ਫੀਫਾ ਪੁਰਸ਼ ਦਰਜਾਬੰਦੀ ਵਿੱਚ ਭਾਰਤ 124ਵੇਂ ਸਥਾਨ ‘ਤੇ

ਨਵੀਂ ਦਿੱਲੀ, 19 ਜੁਲਾਈ ਭਾਰਤੀ ਫੁਟਬਾਲ ਟੀਮ ਅੱਜ ਜਾਰੀ ਕੀਤੀ ਗਈ ਫੀਫਾ ਪੁਰਸ਼ ਦਰਜਾਬੰਦੀ ਵਿੱਚ 124ਵੇਂ ਸਥਾਨ ’ਤੇ ਬਰਕਰਾਰ ਹੈ, ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਅਤੇ ਕੋਪਾ ਅਮਰੀਕਾ ਜੇਤੂ ਅਰਜਨਟੀਨਾ ਨੇ ਆਪਣਾ ਸਿਖਰਲਾ ਸਥਾਨ ਮਜ਼ਬੂਤ ਕੀਤਾ ਹੈ। ਜੂਨ ਵਿੱਚ ਜਾਰੀ ਫੀਫਾ ਦਰਜਾਬੰਦੀ ਵਿੱਚ ਭਾਰਤੀ ਪੁਰਸ਼ ਕੌਮੀ ਫੁਟਬਾਲ ਟੀਮ ਸੂਚੀ ਵਿੱਚ ਤਿੰਨ ਸਥਾਨ ਥੱਲੇ ਖਿਸਕ ਗਈ ਸੀ। ਅਜਿਹਾ ਉਸ ਦੇ ਕਤਰ ਅਤੇ ਅਫ਼ਗਾਨਿਸਤਾਨ ਤੋਂ 2026 ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ਲਈ ਕੁਆਲੀਫਾਈ ਕਰਨ ਵਿੱਚ ਅਸਫ਼ਲ ਰਹਿਣ ਕਾਰਨ ਹੋਇਆ ਸੀ। ਪਿਛਲੇ ਸਾਲ ਦਸੰਬਰ ਤੋਂ ਭਾਰਤ ਦਾ ਦਰਜਾਬੰਦੀ ਵਿੱਚ ਖਿਸਕਣਾ ਜਾਰੀ ਹੈ। ਭਾਰਤੀ ਟੀਮ ਪਿਛਲੇ ਸਾਲ ਸਿਖਰਲੇ 100 ਵਿੱਚ ਪਹੁੰਚੀ ਸੀ, ਜਿਸ ਦੌਰਾਨ ਉਸ ਦੀ ਸਰਵੋਤਮ ਦਰਜਾਬੰਦੀ 99 ਰਹੀ ਸੀ। ਏਸ਼ੀਆ ਵਿੱਚ ਭਾਰਤ 22ਵੇਂ ਸਥਾਨ ’ਤੇ ਬਰਕਰਾਰ ਹੈ, ਪਰ ਉਹ ਲਿਬਨਾਨ, ਫਲਸਤੀਨ ਅਤੇ ਵੀਅਤਨਾਮ ਤੋਂ ਪਿੱਛੇ ਹੈ। ਅਰਜਨਟੀਨਾ ਨੇ ਸਫ਼ਲਤਾਪੂਰਵਕ ਕੋਪਾ ਅਮਰੀਕਾ ਖਿਤਾਬ ਬਰਕਰਾਰ ਰੱਖਣ ਮਗਰੋਂ ਦਰਜਾਬੰਦੀ ਵਿੱਚ ਸਿਖਰਲੇ ਸਥਾਨ ’ਤੇ ਆਪਣੀ ਜਗ੍ਹਾ ਮਜ਼ਬੂਤ ਕੀਤੀ ਹੈ। ਫਰਾਂਸ ਯੂਰੋ 2024 ਦੇ ਸੈਮੀਫਾਈਨਲ ਵਿੱਚ ਪਹੁੰਚਣ ਮਗਰੋਂ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਹੈ। ਹਾਲ ਹੀ ਵਿੱਚ ਯੂਰੋਪੀਅਨ ਚੈਂਪੀਅਨ ਬਣਿਆ ਸਪੇਨ ਤੀਜੀ ਸਥਾਨ ’ਤੇ ਪੁੱਜ ਗਿਆ ਹੈ। ਇਸੇ ਤਰ੍ਹਾਂ ਉਸ ਤੋਂ ਹਾਰਨ ਵਾਲੀ ਇੰਗਲੈਂਡ ਦੀ ਟੀਮ ਇੱਕ ਕਦਮ ਅੱਗੇ ਵਧਦਿਆਂ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਬ੍ਰਾਜ਼ੀਲ ਦੀ ਟੀਮ ਪੰਜਵੇਂ ਸਥਾਨ ’ਤੇ ਹੈ। ਬੈਲਜੀਅਮ ਦਰਜਾਬੰਦੀ ਵਿੱਚ ਛੇਵੇਂ, ਨੈਦਰਲੈਂਡਜ਼ ਸੱਤਵੇਂ, ਪੁਰਤਗਾਲ ਅੱਠਵੇਂ ਅਤੇ ਕੋਲੰਬੀਆ ਨੌਵੇਂ ਸਥਾਨ ’ਤੇ ਕਾਬਜ਼ ਹੈ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...