ਪੱਖੋ ਕੈਂਚੀਆਂ, 15 ਨਵੰਬਰ – ਬਰਨਾਲਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਪਿੰਡ ਜੋਧਪੁਰ ਪਹੁੰਚੇ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿਰੁੱਧ ਕਿਸਾਨਾਂ ਨੇ ਨਾਅਰੇਬਾਜ਼ੀ ਕਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਸਰਕਾਰ ਵਿਰੁੱਧ ਸੱਚਾਈ ਬਿਆਨ ਕਰਦੇ ਹੋਏ ਬੈਨਰ ਲੱਗੇ ਸਨ ਜਿਨ੍ਹਾਂ ਨੂੰ ਸੰਸਦ ਮੈਂਬਰ ਦੇ ਇਸ਼ਾਰੇ ’ਤੇ ਪਾੜ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਰਾਂ ’ਤੇ ਕਿਸਾਨਾਂ ਦੇ ਮੰਡੀਆਂ ਦੇ ਹਾਲ, ਨਸ਼ੇ, ਗੁੰਡਾਗਰਦੀ ਆਦਿ ਬਾਰੇ ਲਿਖਿਆ ਹੋਇਆ ਸੀ, ਜਿਸ ਨੂੰ ਪਿੰਡ ਦੇ ਕੁਝ ਨੌਜਵਾਨਾਂ ਨੇ ਪਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਰਾਂ ਨੂੰ ਕਿਸ ਨੇ ਲਗਾਇਆ, ਇਹ ਪਤਾ ਨਹੀਂ ਪਰ ਪੋਸਟਰ ਸੱਚਾਈ ਬਿਆਨ ਕਰ ਰਹੇ ਹਨ। ਸਰਕਾਰ ਕਿਸਾਨਾਂ ਦੀ ਸਾਰ ਲੈਣ ਦੀ ਥਾਂ ਹੁਣ ਆਪਣੇ ਵਿਰੁੱਧ ਲੱਗੇ ਬੈਨਰ ਪਟਵਾਉਣ ਦੀਆਂ ਘਟੀਆ ਹਰਕਤਾਂ ਕਰ ਰਹੀ ਹੈ, ਜਦਕਿ ਉਹ ਮੰਡੀਆਂ ਵਿੱਚ ਕਈ ਦਿਨਾਂ ਤੋਂ ਰੁਲ ਰਹੇ ਹਨ, ਪ੍ਰੰਤੂ ਸਰਕਾਰ ਤੇ ‘ਆਪ’ ਆਗੂ ਕਿਸਾਨਾਂ ਦੀ ਸਾਰ ਲੈਣ ਦੀ ਥਾਂ ਵੋਟਾਂ ਮੰਗਣ ਲਈ ਭੱਜੀ ਫਿਰਦੇ ਹਨ। ਦੂਜੇ ਪਾਸੇ ਪੋਸਟਰ ਪਾੜਨ ਵਾਲੇ ਨੌਜਵਾਨ ਨੇ ਕਿਹਾ ਕਿ ਇਹ ਪੋਸਟਰ ਸ਼ਰਾਰਤੀ ਅਨਸਰਾਂ ਵੱਲੋਂ ਲਗਾਏ ਗਏ ਸਨ। ਇਹ ਕਿਸੇ ਪਾਰਟੀ ਦੇ ਨਹੀਂ ਸਨ, ਜਿਸ ਕਰਕੇ ਉਨ੍ਹਾਂ ਨੇ ਪੋਸਟਰ ਪਾੜ ਦਿੱਤੇ ਹਨ।