ਸਰਦਾਰ ਵੱਲਭ ਭਾਈ ਪਟੇਲ ਨੂੰ ਚੇਤੇ ਕਰਦਿਆਂ

ਅੱਜ ਦੇਸ਼ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ ਮਨਾ ਰਿਹਾ ਹੈ। ਦੇਸ਼ ਨੂੰ ਅਖੰਡ ਰੱਖਣ ਵਿਚ ਜੋ ਯੋਗਦਾਨ ਉਨ੍ਹਾਂ ਨੇ ਦਿੱਤਾ ਸੀ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਕੱਤੀ ਅਕਤੂਬਰ 1875 ਨੂੰ ਇਕ ਮੱਧ ਵਰਗੀ ਪਰਿਵਾਰ ਵਿਚ ਜਨਮੇ ਸਰਦਾਰ ਪਟੇਲ ਨੂੰ ਦੇਸ਼ ਭਗਤੀ ਅਤੇ ਦਿ੍ਰੜ੍ਹ ਇਰਾਦੇ ਦੀ ਗੁੜਤੀ ਵਿਰਾਸਤ ਵਿਚ ਮਿਲੀ ਸੀ। ਉਨ੍ਹਾਂ ਦੇ ਪਿਤਾ ਜਵੇਰਬਾਈ ਪਟੇਲ ਝਾਂਸੀ ਦੀ ਰਾਣੀ ਦੀ ਫ਼ੌਜ ਵਿਚ ਸਨ। ਮਾਤਾ ਲਾਡਬਾਈ ਸੁਆਣੀ ਸੀ। ਇਕ ਵਾਰ ਦੇਸ਼ ਵਿਚ ਆਏ ਹੜ੍ਹਾਂ ਕਾਰਨ ਫ਼ਸਲਾਂ ਬਰਬਾਦ ਹੋ ਗਈਆਂ ਸਨ। ਅੰਗਰੇਜ਼ਾਂ ਨੇ ਇਕਦਮ ਟੈਕਸ 6 ਤੋਂ ਵਧਾ ਕੇ 22 ਪ੍ਰਤੀਸ਼ਤ ਕਰ ਦਿੱਤਾ ਸੀ। ਲੋਕਾਂ ਨੇ ਟੈਕਸ ਭਰਨ ਤੋਂ ਨਾਂਹ ਕਰ ਦਿੱਤੀ। ਮਹਾਤਮਾ ਗਾਂਧੀ ਨੇ ਇਸ ਮਸਲੇ ਨਾਲ ਸਿੱਝਣ ਦੀ ਜ਼ਿੰਮੇਵਾਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਸੌਂਪੀ। ਪਟੇਲ ਜੀ ਜਾਣਦੇ ਸਨ ਕਿ ਜੇਕਰ ਜ਼ਮੀਨ ਨਿਲਾਮ ਕਰਨੀ ਹੈ ਤਾਂ ਕਿਸਾਨ ਦੀ ਹਾਜ਼ਰੀ ਜ਼ਰੂਰੀ ਹੈ। ਉਸ ਦੇ ਦਸਤਖ਼ਤ ਜਾਂ ਅੰਗੂਠਾ ਜ਼ਰੂਰੀ ਹੈ।

ਜਿਸ ਕਿਸਾਨ ਦੀ ਜ਼ਮੀਨ ਨਿਲਾਮ ਹੋਣੀ ਹੁੰਦੀ, ਸਰਦਾਰ ਪਟੇਲ ਉਸ ਨੂੰ ਗਾਇਬ ਕਰ ਦਿੰਦੇ। ਅੰਗਰੇਜ਼ ਜਦੋਂ ਆਉਂਦੇ ਤਾਂ ਕਿਸਾਨ ਨਾ ਮਿਲਣ ਕਰਕੇ ਜ਼ਮੀਨ ਨਿਲਾਮ ਨਾ ਹੋ ਸਕਦੀ। ਇਸ ਤਰੀਕੇ ਨਾਲ ਅੰਗਰੇਜ਼ਾਂ ਨੂੰ ਨਾ ਤਾਂ ਟੈਕਸ ਮਿਲਿਆ, ਨਾ ਜ਼ਮੀਨ। ਆਖ਼ਰ ਉਨ੍ਹਾਂ ਨੂੰ ਸਮਝੌਤਾ ਕਰਨਾ ਪਿਆ ਤੇ ਟੈਕਸ ਮਾਫ਼ ਕਰ ਦਿੱਤਾ ਤੇ ਅਗਲੇ ਸਾਲ ਲਈ ਟੈਕਸ ਘਟਾ ਕੇ ਮੁੜ 6 ਪ੍ਰਤੀਸ਼ਤ ਕਰ ਦਿੱਤਾ। ਮਹਾਤਮਾ ਗਾਂਧੀ ਵੱਲੋਂ ਚਲਾਈ ਗਈ ਨਾ-ਮਿਲਵਰਤਨ ਲਹਿਰ ਵਿਚ ਪਟੇਲ ਜੀ ਨੇ ਤਿੰਨ ਕੁ ਲੱਖ ਵਲੰਟੀਅਰ ਭਰਤੀ ਕੀਤੇ ਸਨ ਤੇ ਉਸ ਸਮੇਂ 15 ਲੱਖ ਦੇ ਕਰੀਬ ਰੁਪਏ ਇਕੱਠੇ ਕਰ ਕੇ ਯੋਗਦਾਨ ਪਾਇਆ ਸੀ। ਰਾਜਨੀਤੀ ਦੇ ਗੰਧਲੇਪਣ ਅਤੇ ਰਜਵਾੜਾਸ਼ਾਹੀ ਕਾਰਨ ਉਹ ਪ੍ਰਧਾਨ ਮੰਤਰੀ ਨਹੀਂ ਬਣ ਸਕੇ। ਜੇ ਉਹ ਉਸ ਸਮੇਂ ਪ੍ਰਧਾਨ ਮੰਤਰੀ ਬਣ ਜਾਂਦੇ ਤਾਂ ਅੱਜ ਸਾਡੇ ਦੇਸ਼ ਦੀ ਤਸਵੀਰ ਵੱਖਰੀ ਹੁੰਦੀ। ਪੰਡਿਤ ਜਵਾਹਰਲਾਲ ਨਹਿਰੂ ਪ੍ਰਧਾਨ ਮੰਤਰੀ ਬਣ ਗਏ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਉਪ ਪ੍ਰਧਾਨ ਮੰਤਰੀ ਅਤੇ ਪਹਿਲਾ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ।

ਆਜ਼ਾਦੀ ਸਮੇਂ ਦੇਸ਼ ਵਿਚ 595 ਰਿਆਸਤਾਂ ਸਨ। ਉਨ੍ਹਾਂ ਨੂੰ ਖ਼ਤਮ ਕਰਨ ਵਿਚ ਸਰਦਾਰ ਵੱਲਭ ਭਾਈ ਪਟੇਲ ਦਾ ਅਹਿਮ ਯੋਗਦਾਨ ਹੈ। ਇਸੇ ਲਈ ਉਨ੍ਹਾਂ ਨੂੰ ਲੋਹ ਪੁਰਸ਼ ਕਿਹਾ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਸੰਨ 1991 ਵਿਚ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਰਤਨ ਦਾ ਖਿਤਾਬ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਨ 2018 ਵਿਚ ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ 182 ਮੀਟਰ (597 ਫੁੱਟ) ਉੱਚੇ ਬੁੱਤ ਨੂੰ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਅੱਜ ਦੇਸ਼ ਭਰ ਵਿਚ ਉਨ੍ਹਾਂ ਦੇ ਜਨਮ ਦਿਨ ਦੇ ਸਬੰਧ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਸਿਜਦਾ ਕੀਤਾ ਜਾ ਰਿਹਾ ਹੈ। ਅਜਿਹੀਆਂ ਸ਼ਖ਼ਸੀਅਤਾਂ ਹਮੇਸ਼ਾ ਪ੍ਰੇਰਨਾ ਸਰੋਤ ਬਣਦੀਆਂ ਹਨ।

ਸਾਂਝਾ ਕਰੋ

ਪੜ੍ਹੋ

ਚੋਟੀ ਦੇ ਸਿਹਤ ਸੰਸਥਾ ਦੀ ਅਗਵਾਈ ਕਰਨ

ਨਵੀਂ ਦਿੱਲੀ, 27 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ...