ਅਦਬ ਤੋਂ ਅਦਬੀ ਮੇਲ਼ੇ ਤੱਕ ਦਾ ਸਫ਼ਰ/ਬੁੱਧ ਸਿੰਘ ਨੀਲੋਂ

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਹੁਣ ਉਹ ਵਪਾਰੀ ਲੇਖਕ ਸ਼ਾਮਿਲ ਹੋ ਗਏ ਹਨ, ਜਿਹਨਾਂ ਦਾ ਅਦਬ ਦੇ ਨਾਲ ਦੂਰ ਨੇੜੇ ਦਾ ਵੀ ਰਿਸ਼ਤਾ ਨਹੀਂ ਹੈ। ਅਦਬ ਸਾਨੂੰ ਜ਼ਿੰਦਗੀ ਜਿਉਣ ਦੀ ਤਹਿਜ਼ੀਬ ਸਿਖਾਉਂਦਾ ਹੈ ਜਦ ਕਿ ਮੇਲਾ ਸਾਨੂੰ ਅਸੱਭਿਅਕ ਬਣਾਉਂਦਾ ਹੈ। ਮੇਲੇ ਵਿੱਚ ਅਸੀਂ ਬੇਅਦਬ ਹੁੰਦੇ ਹਾਂ। ਖਰਮਸਤੀਆਂ ਕਰਦੇ ਹਾਂ। ਦਿਮਾਗ਼ ਤੋਂ ਪੈਦਲ ਯਾਤਰਾ ਕਰਦੇ ਧੱਕੇ ਧੋੜੇ ਖਾ ਕੇ ਘਰਾਂ ਨੂੰ ਮੁੜਦੇ ਹਾਂ। ਪੰਜਾਬੀ ਭਾਸ਼ਾ, ਪਂਜਾਬੀ ਮਾਂ ਬੋਲੀ ਦੇ ਨਾਮ ਹੇਠ ਜਿਹੜਾ ਕੁਝ ਹੋਣ ਲੱਗਿਆ ਹੈ , ਕਿਸ ਨੂੰ ਨੁਕਸਾਨ ਹੋਵੇਗਾ ਤੇ ਲਾਭ ਕਿਸ ਨੂੰ, ਇਸਦਾ ਕਦੇ ਕਿਸੇ ਨੇ ਸਰਵੇਖਣ ਨਹੀਂ ਕੀਤਾ। ਆ ਹੇਠਾਂ ਇਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਪ੍ਰੋਫੈਸਰ ਮਦਨ ਭਾਰਦਵਾਜ ਜੀ ਹਿੰਦੂ ਸਨਾਤਨ ਧਰਮ ਦੇ ਪੱਕੇ ਸ਼ਰਧਾਲੂ ਹਨ। ਉਹਨਾਂ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਢਿੱਡੋਂ ਪਿਆਰ ਹੈ। ਉਹਨਾਂ ਨੇਇਸ ਅਦਬੀ ਮੇਲ਼ੇ ਸੰਬੰਧੀ ਫਿਕਰ ਜ਼ਾਹਰ ਕੀਤਾ ਹੈ। ਤੁਹਾਡੇ ਨਾਲ ਸਾਂਝਾ ਕਰਦਾ ਹਾਂ।
ਬੁੱਧ ਸਿੰਘ ਨੀਲੋਂ
———–
ਅਦਬੀ ਮੇਲੇ ਨੂੰ ਮੇਰਾ ਯੋਗਦਾਨ ̶ ਗ਼ਜ਼ਲ ਲਿਖਣ ਦਾ “ਬਸ ਡ੍ਰਾਈਵਰੀ” ਢੰਗ

ਕੱਲ੍ਹ ਰਾਤ ਮੈਂ ਬਹੁਤ ਦੁਖੀ ਸਾਂ। ਸਾਊਥਾਲ ਦੇ ਅਦਬੀ ਮੇਲੇ ਵਿਚ ਦੁਨੀਆਂ ਭਰ ਵਿਚੋਂ ਪੰਜਾਬੀ ਬੋਲੀ ਦੇ ਮਹਾਨ ਸਿਰਕੱਢ (ਅਤੇ ਕੁਝ “ਸਿਰਵੱਢ” ਵੀ) ਧੁਰੰਧਰ ਪਹੁੰਚ ਰਹੇ ਹਨ, ਜਿਹਨਾਂ ਦੀ ਪੰਜਾਬੀ ਸਾਹਿਤ ਨੂੰ ਮਹਾਨ ਦੇਣ ਹੈ। ਉਹਨਾਂ ਦੇ ਦਰਸ਼ਨ ਦੀਦਾਰੇ ਖ਼ੁਸ਼ਕਿਸਮਤ ਲੋਕਾਂ ਨੂੰ ਹੀ ਨਸੀਬ ਹੁੰਦੇ ਹਨ। ਪਰ ਸਿਹਤ-ਸੰਬੰਧੀ ਕਾਰਣਾਂ ਕਰਕੇ ਮੈਂ ਬਦਕਿਸਮਤ ਬੰਦਾ ਉੱਥੇ ਨਹੀਂ ਪਹੁੰਚ ਸਕਦਾ। ਮੇਰੇ ਲਈ ਪੰਜਾਬੀ ਵਿਚ “ਸਫ਼ਰ” ਕਰਨਾ ਅੰਗਰੇਜ਼ੀ ਵਿਚ SUFFER ਕਰਨ ਬਰਾਬਰ ਹੈ। ਮੈਂ ਇਹ ਸੋਚਦਾ ਸੋਚਦਾ ਸੌਂ ਗਿਆ ਕਿ ਮੈਂ ਕੀ ਕਰਾਂ? ਇਸ ਅਦਬੀ ਮੇਲੇ ਵਿਚ ਮੈਂ ਕੀ ਯੋਗਦਾਨ ਦਿਆਂ? ਇਸੇ ਚਿੰਤਾ ਵਿਚ ਮੈਨੂੰ ਨੀਂਦ ਆ ਗਈ। ਮੇਰੇ ਸੁਪਨੇ ਵਿਚ ਮੈਨੂੰ ਗੋਲ਼ ਦਸਤਾਰ ਅਤੇ ਬੀਬੀ ਜਿਹੀ ਖੁੱਲ੍ਹੀ ਦਾਹੜੀ ਵਾਲ਼ਾ ਬਹੁਤ ਹੀ ਮਿੱਠਬੋਲੜਾ ਸੱਜਣ ਦਿਸਿਆ ਅਤੇ ਕਹਿਣ ਲੱਗਾ, “ਕਾਕਾ, ਮੈਂ ਤੇਰੀ ਕੁਝ ਮਦਦ ਕਰ ਸਕਦਾ ਹਾਂ। ਮੈਂ ਤੈਨੂੰ ਸ਼ਾਗਿਰਦ ਬਣਾ ਕੇ ਗੁਰੂ ਮੰਤਰ ਦਿਆਂਗਾ, ਜੋ ਅਗਾਂਹ ਲੋਕਾਂ ਤਕ ਪਹੁੰਚਾ ਦੇਵੀਂ। ਮੇਰਾ ਨਾਂ ਮੱਘਰ ਸਿੰਘ ਐ। ਮੈਂ ਅੰਬਰਸਰ ਵਿਚ ਬਸ ਡ੍ਰਾਈਵਰ ਦਾ ਕੰਮ ਕਰਦਾ ਸੀ। ਸੰਨ 1970 ਵਿਚ ਮੈਂ ਸੰਸਾਰ ਤੋਂ ਵਿਦਾ ਲਈ। ਕਵਿਤਾ, ਅਤੇ ਖ਼ਾਸ ਤੌਰ ਤੇ ਗ਼ਜ਼ਲ, ਲਿਖਣ ਦਾ ਮੈਨੂੰ ਬਹੁਤ ਸ਼ੌਕ ਹੁੰਦਾ ਸੀ। ਸੰਨ 1950 ਵਿਚ ਮੈਂ ਧਨੀ ਰਾਮ ਚਾਤ੍ਰਿਕ ਜੀ ਦੀ ਸੇਵਾ ਵਿਚ ਹਾਜ਼ਿਰ ਹੋ ਕੇ ਬੇਨਤੀ ਕੀਤੀ ਕਿ ਉਹ ਮੈਨੂੰ ਆਪਣਾ ਸ਼ਾਗਿਰਦ ਬਣਾ ਲੈਣ। ਉਹਨਾਂ ਨੇ ਮੈਨੂੰ ਕਿਹਾ “ਆਪਣੀਆਂ ਕੁਝ ਕਵਿਤਾਵਾਂ ਮੈਨੂੰ ਸੁਣਾ।” ਮੇਰੀਆਂ ਕਵਿਤਾਵਾਂ ਸੁਣ ਕੇ ਉਹ ਬੋਲੇ, “ਏਥੋਂ ਦਫ਼ਾ ਹੋ ਜਾ। ਜੇ ਮੈਨੂੰ ਮੁੜ ਕਦੇ ਆਪਣੀ ਸ਼ਕਲ ਵਿਖਾਈ ਤਾਂ ਸੌ ਜੁੱਤੀਆਂ ਮਾਰਾਂਗਾ।” ਮੈਂ ਉਹਨਾਂ ਦੀ ਝਿੜਕ ਨੂੰ ਵੀ ਅਸ਼ੀਰਵਾਦ ਸਮਝਿਆ। ਉੱਪਰ ਪਹੁੰਚਣ ਮਗਰੋਂ ਮੈਂ ਚਾਤ੍ਰਿਕ ਜੀ ਤੋਂ ਮੁਆਫ਼ੀ ਮੰਗੀ, ਅਤੇ ਉਹਨਾਂ ਨੇ ਮੈਨੂੰ ਮੁਆਫ਼ ਕਰ ਵੀ ਦਿੱਤਾ। ਉਹ ਬੜੇ ਹੀ ਨੇਕਦਿਲ ਅਤੇ ਸੱਜਣ ਇਨਸਾਨ ਹਨ। ਹੁਣ ਉਹਨਾਂ ਦੀ ਮੇਰੇ ਨਾਲ਼ ਕੋਈ ਨਾਰਾਜ਼ਗੀ ਨਹੀਂ।

ਮੈਂ ਤੈਨੂੰ ਗ਼ਜ਼ਲ ਲਿਖਣ ਦਾ “ਬਸ ਡ੍ਰਾਈਵਰੀ” ਢੰਗ ਦੱਸਾਂਗਾ।

(1) ਗ਼ਜ਼ਲ ਲਿਖਣ ਲਈ ਸਭ ਤੋਂ ਪਹਿਲਾਂ “ਰਦੀਫ਼” ਚੁਣੋ ̶ ਉਹ ਸ਼ਬਦ ਜੋ ਹਰ ਸਤਰ ਦੇ ਮਗਰ ਆਉਂਦਾ ਹੈ, ਜਾਂ ਆਉਂਦੇ ਨੇ, ਜਿਵੇਂ ਮੇਰੀ ਅੱਗੇ ਦੱਸੀ ਗ਼ਜ਼ਲ ਵਿਚ “ਰਹੇ” ਸ਼ਬਦ।

(2) ਫਿਰ ਤੁਕਬੰਦ “ਕਾਫ਼ੀਏ” ਚੁਣੋ, ਜਿਵੇਂ
ਖੁਰਦੇ, ਗੁਰਦੇ, ਝੁਰਦੇ, ਤੁਰਦੇ, ਫੁਰਦੇ, ਭੁਰਦੇ ̶̶ ਵਗ਼ੈਰਾ ਵਗ਼ੈਰਾ
ਸੱਸੇ ਤੋਂ ਸ਼ੁਰੂ ਕਰਕੇ ਪੈਂਤੀ ਦੇ ਅਖ਼ੀਰ ਤਕ ਕਾਫ਼ੀਏ ਚੁਣਦੇ ਜਾਓ, ਜ਼ਰੂਰੀ ਨਹੀਂ ਕਿ ਇਹ ਸਭ ਕਾਫ਼ੀਏ ਵਰਤਣਯੋਗ ਵੀ ਹੋਣ।

ਕਿਸੇ ਅੜੇ ਅਰੂਜ਼ ਦਾ ਫ਼ਿਕਰ ਕਰਨ ਦੀ ਲੋੜ ਨਹੀਂ। ਗ਼ਜ਼ਲ ਦੀ ਹਰ ਲਾਈਨ ਕਈ ਕਈ ਵਾਰ ਬੋਲੋ। ਜਿੱਥੇ ਵੀ ਅਟਕਾਅ ਮਹਿਸੂਸ ਹੋਵੇ, ਉਹਨੂੰ ਸ਼ਬਦਾਂ ਦੀ ਅਦਲਾ ਬਦਲੀ ਨਾਲ਼ ਠੀਕ ਕਰ ਲਓ। ਸਭ ਤੋਂ ਪਹਿਲਾਂ ਹਰ ਕਾਫ਼ੀਏ ਬਾਰੇ ਚੰਗੀ ਤਰ੍ਹਾਂ ਵਿਚਾਰ ਕਰੋ। ਉਹਦੇ ਨਾਲ਼ ਦਿਮਾਗ਼ ਵਿਚ ਕੋਈ ਤਸਵੀਰ ਆਏਗੀ। ਉਹਨੂੰ ਮਾਂਜ ਸੁਆਰ ਕੇ ਗ਼ਜ਼ਲ ਵਿਚ ਜੜ ਦਿਓ। ਗ਼ਜ਼ਲ ਦੇ ਆਖ਼ਰੀ ਸ਼ਿਅਰ ਵਿਚ ਕਿਸੇ ਨਾ ਕਿਸੇ ਢੰਗ ਨਾਲ਼ ਆਪਣਾ ਨਾਂ ਜ਼ਰੂਰ ਘਸੋੜੋ, ਭਾਵੇਂ ਇਹਦੇ ਨਾਲ਼ ਪੂਰੀ ਗ਼ਜ਼ਲ ਦਾ ਹੀ ਸੱਤਿਆਸ ਕਿਉਂ ਨਾ ਹੋ ਜਾਏ। ਜਿਹੜੇ ਕਾਫ਼ੀਏ ਮੈਂ ਹੁਣੇ ਦੱਸੇ ਹਨ, ਉਹਨਾਂ ਨਾਲ਼ ਇਹ ਗ਼ਜ਼ਲ ਬਣਦੀ ਹੈ, ਜਿਹਦੇ ਸ਼ੇਅਰਾਂ ਦਾ ਆਪਸ ਵਿਚ ਸੰਬੰਧ ਹੋਣਾ ਜ਼ਰੂਰੀ ਨਹੀਂ ̶

ਮੈਂ ਤੇ ਮੇਰੀ ਪ੍ਰੇਮਿਕਾ ਤੁਰਦੇ ਰਹੇ।
ਇਸ਼ਕ ਵਿਚ ਪਰ ਦੋਵੇਂ ਹੀ ਮੁਰਦੇ ਰਹੇ।
ਇਸ਼ਕ ਨੇ ਹੈ ਛਕਿਆ ਮੈਨੂੰ ਇਸ ਤਰ੍ਹਾਂ,
ਨਾ ਜਿਗਰ ਮੇਰਾ ਤੇ ਨਾ ਗੁਰਦੇ ਰਹੇ।
ਤੇਰੇ ਮੇਰੇ ਪਿਆਰ ਦੇ ਸਭ ਫ਼ਲਸਫੇ,
ਬਿਸਕੁਟਾਂ ਦੇ ਵਾਂਗਰਾਂ ਭੁਰਦੇ ਰਹੇ।
ਮਹੀਂਵਾਲ ਬਣ ਜਾਣ ਦੇ ਸੁਪਨੇ ਮਿਰੇ,
ਵਾਂਗ ਕੱਚੇ ਘੜੇ ਦੇ ਖੁਰਦੇ ਰਹੇ।
ਮਾੜੇ ਕੁੱਤੇ ਵਾਂਗਰ ਹਰ ਥਾਂ ਹਾਰ ਕੇ,
“ਹਊ ਹਊ” ਕਹਿ ਕੇ ਸਦਾ ਝੁਰਦੇ ਰਹੇ।
ਰੱਬ ਦੀ ਕਿਰਪਾ ਨਾਲ ਨਿਮਾਣੇ “ਮੱਘਰ” ਨੂੰ,
ਨਿੱਤ ਨਵੇਂ ਫੁਰਨੇ ਸਦਾ ਫੁਰਦੇ ਰਹੇ।

ਸਾਂਝਾ ਕਰੋ

ਪੜ੍ਹੋ