ਦੇਸ਼ ਭਗਤ ਯਾਦਗਾਰ ਹਾਲ ’ਚ ਮੇਲਾ ਗ਼ਦਰੀ ਬਾਬਿਆਂ ਦਾ ਸ਼ੁਰੂ

ਜਲੰਧਰ, 8 ਨਵੰਬਰ – ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦੇ ਜੋਸ਼-ਖ਼ਰੋਸ਼ ਭਰੇ ਉਦਘਾਟਨ ਨਾਲ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ’ਚ ਤਿੰਨ ਰੋਜ਼ਾ 33ਵਾਂ ‘ਮੇਲਾ ਗ਼ਦਰੀ ਬਾਬਿਆਂ’ ਦਾ ਸ਼ੁਰੂ ਹੋ ਗਿਆ। ਪੰਜਾਬ ਦੇ ਨਾਮਵਰ ਚਿੱਤਰਕਾਰ/ਫੋਟੋਕਾਰ ਗੁਰਦੀਸ਼ ਜਲੰਧਰ, ਗੁਰਪ੍ਰੀਤ ਬਠਿੰਡਾ, ਸੁਖਜੀਵਨ ਪਟਿਆਲਾ, ਇੰਦਰਜੀਤ ਜਲੰਧਰ, ਇੰਦਰਜੀਤ ਮਾਨਸਾ, ਵਰੁਣ ਟੰਡਨ ਜਲੰਧਰ, ਰਣਜੀਤ ਕੌਰ ਮਲੌਟ, ਰਵਿੰਦਰ ਰਵੀ ਲੁਧਿਆਣਾ, ਕੰਵਰਦੀਪ ਸਿੰਘ ਕਪੂਰਥਲਾ, ਪਾਰਸ ਫਗਵਾੜਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਮੇਲੇ ਦਾ ਰਸਮੀ ਉਦਘਾਟਨ ਕੀਤਾ। ਗੁਰਦੀਸ਼ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੇਲੇ ’ਚ ਚਿੱਤਰਕਲਾ/ਫੋਟੋ ਕਲਾ ਨੂੰ ਅਹਿਮ ਥਾਂ ਦੇ ਕੇ ਇਸ ਵਿਧਾ ਨੂੰ ਲੋਕਾਂ ਦੇ ਹੋਰ ਨੇੜੇ ਕਰਨ ਲਈ ਪ੍ਰਭਾਵਸ਼ਾਲੀ ਕਾਰਜ ਕੀਤਾ ਹੈ। ਚਿੱਤਰਕਾਰ ਗੁਰਪ੍ਰੀਤ ਬਠਿੰਡਾ ਨੇ ਕਿਹਾ ਕਿ ਕਵਿਤਾ ਮਗਰੋਂ ਹੁਣ ਚਿੱਤਰਕਲਾ ਵਿਧਾ ਨੇ ਵੀ ਮਾਣਮੱਤੇ ਅੰਦਾਜ਼ ਵਿੱਚ ਲੋਕ-ਪੱਖੀ ਇਨਕਲਾਬੀ ਦਿਸ਼ਾ ਵੱਲ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ।

ਇਹ ਸੁਲੱਖਣਾ ਵਰਤਾਰਾ ਭਵਿੱਖ ਵਿੱਚ ਹੋਰ ਵੀ ਨਿੱਗਰ ਪੁਲਾਂਘਾਂ ਪੁੱਟੇਗਾ। ਚਿੱਤਰਕਲਾ ਪ੍ਰਦਰਸ਼ਨੀ ਦੀ ਟੀਮ ਦੇ ਆਗੂ ਡਾ. ਸੈਲੇਸ਼ ਅਤੇ ਕਨਵੀਨਰ ਵਿਜੈ ਬੰਬੇਲੀ ਨੇ ਮਿਲੇ ਹੁੰਗਾਰੇ ਲਈ ਚਿੱਤਰਕਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਤੇ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਚਿੱਤਰਕਲਾ ਅਤੇ ਫੋਟੋਕਲਾ ਅਸਲ ’ਚ ਇਤਿਹਾਸ ਅਤੇ ਅਨੇਕਾਂ ਪੱਖਾਂ ਨੂੰ ਦਸਤਾਵੇਜ਼ੀ ਪ੍ਰਮਾਣ ਵਜੋਂ ਸੰਭਾਲਣ ਦਾ ਅਮੁੱਲਾ ਕਾਰਜ ਹੈ ਜੋ ਨਵੀਆਂ ਪੀੜ੍ਹੀਆਂ ਦੇ ਮਨਾਂ ’ਤੇ ਅਮਿਟ ਪ੍ਰਭਾਵ ਸਿਰਜਦਾ ਹੈ। ਅਮੋਲਕ ਸਿੰਘ ਨੇ ਕੈਲਾਸ਼ ਕੌਰ, ਡਾ. ਸੁਰਜੀਤ ਪਾਤਰ, ਹਰਬੰਸ ਹੀਓਂ, ਇਕਬਾਲ ਖ਼ਾਨ, ਅਮਰਜੀਤ ਪ੍ਰਦੇਸੀ ਅਤੇ ਕੁਲਦੀਪ ਜਲੂਰ ਦੇ ਦਰਦਨਾਕ ਵਿਛੋੜੇ, ਉਨ੍ਹਾਂ ਦੀ ਮੇਲੇ ਅਤੇ ਸਮਾਜ ਪ੍ਰਤੀ ਦੇਣ ਬਾਰੇ ਵਿਚਾਰ ਸਾਂਝੇ ਕੀਤੇ। ‘ਫੁਲਵਾੜੀ’ ਪੱਤ੍ਰਿਕਾ ਦੀ 100ਵੀਂ ਵਰ੍ਹੇਗੰਢ ਮੌਕੇ ਉਸ ਦੀ ਬਹੁ-ਪੱਖੀ ਦੇਣ ’ਤੇ ਡਾ. ਹਰਜੀਤ ਸਿੰਘ (ਫੁਲਵਾੜੀ ਦੇ ਸੰਸਥਾਪਕ ਸੰਪਾਦਕ ਹੀਰਾ ਸਿੰਘ ਦਰਦ ਦੇ ਪੋਤਰੇ) ਨੇ ਰੌਸ਼ਨੀ ਪਾਈ। ਇਸ ਦੌਰਾਨ ਅੱਜ ਦੀ ਸ਼ਾਮ ਪੁਸਤਕ ਸੱਭਿਆਚਾਰ ਦੇ ਨਾਮ ਰਹੀ। ਮੰਚ ਸੰਚਾਲਕ ਕਵੀ, ਆਲੋਚਕ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ਪੁਸਤਕ ਸੱਭਿਆਚਾਰ ਅਤੇ ਪੁਸਤਕ ਪ੍ਰਦਰਸ਼ਨੀ ਦੇ ਸੁਮੇਲ ਦਾ ਮਹੱਤਵ ਸਾਂਝਾ ਕੀਤਾ।

ਅੱਜ ਹੋਣਗੇ ਕੁਇਜ਼, ਭਾਸ਼ਣ, ਪੇਂਟਿੰਗ ਤੇ ਗਾਇਨ ਮੁਕਾਬਲੇ

ਮੇਲੇ ਦੇ ਦੂਜੇ ਦਿਨ ਭਲਕੇ ਸ਼ੁੱਕਰਵਾਰ ਨੂੰ ਕੁਇਜ਼, ਭਾਸ਼ਣ, ਪੇਂਟਿੰਗ ਅਤੇ ਗਾਇਨ ਮੁਕਾਬਲੇ ਹੋਣਗੇ। ਇਸ ਦੌਰਾਨ ਬਾਲ ਕਲਾਕਾਰਾਂ ‘ਜੱਲ੍ਹਿਆਂਵਾਲਾ ਬਾਗ਼’ ਬਾਲ ਨਾਟਕ ਪੇਸ਼ ਕਰਨਗੇ। ਡਾ. ਅਪੂਰਵਾਨੰਦ ਅਤੇ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਬਾਅਦ ਦੁਪਹਿਰ ਵਿਚਾਰ-ਚਰਚਾ ਨੂੰ ਸੰਬੋਧਨ ਕਰਨਗੇ ਜਦਕਿ ਸ਼ਾਮ 4 ਵਜੇ ਕਵੀ-ਦਰਬਾਰ ਹੋਵੇਗਾ ਤੇ 6 ਵਜੇ ‘ਮਾਟੀ ਕੇ ਲਾਲ’ ਫ਼ਿਲਮ ਦਿਖਾਈ ਜਾਏਗੀ।

ਸਾਂਝਾ ਕਰੋ

ਪੜ੍ਹੋ

ਝਾਰਖੰਡ ’ਚ 65 ਫੀਸਦੀ ਤੱਕ ਪਈਆਂ ਵੋਟਾਂ

ਨਵੀ ਦਿੱਲੀ, 14 ਨਵੰਬਰ – ਝਾਰਖੰਡ ਦੀਆਂ 43 ਅਸੰਬਲੀ ਸੀਟਾਂ...