ਪ੍ਰਭਾਤ ਫੇਰੀਆਂ ਬਨਾਮ ਇਨਕਲਾਬ

ਸਾਰੀ ਨਾਨਕ ਨਾਮ ਲੇਵਾ ਸੰਗਤ ਹੁਣ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555 ਸਾਲਾ ਮਨਾਉਣ ਵਿੱਚ ਰੁੱਝੀ ਨਜ਼ਰ ਆ ਰਹੀ ਹੈ, ਜਿਸ ਵਿਚ ਸਾਰੀਆਂ ਛੋਟੀਆਂ-ਵੱਡੀਆਂ ਸੰਸਥਾਵਾਂ ਵਧੀਆ ਕਾਰਜ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣ ਲਈ ਬਜਿੱਦ ਨਜ਼ਰ ਆਉਂਦੀਆਂ ਹਨ। (ਚਾਹੇ ਇਨ੍ਹਾਂ ਸੰਸਥਾਵਾਂ ਵਿਚ ਬੈਠਾ ਰਾਜਨੀਤਿਕ ਵੱਡਾ ਤਬਕਾ ਸਿਰਫ ਆਪਣੀਆਂ ਵੋਟਾਂ ਪੱਕੀਆਂ ਕਰਨ ਹਿੱਤ ਹੀ ਕਾਰਜ ਕਰੇਗਾ)। ਇਸੇ ਪ੍ਰਕਰਨ ਨੂੰ ਮੁੱਖ ਰੱਖ ਕੇ ਸਿੱਖ ਸੰਗਤ ਪ੍ਰਭਾਤ ਫੇਰੀਆਂ ਕੱਢ ਰਹੀ ਹੈ, ਜਿਸ ਵਿਚ ਗੁਰੂ ਨਾਨਕ ਦੇਵ ਜੀ ਨੂੰ ਗੁਰਬਾਣੀ ਰਾਹੀਂ ਯਾਦ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰਭਾਤ ਫੇਰੀਆਂ ਵਿਚ ਕੁੱਝ ਕੁ ਫੀਸਦੀ ਨੂੰ ਛੱਡ ਕੇ ਜੇਕਰ ਉਡੱਦੀ ਨਿਗ੍ਹਾ ਮਾਰੀਏ ਤਾਂ ਬਹੁਤਾਤ ਵਿਚ ਸਿਰਫ ਧਾਰਮਿਕ ਤੌਰ ‘ਤੇ ਖਾਨਾ ਪੂਰਤੀ ਹੀ ਕੀਤੀ ਜਾ ਰਹੀ ਹੈ ਜਾਂ ਫਿਰ ਗਰੀਬ ਤਬਕਾ ਲੰਗਰ ਛਕਣ ਲਈ (ਬਹੁਤਾਤ ਸ਼ਹਿਰਾਂ ਵਿਚ) ਇਨ੍ਹਾਂ ਪ੍ਰਭਾਤ ਫੇਰੀਆਂ ਵਿਚ ਆਉਂਦਾ ਹੈ। ਕੁੱਝ ਕੁ ਗੁਰਸਿੱਖਾਂ ਨੇ ਆਪਣੀ ਸੁੱਖਣਾ ਉਤਾਰਨੀ ਹੁੰਦੀ ਹੈ ਤੇ ਕੁੱਝ ਉਹ ਵੀ ਹਨ ਜੋ ਸਿਰਫ ਆਪਣੀ ਚੌਧਰ ਮਨਵਾਉਣ ਹਿੱਤ ਅਜਿਹੇ ਵੱਖ-ਵੱਖ ਧਾਰਮਿਕ ਕਾਰਜ ਕਰਦੇ ਰਹਿੰਦੇ ਹਨ। ਕੀ ਏਹੀ ਸਭ ਕੁੱਝ ਪ੍ਰਭਾਤ ਫੇਰੀਆਂ ਦਾ ਵਿਸ਼ਾ-ਵਸਤੂ ਹੈ? ਜਾਂ ਕੁੱਝ ਹੋਰ ਵੀ? ਇਹਨਾਂ ਪ੍ਰਭਾਤ ਫੇਰੀਆਂ ਦੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰਕੇ ਅਰੰਭਤਾ ਕੀਤੀ, ਜਿਸ ਵਿਚੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਇਸ ਬ੍ਰਹਿਮੰਡ ਵਿਚ ਪ੍ਰਗਟ ਹੋਇਆ। ਅਜਿਹਾ ਇਨਕਲਾਬ ਉੱਠਿਆ ਕਿ 700 ਸਾਲ ਪੁਰਾਣੀਆਂ ਹਕੂਮਤਾਂ ਸਮੇਤ ਫੌਕੇ ਕਰਮਕਾਂਡਾ ਨੂੰ ਠੱਲ ਪਈ।

ਸਿੱਖ ਧਰਮ ਦੇ 5ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਸ਼ਬਦ ਕੀਰਤਨ ਦੀਆਂ ਫੇਰੀਆਂ (ਸ਼ਬਦ ਚੌਂਕੀ, ਜਿਹੜੀ ਕਿ ਅੱਜ ਵੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀਆਂ ਪਰਿਕਰਮਾ ਵਿਚ ਮਰਿਆਦਾ ਅਨੁਸਾਰ ਨਿਭਾਈ ਜਾਂਦੀ ਹੈ) ਰਾਹੀਂ ਸੰਗਤਾਂ ਨੂੰ ਜਾਗਰੂਕ ਕੀਤਾ ਤੇ ਗੁਰੂ ਘਰ ਦੇ ਦੋਖੀਆਂ ਖਿਲਾਫ ਸੰਗਤਾਂ ਨੂੰ ਸੁਚੇਤ ਕੀਤਾ। ਛੇਵੇਂ ਪਾਤਸ਼ਾਹ ਜੀ ਦੇ ਗਵਾਲੀਅਰ ਕਿਲੇ ਵਿਚ ਬੰਦ ਹੋਣ ਸਮੇਂ ਬਾਬਾ ਬੁੱਢਾ ਜੀ ਨੇ ਫਿਰ ਸੰਗਤਾਂ ਨੂੰ ਇਕੱਠਿਆਂ ਕਰਕੇ ਅਜਿਹੀਆਂ ਸ਼ਬਦ ਚੌਂਕੀਆਂ ਨੂੰ ਵੱਡੇ ਰੂਪ ਵਿਚ (ਨਗਰ ਕੀਰਤਨ) ਗਵਾਲੀਅਰ ਤੱਕ ਲਜਾਂਦੇ ਰਹੇ, ਅੰਤ ਛੇਵੇਂ ਪਾਤਸ਼ਾਹ ਜੀ ਦੀ ਰਿਹਾਈ ਹੋਈ। ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਜਦੋਂ ਕਾਂਗਰਸ ਸਰਕਾਰ ਨੇ ਪੂਰੇ ਭਾਰਤ ਵਿਚ ਐਮਰਜੈਂਸੀ ਲਗਾਈ ਤਾਂ ਮਹਿਤੇ ਕਸਬੇ ਦੀ ਧਰਤੀ ਤੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਲਗਭਗ 32 ਨਗਰ ਕੀਰਤਨ ਕੱਢ ਕੇ ਐਮਰਜੈਂਸੀ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਤੇ ਭਾਰਤੀਆਂ ਦੇ ਗਲੋਂ ਜਿੱਥੇ ਇਹ ਐਮਰਜੈਂਸੀ ਲੁਹਾਈ, ਉੱਥੇ ਇਨ੍ਹਾਂ ਨਗਰ ਕੀਰਤਨਾਂ ‘ਚੋਂ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਵੀ ਸੁੱਕੇ-ਸਿੱਧ ਬੁਨਿਆਦ ਬੰਨ੍ਹ ਦਿੱਤੀ।

1984 ਵਿਚ ਸਿੱਖਾਂ ਵਿਚ ਇਕ ਅਜਿਹਾ ਇਨਕਲਾਬ ਪੈਦਾ ਹੋਇਆ, ਜਿਸ ਨੇ ਹਰ ਸਿੱਖ ਦੇ ਹਿਰਦੇ ਵਿਚ ‘ਸਿੱਖ ਰਾਜ’ ਦੀ ਚਾਹਤ ਨੂੰ ਮੁੜ ਉਭਾਰ ਦਿੱਤਾ। ਇਹ ਸਭ ਕੁੱਝ ਪ੍ਰਭਾਤ ਫੇਰੀਆਂ ਵਿਚੋਂ ਹੀ ਨਿਕੱਲਿਆ ਸੀ। ਹੁਣ ਸੋਚਣਾ ਬਣਦਾ ਹੈ ਕਿ ਅੱਜ ਅਸੀਂ ਗੁਰੂ ਨਾਨਕ ਦੇਵ ਜੀ ‘ਨੂੰ’ ਮੰਨ ਰਹੇ ਹਾਂ? ਜਾਂ ਗੁਰੂ ਨਾਨਕ ਦੇਵ ਜੀ ‘ਦੀ’ ਮੰਨ ਰਹੇ ਹਾਂ? ਇਸ ਦਾ ਜਵਾਬ ਸੱਚਾਈ ਵਿਚ ਤਾਂ ਏਹੀ ਹੈ ਕਿ 98 ਫੀਸਦੀ ਸਿੱਖ ਗੁਰੂ ਨਾਨਕ ਦੇਵ ਜੀ ‘ਨੂੰ’ ੰਮੰਨਦੇ ਹਨ ਪਰ ਗੁਰੂ ਨਾਨਕ ਦੇਵ ਜੀ ‘ਦੀ’ ਨਹੀਂ ਮੰਨਦੇ। ਅਜਿਹੇ ਵਿਚ ਕੀ ਸਾਡੇ ਘਰਾਂ ਵਿਚ ਕੋਈ ਭਗਤ, ਸੂਰਮਾ, ਯੋਧਾ ਜਾਂ ਕੋਈ ਇਤਿਹਾਸਕਾਰ ਜਨਮ ਲੈ ਸਕੇਗਾ? ਕੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਵਿਚ ਜਾਂ ਆਉਣ ਵਾਲੀਆਂ ਪੀੜ੍ਹੀਆਂ ਵਿਚ ਅਜਿਹਾ ਵਰਤਾਰਾ ਵਰਤੇਗਾ? ਜੇਕਰ ਨਹੀਂ, ਤਾਂ ਫਿਰ ਸਾਡਾ ਪ੍ਰਭਾਤ ਫੇਰੀਆਂ ਕੱਢਣ ਦਾ ਫੱਲ ਤੇ 555 ਸਾਲਾ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਰਨ ਦਾ ਮਨੋਰਥ ਅਧੂਰਾ ਰਹਿ ਜਾਵੇਗਾ। ਇਸ ਨੂੰ ਪੂਰਾ ਕਰਨ ਹਿੱਤ ਸਾਡੀ ਸੁਚੱਜੇ ਸਾਹਿਤਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਰਾਗੀਆਂ, ਢਾਡੀਆਂ, ਕਵੀਸ਼ਰੀ ਜੱਥਿਆਂ ਤੇ ਗੁਰੂ ਘਰਾਂ ਦੇ ਵਜ਼ੀਰਾਂ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਮਾਰਗ ਨੂੰ ਸਹੀ ਅਰਥਾਂ ਵਿਚ ਇਨ੍ਹਾਂ ਪ੍ਰਭਾਤ ਫੇਰੀਆਂ ਰਾਹੀਂ ਪ੍ਰਚਾਰੀਏ ਤਾਂ ਕਿ ਸਾਡਾ ਸਿੱਖ ਪੰਥ ਆਪਣੇ ਰਾਖੇ ਜੰਮ ਸਕੇ। ਅਜਿਹੇ ਵਿਚ ਇਹ ਵੀ ਜਰੂਰ ਹੈ ਕਿ ਗੁਰੂ ਘਰਾਂ ਵਿਚ ਸੰਗਮਰਮਰ ਦੀ ਥਾਂ ਪੁਰਾਤਨ ਬਣੀਆਂ ਇਮਾਰਤਾਂ ਤੇ ਇਤਿਹਾਸ ਨੂੰ ਇੰਨ-ਬਿੰਨ ਸਾਂਭੀਏ, ਸਾਨੂੰ ਇਹ ਵੀ ਖਿਆਲ ਰੱਖਣਾ ਪਵੇਗਾ ਕਿ ਚਿੱਟੀ ਸਿਉਂਕ (ਝੂਠਾ ਗੁਰੂਡੰਮ) ਸਾਨੂੰ ਘੁਣ ਵਾਂਗ ਨਾ ਨਿਗਲ ਲਵੇ। ਕਾਰ ਸੇਵਾ ਦੇ ਨਾਮ ਤੇ ਮਾਰ ਸੇਵਾ ਕਰਨ ਵਾਲਿਆਂ ਤੋਂ ਖਹਿੜਾ ਛੁਡਾ ਕੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ਨੂੰ ਅਪਣਾਇਆ ਜਾਵੇ ਤਾਂ ਜਾ ਕੇ ਸਾਨੂੰ ਪ੍ਰਭਾਤ ਫੇਰੀਆਂ ਦਾ ਸਹੀ ਫਲ ਮਿਲ ਸਕੇਗਾ, ਨਹੀਂ ਤਾਂ ‘ਯੇ ਜਬਰ ਬੀ ਦੇਖਾ ਹੈ, ਤਾਰੀਕ ਨਜ਼ਰੋਂ ਨੇ, ਲਮਹੋਂ ਨੇ ਖਤਾ ਕੀ ਥੀ, ਸਦੀਓ ਨੇ ਸਜ਼ਾ ਪਾਈ।
ਗੁਰੂ ਮੇਹਰ ਕਰੇ ।
ਬਲਵਿੰਦਰ ਸਿੰਘ’ਪੁੜੈਣ’ (ਮੁੱਖ ਸੰਪਾਦਕ, ਜਝਿਾਰ ਟਾਈਮਜ਼ )

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...