ਉਂਜ ਤਾਂ ਸਦੀਆਂ ਤੋਂ ਹੀ ਔਰਤਾਂ ’ਤੇ ਅਤਿਆਚਾਰ ਹੁੰਦਾ ਆ ਰਿਹਾ ਹੈ। ਮੁਗ਼ਲ ਹਕੂਮਤ ਵੇਲੇ ਵੀ ਔਰਤ ਸੁਰੱਖਿਅਤ ਨਹੀਂ ਸੀ ਫਿਰ ਸਾਡੇ ਦੇਸ਼ ਦੇ ਸਿਸਟਮ ਤੇ ਰੂੜੀਵਾਦੀ ਸੋਚ ਨੇ ਔਰਤ ਨੂੰ ਘਰਾਂ ਦੀ ਚਾਰਦੀਵਾਰੀ ਅੰਦਰ ਗ਼ੁਲਾਮ ਬਣਾਈ ਰਖਿਆ। ਅੱਜ ਵੀਹਵੀਂ ਸਦੀ ’ਚ ਨਾਰੀ ਭਾਵੇਂ ਮਰਦ ਵਰਗ ਤੋਂ ਵੀ ਅੱਗੇ ਨਿਕਲ ਚੁੱਕੀ ਹੈ ਪਰ ਅਤਿਆਚਾਰ, ਜ਼ਬਰ, ਜਨਾਹ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਉਸ ਦਾ ਪਿੱਛਾ ਨਹੀਂ ਛੱਡ ਰਹੀਆਂ ਤੇ ਥੋੜ੍ਹੇ ਦਿਨ ਪਹਿਲਾਂ ਹੀ 9 ਅਗੱਸਤ 2024 ਨੂੰ, ਪਛਮੀ ਬੰਗਾਲ ਦੇ ਕੋਲਕਾਤਾ ਦੀ ਮੌਮਿਤਾ ਦੇਬਨਾਥ, ਜੋ ਕਿ ਭਾਰਤ ’ਚ ਆਰ.ਜੀ ਕਰ ਮੈਡੀਕਲ ਕਾਲਜ ’ਚ ਦੂਜੇ ਸਾਲ ਦੀ ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ ਸੀ, ਕਾਲਜ ਕੈਂਪਸ ਦੇ ਇਕ ਸੈਮੀਨਾਰ ਹਾਲ ’ਚ ਮ੍ਰਿਤਕ ਪਾਈ ਜਾਂਦੀ ਹੈ। ਪੋਸਟਮਾਰਟਮ ਤੋਂ ਬਾਅਦ ਪੁਸ਼ਟੀ ਕੀਤੀ ਗਈ ਕਿ ਉਸ ਨਾਲ ਬਲਾਤਕਾਰ ਤੇ ਬਾਅਦ ’ਚ ਬਹੁਤ ਹੀ ਬੇਰਹਿਮੀ ਨਾਲ ਉਸ ਦਾ ਕਤਲ ਕੀਤਾ ਗਿਆ। ਇਸ ਘਟਨਾ ਦੀ ਦੇਸ਼ ਹੀ ਨਹੀਂ ਪੂਰੀ ਦੁਨੀਆਂ ਨੇ ਨਿਖੇਧੀ ਕੀਤੀ ਹੈ।
ਦੇਸ਼ ਦੀ ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਅਜਿਹੀਆਂ ਹੀ ਦਿਲ ਕਬਾਉਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁਕੀਆਂ ਹਨ। ਇਕ ਇਹੋ ਜਿਹੇ ਨਿਰਭਿਆ ਕੇਸ ਨੂੰ ਅੱਜ 12 ਸਾਲ ਪੂਰੇ ਹੋ ਗਏ ਹਨ। ਪਰ ਦੇਸ਼ ਅਜੇ ਵੀ ਔਰਤਾਂ ਵਿਰੁਧ ਅਪਰਾਧਾਂ ਵਿਚ ਪਿੱਛੇ ਨਹੀਂ ਹੈ। ਸਾਲ 2020 ਦੇ ਮੁਕਾਬਲੇ ਸਾਲ 2021 ’ਚ ਔਰਤਾਂ ਵਿਰੁਧ ਅਪਰਾਧਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਵਰਤਾਰਾ ਲਗਾਤਾਰ ਘਟਣ ਦੀ ਬਜਾਏ ਵੱਧ ਰਿਹੈ। ਦਿੱਲੀ ’ਚ ਹੋਏ ਨਿਰਭਿਆ ਕਾਂਡ ਤੋਂ ਬਾਅਦ ਕਾਨੂੰਨ ’ਚ ਬਦਲਾਅ ਤੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਨਾਲ ਔਰਤਾਂ ’ਤੇ ਅਪਰਾਧ ਘੱਟ ਹੋਣ ਦੀ ਉਮੀਦ ਸੀ ਪਰ ਅੰਕੜੇ ਦਸਦੇ ਹਨ ਕਿ ਇਸ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪਿਆ। ਔਰਤਾਂ ਅੱਜ ਵੀ ਅਪਰਾਧ ਦਾ ਸ਼ਿਕਾਰ ਹੋ ਰਹੀਆਂ ਹਨ। ਜਾਣਕਾਰੀ ਮੁਤਾਬਕ 16 ਦਸੰਬਰ 2012 ਨੂੰ ਵਾਪਰੇ ਨਿਰਭਿਆ ਕਾਂਡ ਨੂੰ ਅੱਜ 12 ਸਾਲ ਪੂਰੇ ਹੋ ਗਏ ਹਨ।
ਇਸ ਘਟਨਾ ਵਿਚ ਇਸ ਕੁੜੀ ਨਾਲ ਚਲਦੀ ਬੱਸ ਵਿਚ ਬੜੀ ਹੀ ਬੇਰਹਿਮੀ ਨਾਲ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਮਾਰ ਦਿਤਾ ਗਿਆ ਸੀ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਸੀ। ਜਨਤਾ ਸੜਕਾਂ ’ਤੇ ਉਤਰ ਆਈ ਸੀ ਤੇ ਯੂਪੀਏ ਸਰਕਾਰ ਨੂੰ ਔਰਤਾਂ ਦੇ ਅਪਰਾਧਾਂ ਸਬੰਧੀ ਬਣਾਏ ਗਏ ਕਾਨੂੰਨ ’ਚ ਬਦਲਾਅ ਕਰਨਾ ਪਿਆ ਸੀ। ਪਰ ਇਸ ਕਾਨੂੰਨ ਦਾ ਕੋਈ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ। ਅੱਜ ਵੀ ਔਰਤਾਂ ਵਿਰੁਧ ਹੋਏ ਅਪਰਾਧਾਂ ’ਚ ਵਾਧਾ ਹੋ ਰਿਹੈ ਔਰਤਾਂ ਨਾ ਸਿਰਫ਼ ਘਰ ਤੋਂ ਬਾਹਰ ਸਗੋਂ ਘਰ ਅੰਦਰ ਵੀ ਅਸੁਰੱਖਿਅਤ ਹਨ। ਪੁਲਿਸ ਵਲੋਂ ਇਸ ਸਬੰਧੀ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਪਰ ਫਿਰ ਵੀ ਦੇਸ਼ ’ਚ ਔਰਤਾਂ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਹੈਦਰਾਬਾਦ ’ਚ 27 ਨਵੰਬਰ ਨੂੰ, ਇਕ ਲੜਕੀ ਜੋ ਵੈਟਰਨਰੀ ਡਾਕਟਰ ਸੀ, ਦਾ ਬੇਰਹਿਮੀ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ।
ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸਾੜ ਦਿਤਾ ਗਿਆ ਤੇ ਨਾਲੇ ’ਚ ਸੁੱਟ ਦਿਤਾ ਗਿਆ। ਦੇਸ਼ ਭਰ ਦੇ ਲੋਕਾਂ ਨੇ ਇਸ ਅਤਿ ਘਿਨੌਣੇ ਕਾਂਡ ਦੀ ਸਖ਼ਤ ਨਿੰਦਾ ਕੀਤੀ ਹੈ। ਦੇਸ਼ ਦੇ ਅਨੇਕਾਂ ਸ਼ਹਿਰਾਂ ’ਚ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਔਰਤਾਂ ਤੇ ਆਦਮੀਆਂ ਨੇ ਭਾਰੀ ਗਿਣਤੀ ’ਚ ਅੱਗੇ ਆ ਕੇ ਅਪਣਾ ਗੁੱਸਾ ਜ਼ਾਹਰ ਕੀਤਾ ਤੇ ਜਨਤਕ ਥਾਵਾਂ ’ਤੇ ਔਰਤਾਂ ਦੀ ਅਸੁਰੱਖਿਆ ਲਈ ਰਾਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪੂਰੇ ਕਾਂਡ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਸਾਬਤ ਕੀਤੇ ਗਏ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ। ਇਸ ਕੇਸ ਦੇ ਸਾਰੇ ਦੋਸ਼ੀਆਂ ਨੂੰ ਪੁਲਿਸ ਵਲੋਂ ਇਨਕਾਉਂਟਰ ਕਰ ਕੇ ਮਾਰ ਦਿਤਾ ਗਿਆ ਸੀ ਜਿਸ ਦੀ ਲੋਕਾਂ ਵਲੋਂ ਪ੍ਰਸ਼ੰਸਾ ਵੀ ਕੀਤੀ ਗਈ ਸੀ। ਇਹੋ ਕਹਾਣੀ ਪੰਜਾਬ ਦੇ ਮਹਿਲ ਕਲਾਂ ਦੀ ਕਿਰਨਜੀਤ ਕੌਰ ਦੀ ਸੀ ਜਿਸ ਨੂੰ ਪਿੰਡ ਦੇ ਵੱਡੇ ਜਗੀਰਦਾਰ ਵਲੋਂ ਬਲਾਤਕਾਰ ਕਰਨ ਤੋਂ ਬਾਅਦ ਮਾਰ ਦਿਤਾ ਗਿਆ ਸੀ। ਕਿਰਨ ਦਾ ਘਰ ਪਿੰਡ ਦੇ ਬਾਹਰ ਸੀ।
ਕਰੀਬ ਦੋ ਕਿਲੋਮੀਟਰ ਦਾ ਰਾਹ ਅਜਿਹਾ ਹੈ ਜਿੱਥੇ ਆਲੇ ਦੁਆਲੇ ਅਰਹਰ ਦੇ ਖੇਤ ਹਨ ਤੇ ਦੁਪਹਿਰ ਵੇਲੇ ਕੋਈ ਟਾਵਾਂ ਹੀ ਇਸ ਰਾਹ ’ਤੇ ਨਜ਼ਰ ਆਉਂਦਾ ਸੀ। ‘‘ਕਿਰਨ ਕਰੀਬ ਡੇਢ ਵਜੇ ਸਕੂਲ ਤੋਂ ਸਾਈਕਲ ’ਤੇ ਵਾਪਸ ਆਉਂਦੀ ਸੀ ਪਰ 29 ਜੁਲਾਈ, 1997 ਨੂੰ ਉਹ ਵਾਪਸ ਨਾ ਆਈ। ਪਿਤਾ ਮੁਤਾਬਕ ਨੇੜੇ ਕੰਮ ਕਰਦੇ ਕੱੁਝ ਮਜ਼ਦੂਰਾਂ ਨੇ ਉਸ ਨੂੰ ਉਥੋਂ ਲੰਘਦਿਆਂ ਦੇਖਿਆ ਸੀ ਪਰ ਉਹ ਇਸ 2 ਕਿਲੋਮੀਟਰ ਦੇ ਸੁੰਨੇ ਰਾਹ ’ਚ ਹੀ ਕਿਤੇ ਗਵਾਚ ਗਈ ਸੀ। ਕੁੱਝ ਦੇਰ ਬਾਅਦ ਕਿਰਨਜੀਤ ਦੇ ਦਾਦੇ ਨੂੰ ਅਰਹਰ ਦੇ ਖੇਤਾਂ ’ਚੋਂ ਉਸ ਦਾ ਸਾਈਕਲ, ਬਸਤਾ ਤੇ ਖਿਲਰੀਆਂ ਹੋਈਆਂ ਕਿਤਾਬਾਂ ਮਿਲੀਆਂ ਪਰ ਕਿਰਨ ਕਿਤੇ ਨਜ਼ਰ ਨਾ ਆਈ। ਲੋਕਾਂ ਦੇ ਰੋਹ ਤੇ ਸੰਘਰਸ਼ ਨੇ ਆਖ਼ਰ ਅਸਲ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਭੇਜ ਦਿਤਾ ਸੀ। ਅੰਕੜਿਆਂ ਮੁਤਾਬਕ 2017 ’ਚ ਭਾਰਤ ਵਿਚ ਬਲਾਤਕਾਰ ਦੇ 3.59 ਲੱਖ ਕੇਸ ਦਰਜ ਕੀਤੇ ਗਏ ਜਦਕਿ 2018 ’ਚ 3.78 ਲੱਖ ਕੇਸ ਦਰਜ ਹੋਏ। 2019 ’ਚ 32033 ਮਾਮਲੇ ਤੇ ਸਾਲ 2020 ’ਚ ਰੋਜ਼ਾਨਾ ਦੇ ਕਰੀਬ 87 ਕੇਸ ਦਰਜ ਕੀਤੇ ਗਏ। ਇਹ ਸਭ ਅੰਕੜੇ ਸਾਡੇ ਸਮਾਜ ਦੀ ਬੀਮਾਰ ਤੇ ਔਰਤ ਪ੍ਰਤੀ ਬੀਮਾਰ ਮਾਨਸਿਕਤਾ ਨੂੰ ਦਿਖਾਉਣ ਲਈ ਕਾਫ਼ੀ ਹਨ।
ਗੱਲ ਸਿਰਫ਼ ਬਲਾਤਕਾਰ ’ਤੇ ਹੀ ਖ਼ਤਮ ਨਹੀਂ ਹੁੰਦੀ ਸਗੋਂ ਜ਼ਿਆਦਾਤਰ ਕੇਸਾਂ ’ਚ ਕੁੜੀਆਂ ਨੂੰ ਬੜੀ ਹੀ ਬੇਰਹਿਮੀ ਮਾਰ ਦਿਤਾ ਜਾਂਦੈ। ਜਦੋਂ ਕਿਸੇ ਔਰਤ ਜਾਂ ਲੜਕੀ ਦਾ ਬਲਾਤਕਾਰ ਹੁੰਦਾ ਹੈ ਤਾਂ ਉਹ ਮਾਨਸਿਕ ਤੌਰ ’ਤੇ ਟੁੱਟ ਜਾਂਦੀ ਹੈ। ਉਸ ਤੋਂ ਬਾਅਦ ਜਦ ਉਹ ਨਿਆਂ ਲਈ ਕਾਨੂੰਨ ਦਾ ਦਰਵਾਜ਼ਾ ਖੜਕਾਉਂਦੀ ਹੈ ਤਾਂ ਉਹ ਇਕ ਵਾਰ ਨਹੀਂ ਵਾਰ ਵਾਰ ਮਾਨਸਿਕ ਤੌਰ ਤੇ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਉਸ ਤੋਂ ਜਾਂਚ ਦੇ ਨਾਂ ’ਤੇ ਪੁੱਠੇ-ਸਿੱਧੇ ਸਵਾਲ ਪੁੱਛੇ ਜਾਂਦੇ ਹਨ। ਬੇਸ਼ੱਕ ਮਨੋਵਿਗਿਆਨੀਆਂ ਨੇ ਵੀ ਜੇਲਾਂ ’ਚ ਜਾ ਕੇ ਬਲਾਤਕਾਰੀਆਂ ਨਾਲ ਗੱਲਬਾਤ ਕਰ ਕੇ ਇਸ ਦੇ ਅੰਦਰੂਨੀ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਦੇ ਬਹੁਤ ਸਾਰੇ ਕਾਰਨ ਵੀ ਦੱਸੇ ਹਨ। ਕਾਰਨ ਜੋ ਵੀ ਹੋਣ ਪਰ ਦੇਸ਼ ਦੇ ਲੋਕ ਇਹੋ ਜਿਹੇ ਅਪਰਾਧ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਹ ਲੋਕ ਹੀ ਸਨ ਜਿਨ੍ਹਾਂ ਨੇ ਸਰਕਾਰਾਂ ਨੂੰ ਬਲਾਤਕਾਰ ਕਨੂੰਨ ’ਚ ਬਦਲਾਅ ਕਰਨ ਲਈ ਮਜਬੂਰ ਕੀਤਾ। ਇਹੋ ਜਿਹੇ ਅਪਰਾਧਾਂ ਨੂੰ ਰੋਕਣ ਲਈ ਹੋਰ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ਅਤੇ ਸਮਾਜ ਨੂੰ ਅੱਗੇ ਆਉਣ ਦੀ ਵੀ ਤਾਕਿ ਫਿਰ ਤੋਂ ਕੋਈ ਨਿਰਭਿਆ, ਕਿਰਨਜੀਤ ਕੌਰ ਤੇ ਮੌਮਿਤਾ ਦੇਬਨਾਥ ਵਰਗੀਆਂ ਬੇਗੁਨਾਹ ਧੀਆਂ ਕਿਸੇ ਸਿਰਫਿਰੇ ਦੀ ਹਵਸ ਦਾ ਸ਼ਿਕਾਰ ਨਾ ਬਣਨ।