ਬਿਜਨੌਰ, 16 ਨਵੰਬਰ – ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇੱਕ ਕਾਰ ਨੇ ਥ੍ਰੀ ਵ੍ਹੀਲਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਹ ਸੜਕ ਕਿਨਾਰੇ ਖਾਈ ਵਿੱਚ ਜਾ ਡਿੱਗੀ। ਬਰਾਤ ਝਾਰਖੰਡ ਤੋਂ ਵਾਪਸ ਆ ਰਿਹਾ ਸੀ ਪਰ ਬਿਜਨੌਰ ਨੇੜੇ ਹਾਦਸਾਗ੍ਰਸਤ ਹੋ ਗਈ। ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਧਾਮਪੁਰ ਥਾਣਾ ਖੇਤਰ ਦੇ ਪਿੰਡ ਤਿਬੜੀ ਦੇ ਰਹਿਣ ਵਾਲੇ ਸਨ। ਮਰਨ ਵਾਲਿਆਂ ਵਿਚ 4 ਪੁਰਸ਼, 2 ਔਰਤਾਂ ਅਤੇ ਇਕ ਲੜਕੀ ਸ਼ਾਮਲ ਹੈ। ਇਹ ਹਾਦਸਾ ਧਾਮਪੁਰ ਥਾਣਾ ਅਧੀਨ ਦੇਹਰਾਦੂਨ-ਨੈਨੀਤਾਲ ਰਾਸ਼ਟਰੀ ਰਾਜਮਾਰਗ-74 ਦੇ ਫਾਇਰ ਸਟੇਸ਼ਨ ਨੇੜੇ ਵਾਪਰਿਆ।
ਮਰਨ ਵਾਲਿਆਂ ਵਿੱਚ ਇੱਕ ਹੀ ਪਰਿਵਾਰ ਦੇ ਸਨ 6 ਮੈਂਬਰ
ਮੀਡੀਆ ਰਿਪੋਰਟਾਂ ਮੁਤਾਬਕ ਤਿੰਨ ਪਹੀਆ ਵਾਹਨ ਨੂੰ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਥ੍ਰੀ ਵ੍ਹੀਲਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਥ੍ਰੀ ਵ੍ਹੀਲਰ ‘ਚ ਸਵਾਰ ਲੋਕ ਝਾਰਖੰਡ ‘ਚ ਵਿਆਹ ਕਰਵਾ ਕੇ ਦੁਲਹਨ ਨਾਲ ਵਾਪਸ ਆਪਣੇ ਪਿੰਡ ਤਿਬੜੀ ਆ ਰਹੇ ਸਨ। ਮ੍ਰਿਤਕਾਂ ਵਿੱਚ 65 ਸਾਲਾ ਖੁਰਸ਼ੀਦ, ਉਸ ਦਾ ਪੁੱਤਰ 25 ਸਾਲਾ ਵਿਸ਼ਾਲ, 22 ਸਾਲਾ ਨੂੰਹ ਖੁਸ਼ੀ, 45 ਸਾਲਾ ਮੁਮਤਾਜ਼, 32 ਸਾਲਾ ਰੂਬੀ ਅਤੇ 10 ਸਾਲਾ ਬੁਸ਼ਰਾ ਸ਼ਾਮਲ ਹਨ।
ਲਾੜਾ-ਲਾੜੀ ਅਤੇ ਉਨ੍ਹਾਂ ਦਾ ਪਰਿਵਾਰ ਰਾਤ ਕਰੀਬ 1:30 ਵਜੇ ਮੁਰਾਦਾਬਾਦ ਸਟੇਸ਼ਨ ‘ਤੇ ਉਤਰੇ। ਉਥੋਂ ਉਹ ਟੈਂਪੂ ‘ਚ ਸਵਾਰ ਹੋ ਕੇ ਆਪਣੇ ਪਿੰਡ ਤਿੱਬੜੀ ਜਾ ਰਹੇ ਸਨ ਪਰ ਜਦੋਂ ਉਹ ਧਾਮਪੁਰ ਨਗੀਨਾ ਰੋਡ ‘ਤੇ ਫਾਇਰ ਸਟੇਸ਼ਨ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਪਿੱਛੇ ਤੋਂ ਆਈ ਕ੍ਰੇਟਾ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜ਼ਖ਼ਮੀ ਛੇ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਥ੍ਰੀ ਵ੍ਹੀਲਰ ਚਾਲਕ ਅਜੈਬ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਉਸ ਨੂੰ ਬਿਜਨੌਰ ਲਿਆਂਦਾ ਜਾ ਰਿਹਾ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਸ਼ੇਰਕੋਟ ਵਾਸੀ ਸੋਹੇਲ ਅਲਵੀ ਅਤੇ ਕਰੈਟਾ ਸਵਾਰ ਅਮਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।