ਭਾਰਤੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕੁਵੈਤ ਦੇ ਸ਼ਹਿਜ਼ਾਦੇ ਨਾਲ ਕੀਤੀ ਮੁਲਾਕਾਤ

ਕੁਵੈਤ ਸ਼ਹਿਰ, 19 ਅਗਸਤ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕੁਵੈਤ ਦੇ ਸ਼ਹਿਜ਼ਾਦੇ ਸ਼ੇਖ ਸਬ੍ਹਾ ਅਲ-ਖਾਲਿਦ ਅਲ-ਸਬ੍ਹਾ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਨੂੰ ਨਵੀਆਂ ਸਿਖਰਾਂ ’ਤੇ ਲਿਜਾਣ ਦੇ ਆਪਣੇ ਦ੍ਰਿਸ਼ਟੀਕੋਣ ਬਾਰੇ ਚਰਚਾ ਕੀਤੀ। ਜੈਸ਼ੰਕਰ ਇਕ ਰੋਜ਼ਾ ਫੇਰੀ ਲਈ ਅੱਜ ਹੀ ਕੁਵੈਤ ਪੁੱਜੇ ਹਨ। ਜੈਸ਼ੰਕਰ ਦੇ ਕੁਵੈਤੀ ਹਮਰੁਤਬਾ ਅਬਦੁੱਲ੍ਹਾ ਅਲੀ ਅਲ-ਯਾਹੀਆ ਨੇ ਦੇਸ਼ ’ਚ ਪੁੱਜਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਜੈਸ਼ੰਕਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਕੁਵੈਤ ਦੇ ਸ਼ਹਿਜ਼ਾਦੇ ਸ਼ੇਖ਼ ਸਬ੍ਹਾ ਅਲ-ਖਾਲਿਦ ਅਲ-ਸਬ੍ਹਾ ਅਲ-ਹਾਮਿਦ ਅਲ-ਮੁਬਾਰਕ ਅਲ-ਸਬ੍ਹਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਭੇਜੀਆਂ ਸ਼ੁਭ-ਕਾਮਨਾਵਾਂ ਦਿੱਤੀਆਂ। ਭਾਰਤ ਤੇ ਕੁਵੈਤ ਵਿਚਾਲੇ ਸਦੀਆਂ ਪੁਰਾਣੀ ਦੋਸਤੀ ਤੇ ਸਦਭਾਵਨਾ ਦੀ ਸਾਂਝ ਹੈ। ਸਾਡੀ ਸਮਕਾਲੀ ਭਾਈਵਾਲੀ ਤੇਜ਼ੀ ਨਾਲ ਫੈਲ ਰਹੀ ਹੈ। ਸਾਡੇ ਰਿਸ਼ਤਿਆਂ ਨੂੰ ਨਵੀਂ ਸਿਖਰ ’ਤੇ ਲਿਜਾਣ ਲਈ ਉਨ੍ਹਾਂ ਦੀ ਅਗਵਾਈ ਤੇ ਸੂਝ-ਬੂਝ ਦਾ ਧੰਨਵਾਦ।

ਵਿਦੇਸ਼ ਮੰਤਰਾਲੇ ਨੇ ਕੁਵੈਤ ਫੇਰੀ ਤੋਂ ਪਹਿਲਾਂ ਜਾਰੀ ਬਿਆਨ ਵਿਚ ਕਿਹਾ ਕਿ ਜੈਸ਼ੰਕਰ ਦੀ ਫੇਰੀ ਦੌਰਾਨ ਦੋਵੇਂ ਧਿਰਾਂ ਸਿਆਸੀ, ਵਣਜ, ਨਿਵੇਸ਼, ਊਰਜਾ, ਸੁਰੱਖਿਆ, ਸਭਿਆਚਾਰ, ਕੌਂਸੁਲਰ ਤੇ ਲੋਕਾਂ ਦਾ ਇਕ ਦੂਜੇ ਨਾਲ ਰਾਬਤੇ ਸਣੇ ਭਾਰਤ-ਕੁਵੈਤ ਦੁਵੱਲੇ ਰਿਸ਼ਤਿਆਂ ਦੇ ਕਈ ਪਹਿਲੂਆਂ ’ਤੇ ਨਜ਼ਰਸਾਨੀ ਤੋਂ ਇਲਾਵਾ ਦੁਵੱਲੇ ਹਿੱਤਾਂ ਵਾਲੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ’ਤੇ ਵਿਚਾਰ ਚਰਚਾ ਕਰਨਗੀਆਂ। ਕਾਬਿਲੇਗੌਰ ਹੈ ਕਿ ਜੈਸ਼ੰਕਰ ਅਜਿਹੇ ਮੌਕੇ ਕੁਵੈਤ ਪੁੱਜੇ ਹਨ ਜਦੋਂ ਅਜੇ ਦੋ ਮਹੀਨੇ ਪਹਿਲਾਂ ਕੁਵੈਤ ਦੀ ਇਕ ਇਮਾਰਤ ਨੂੰ ਲੱਗੀ ਅੱਗ ਵਿਚ 45 ਭਾਰਤੀਆਂ ਦੀ ਜਾਨ ਜਾਂਦੀ ਰਹੀ ਸੀ। ਕੁਵੈਤ ਦੇ ਮੰਗਾਫ਼ ਵਿਚ ਜੂਨ ਮਹੀਨੇ ਸੱਤ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ ਵਿਚ 49 ਵਿਦੇਸ਼ੀਆਂ ਦੀ ਮੌਤ ਹੋ ਗਈ ਸੀ ਤੇ 50 ਹੋਰ ਜ਼ਖ਼ਮੀ ਹੋ ਗਏ ਸਨ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...