ਆ ਪੜ੍ਹੀਏ ਕਲਮਾ
ਪਾਕ ਮੁਹੱਬਤ ਦਾ
ਤੂੰ ਕਹਿੰਦਾ ਰਹੇਂ
ਮੈਂ ਸੁਣਦੀ ਰਹਾਂ
ਬਣ ਮੋਮ ਤੇਰੇ
ਮੋਹ ਦੇ ਨਿੱਘ ਅੰਦਰ
ਹੋ ਤੁਬਕਾ ਤੁਬਕਾ
ਪਿਘਲਦੀ ਰਹਾਂ!
ਅਹਿਸਾਸ ਦਾ ਇੱਕ
ਦਰਿਆ ਐਂ ਤੂੰ
ਤੇਰੇ ਕੰਢਿਆਂ ਤੇ ਮੈਂ
ਗਿੱਲੀ ਰੇਤ ਜਿਹੀ
ਉੱਠਦੀਆਂ ਲਹਿਦੀਂਆਂ
ਸੁਲਫ਼ੀ ਲਹਿਰਾਂ ਵਿੱਚ
ਹੋ ਕਿਣਕਾ ਕਿਣਕਾ
ਘੁਲਦੀ ਰਹਾਂ!
ਬਣ ਮੀਂਹ ਮੁਹੱਬਤ ਦਾ
ਵਰ੍ਹ ਜਾਏਂ ਤੂੰ
ਖਿੜਨ ਫੁੱਲ ਬੂਟੇ,
ਨਾ ਬੰਜਰ ਧਰਤ ਰਹਾਂ
ਤੇਰੇ ਬੋਲਾਂ ਦੇ
ਸਿਰਜੇ ਅੰਬਰ ਤੇ
ਮੈਂ ਨਿੱਤ ਉਡਾਰੀ
ਭਰਦੀ ਰਹਾਂ ।
ਸੂਰਜ ਐਂ ਤੂੰ,
ਰੋਜ਼ ਮੇਰੀ ਸੋਚ ਅੰਦਰ
ਚੜ੍ਹਦਾ ਐਂ ,ਉਤਰਦਾ ਐਂ
ਧੁੱਪ ਬਣ ਜਾਵਾਂ
ਰਲ ਜਾਵਾਂ
ਤੇਰੇ ਨੂਰ ਅੰਦਰ ,
ਤੇਰੀ ਰੂਹ ਦਾ ਹਿੱਸਾ ਹੋ ਜਾਵਾਂ
ਮੈਂ ਨਾ ਫੇਰ ਮੈਂ ਰਹਾਂ !
ਆਪਣੇ ਆਪ ਵਿੱਚੋਂ
ਮੈਂ ਮਨਫ਼ੀ ਹੋ ਜਾਵਾਂ
ਤੂੰ ਐਦਾਂ ਹੱਡੀਂ
ਰਚ ਜਾਵੇਂ
ਇਹ ਇਸ਼ਕ
ਇਬਾਦਤ ਹੋ ਜਾਵੇ
ਤੇਰੇ ਪਿਆਰ ਦੀ ਮਾਲਾ
ਜਪਦੀ ਰਹਾਂ
ਇਸ ਰਿਸ਼ਤੇ ਨੂੰ
ਕੀ ਨਾਮ ਦਿਆਂ
ਇਕਰਾਰ ਕਰਾਂ
ਜਾਂ ਇਨਕਾਰ ਕਰਾਂ
ਅੱਖਾਂ ਨੇ
ਦੱਸ ਹੀ ਦੇਣਾ ਐਂ
ਭਾਵੇਂ ਬੋਲਾਂ ਜਾਂ
ਖ਼ਾਮੋਸ਼ ਰਹਾਂ।
—
— ਬੌਬੀ ਗੁਰ ਪਰਵੀਨ