ਅਸੀਂ ਅਕਸਰ ਦੇਸ਼ ’ਚ ਬਦਲਾਅ ਤੇ ਵਿਕਾਸ ਦੀ ਮੰਗ ਕਰਦੇ ਹਾਂ ਪਰ ਵਿਕਾਸ ਤਾਂ ਹੀ ਸੰਭਵ ਹੈ ਜੇ ਵਿੱਦਿਅਕ ਢਾਂਚੇ ’ਚ ਬਦਲਾਅ ਲਿਆਂਦਾ ਜਾਵੇਗਾ। ਬੇਸ਼ੱਕ ਭਾਰਤ ਨੇ ਹੁਣ ਕਾਫ਼ੀ ਤਰੱਕੀ ਕਰ ਲਈ ਹੈ ਅਤੇ ਚੰਦ ’ਤੇ ਵੀ ਆਪਣੇ ਕਦਮ ਜਮਾ ਲਏ ਹਨ ਪਰ ਤ੍ਰਾਸਦੀ ਦੀ ਗੱਲ ਇਹ ਹੈ ਕਿ ਤਕਨਾਲੋਜੀ ਦੇ ਯੁੱਗ ਦੌਰਾਨ ਵੀ ਭਾਰਤੀ ਵਿਦਿਆਰਥੀ ਕੇਵਲ ਪੰਨੇ ਕਾਲ਼ੇ ਕਰਨ ਤੇ ਤੋਤੇ ਵਾਂਗ ਰਟਣ ਲੱਗੇ ਹੋਏ ਹਨ। ਉਹ ਲੋੜ ਨਾਲੋਂ ਵਧੇਰੇ ਭਾਰੀ ਬਸਤਿਆਂ ਦਾ ਵਜ਼ਨ ਚੁੱਕ ਰਹੇ ਹਨ ਅਤੇ ਨਕਲ ਦਾ ਸਹਾਰਾ ਲੈ ਕੇ ਵਧੇਰੇ ਅੰਕ ਹਾਸਲ ਕਰਨ ਤੱਕ ਸੀਮਤ ਹਨ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟਆਂ ਦਾ ਬੇਲੋੜਾ ਸਿਲੇਬਸ ਬੱਚੇ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਵਿੱਦਿਅਕ ਅਦਾਰਿਆਂ ਵੱਲੋਂ ਵਿਦਿਆਰਥੀ ਦੇ ਦਿਲੋ-ਦਿਮਾਗ ’ਚ ਵਧੇਰੇ ਅੰਕ ਹਾਸਲ ਕਰਨ ਅਤੇ ਪਹਿਲੇ ਦਰਜੇ ’ਤੇ ਆਉਣ ਦੀ ਗੱਲ ਬਿਠਾ ਦਿੱਤੀ ਜਾਂਦੀ ਹੈ। ਇਸ ਕਾਰਨ ਵਧੇਰੇ ਅੰਕ ਹਾਸਲ ਕਰਨ ਦੀ ਦੌੜ ‘ਚ ਬੱਚਾ ਸਕੂਲ ਤੋਂ ਪਰਤ ਕੇ ਘਰ ਆ ਕੇ ਵੀ ਕੇਵਲ ਕਿਤਾਬਾਂ ਖੋਲ੍ਹ ਕੇ ਬੈਠਾ ਰਹਿੰਦਾ ਹੈ ਅਤੇ ਸਮਾਜ ਨਾਲੋਂ ਟੁੱਟ ਕੇ ਕਿਤਾਬੀ ਕੀੜਾ ਬਣ ਜਾਂਦਾ ਹੈ।
ਵਿੱਦਿਅਕ ਅਦਾਰਿਆਂ ਅਤੇ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚੇ ਨੂੰ ਸਮਝਾਇਆ ਜਾਵੇ ਕਿ ਪੜ੍ਹਾਈ ਦਾ ਮਤਲਬ ਕੇਵਲ ਪੰਨੇ ਕਾਲੇ ਕਰਨਾ ਅਤੇ ਵਧੇਰੇ ਅੰਕ ਹਾਸਲ ਕਰ ਕੇ ਮੈਰਿਟ ਸੂਚੀ ’ਚ ਆਉਣਾ ਨਹੀਂ ਹੈ ਬਲਕਿ ਅਸਲ ਪੜ੍ਹਾਈ ਉਹ ਹੈ ਜੋ ਤੁਹਾਨੂੰ ਦੁਨੀਆਦਾਰੀ ਤੋਂ ਵਾਕਫ਼ ਕਰਵਾ ਕੇ ਸਮਾਜ ਵਿਚ ਵਿਚਰਨਾ ਸਿਖਾਵੇ। ਅਜੋਕੇ ਅਧਿਆਪਕ ਵਿਦਿਆਰਥੀਆਂ ਨੂੰ ਕਿਤਾਬੀ ਪਾਠ ਤਾਂ ਪੜ੍ਹਾ ਦਿੰਦੇ ਹਨ ਪਰ ਸਮਾਜ ਵਿਚ ਵਿਚਰਨ ਦਾ ਪਾਠ ਸਿਖਾਉਣਾ ਭੁੱਲ ਜਾਂਦੇ ਹਨ। ਇਸ ਕਾਰਨ ਬੇਸ਼ੱਕ ਵਿਦਿਆਰਥੀ ਉੱਚ ਡਿਗਰੀਆਂ ਤਾਂ ਹਾਸਲ ਕਰ ਲੈਂਦੇ ਹਨ ਪਰ ਭਵਿੱਖ ’ਚ ਆਤਮ-ਵਿਸ਼ਵਾਸਸ ਦੀ ਘਾਟ ਕਾਰਨ ਹੋਰਾਂ ਨਾਲ ਗੱਲਬਾਤ ਕਰਨ ਤੋਂ ਝਿਜਕਦੇ ਹਨ ਤੇ ਸਮਾਜ ’ਚ ਸਹੀ ਤਰੀਕੇ ਨਾਲ ਵਿਚਰਨ ਤੋਂ ਅਸਮਰੱਥ ਰਹਿੰਦੇ ਹਨ।ਅਜਿਹੇ ਵਿੱਦਿਅਕ ਢਾਂਚੇ ਦੀ ਲੋੜ ਹੈ ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ’ਤੇ ਜ਼ੋਰ ਦੇਵੇ। ਕਿਤਾਬੀ ਪੜ੍ਹਾਈ ਤੋਂ ਇਲਾਵਾ ਖੇਡਾਂ, ਆਰਟ ਐਂਡ ਕ੍ਰਾਫਟ, ਗੀਤ-ਸੰਗੀਤ, ਨਾਚ, ਆਪਸੀ ਵਿਚਾਰ-ਵਟਾਂਦਰਾ, ਭਖਦੇ ਮੁੱਦਿਆਂ ’ਤੇ ਬਹਿਸ ਵਿਚ ਵੀ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇ ਤੇ ਇਨ੍ਹਾਂ ਵਿਸ਼ਿਆਂ ਦੇ ਅੰਕ ਵੀ ਸਾਲਾਨਾ ਇਮਤਿਹਾਨ ਦੇ ਨਤੀਜੇ ਵਿਚ ਜੋੜੇ ਜਾਣ ਤਾਂ ਜੋ ਵਿਦਿਆਰਥੀ ਇਨ੍ਹਾਂ ਸਰਗਰਮੀਆਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਉਨ੍ਹਾਂ ਨੂੰ ਆਪਣਾ ਲੁਕਿਆ ਹੋਇਆ ਹੁਨਰ ਦਿਖਾਉਣ ਦਾ ਮੌਕਾ ਮਿਲ ਸਕੇ।
ਇਸ ਤੋਂ ਇਲਾਵਾ ਵੇਦਾਂ-ਗ੍ਰੰਥਾਂ ਅਤੇ ਗੁਰਬਾਣੀ ਦਾ ਗਿਆਨ ਵੀ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਬਚਪਨ ਤੋਂ ਹੀ ਬੱਚਾ ਧਰਮ ਨੂੰ ਸਮਝਣ ਵਿਚ ਸਮਰੱਥ ਹੋ ਸਕੇ ਅਤੇ ਧਰਮ ਨਾਲ ਜੁੜ ਸਕੇ। ਵਿੱਦਿਅਕ ਅਦਾਰਿਆਂ ਨੂੰ ਵਿਦਿਆਰਥੀ ਦੇ ਲੁਕੇ ਹੋਏ ਹੁਨਰ ਨੂੰ ਅੱਗੇ ਲਿਆਉਣ ਦਾ ਮੰਦਰ ਸਮਝਿਆ ਜਾਂਦਾ ਹੈ। ਇਸ ਲਈ ਅਜਿਹੀ ਵਿੱਦਿਆ ਨੀਤੀ ਤਿਆਰ ਕੀਤੀ ਜਾਵੇ ਜਿਸ ਵਿਚ ਬੱਚੇ ਨੂੰ ਪ੍ਰਾਇਮਰੀ ਜਮਾਤ ਪਾਸ ਕਰਨ ਉਪਰੰਤ ਹੀ ਉਸ ਦੀ ਰੁਚੀ ਅਤੇ ਉਸ ਦੀ ਜ਼ਿੰਦਗੀ ਦਾ ਟੀਚਾ ਪੁੱਛ ਲਿਆ ਜਾਵੇ ਅਤੇ ਉਸ ਨੂੰ ਉਸ ਦੀ ਰੁਚੀ ਅਤੇ ਟੀਚੇ ਮੁਤਾਬਕ ਹੀ ਵਿੱਦਿਆ ਮੁਹੱਈਆ ਕਰਵਾਈ ਜਾਵੇ। ਤ੍ਰਾਸਦੀ ਦੀ ਗੱਲ ਇਹ ਹੈ ਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਵੱਡੇ-ਵੱਡੇ ਨਾਮਵਰ ਵਿੱਦਿਅਕ ਅਦਾਰਿਆਂ ਤੋਂ ਬਾਹਰ ਨਿਕਲ ਕੇ ਵੀ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਪਤਾ ਨਹੀਂ ਲੱਗਦਾ ਜਿਸ ਕਾਰਨ ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਦ ਜ਼ਿੰਦਗੀ ’ਚ ਕੁਝ ਹੱਥ-ਪੱਲ੍ਹੇ ਨਹੀਂ ਲੱਗਦਾ ਤਾਂ ਫਿਰ ਹਾਰ ਕੇ ਵਿਦੇਸ਼ ਜਾਣ ਦਾ ਰਸਤਾ ਚੁਣਦੇ ਹਨ।
ਸੋ, ਬਦਲਦੇ ਸਮੇਂ ਦੀ ਰਫ਼ਤਾਰ ਨੂੰ ਦੇਖਦਿਆਂ ਵਿੱਦਿਅਕ ਪ੍ਰਣਾਲੀ ’ਚ ਬਦਲਾਅ ਲਿਆ ਕੇ ਪ੍ਰੈਕਟੀਕਲ ਵਿਧੀ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਵਿੱਦਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਬੇਲੋੜੇ ਸਿਲੇਬਸ ਦੇ ਬੋਝ ਕਾਰਨ ਵਿਦਿਆਰਥੀ ਪੜ੍ਹਾਈ ਤੋਂ ਦੂਰ ਨਾ ਨੱਸਣ। ਦੂਜੇ ਪਾਸੇ ਬੱਚੇ ਨੂੰ ਆਪਣੀ ਮਾਤ-ਭਾਸ਼ਾ ’ਚ ਨਿਪੁੰਨ ਬਣਾਉਣ ਲਈ ਉਸ ਨੂੰ ਪ੍ਰਾਇਮਰੀ ਪੱਧਰ ਤੱਕ ਉਸ ਦੀ ਮਾਤ-ਭਾਸ਼ਾ ’ਚ ਹੀ ਵਿੱਦਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ ਤੇ ਪ੍ਰਾਇਮਰੀ ਪੱਧਰ ਤੋਂ ਉਪਰੰਤ ਅੰਗਰੇਜ਼ੀ ਸਿਖਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਬੱਚਾ ਆਪਣੀ ਮਾਂ-ਬੋਲੀ ’ਚ ਪੜ੍ਹ-ਲਿਖ ਕੇ ਤੇਜ਼ੀ ਨਾਲ ਗਿਆਨ ਹਾਸਲ ਕਰ ਸਕਦਾ ਹੈ। ਵਿਦੇਸ਼ੀ ਭਾਸ਼ਾ ਸਿੱਖਣ ਦੀ ਆੜ ਹੇਠ ਬੱਚਾ ਆਪਣੀ ਖ਼ੁਦ ਦੀ ਬੋਲੀ ਸਿੱਖਣ ’ਚ ਵੀ ਅਸਮਰੱਥ ਰਹਿੰਦਾ ਹੈ ਜਿਸ ਕਾਰਨ ਉਹ ਆਪਣੀ ਮਾਤ-ਭਾਸ਼ਾ ’ਚ ਮੁਹਾਰਤ ਹਾਸਲ ਨਹੀਂ ਕਰ ਪਾਉਂਦਾ। ਸਰਕਾਰ ਨੂੰ ਅਪੀਲ ਹੈ ਕਿ ਭਾਰਤੀ ਵਿੱਦਿਅਕ ਪ੍ਰਣਾਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਲੋੜੀਂਦੇ ਬਦਲਾਅ ਕੀਤੇ ਜਾਣ। ਜੇ ਵਿੱਦਿਅਕ ਪ੍ਰਣਾਲੀ ’ਚ ਬਦਲਾਅ ਲਿਆਂਦਾ ਜਾਵੇਗਾ ਤਾਂ ਹੀ ਦੇਸ਼ ਦੇ ਬਾਕੀ ਖੇਤਰਾਂ ’ਚ ਬਦਲਾਅ ਤੇ ਵਿਕਾਸ ਦੀ ਕਿਰਨ ਦਿਖਾਈ ਦੇਵੇਗੀ।