੍ਹਾਂ ਸਵਾਲ ਕੀਤਾ ਕਿ ਕੀ ਭਾਜਪਾ ਸੰਵਿਧਾਨ ਦੀ ਰਾਖੀ ਕਰ ਰਹੀ ਸੀ ਜਦੋਂ ਉਸ ਨੇ ਵਿਧਾਇਕਾਂ ਨੂੰ ਖਰੀਦ ਕੇ ਮਹਾਰਾਸ਼ਟਰ ਸਰਕਾਰ ਨੂੰ ਚੋਰੀ ਕੀਤਾ ਸੀ।