ਮੁੰਬਈ ਏਅਰਪੋਰਟ ’ਤੇ ਏਅਰ ਇੰਡੀਆ ਏਅਰਪੋਰਟ ਸਰਵਿਸਿਜ਼ ਲਿਮਟਿਡ ਵੱਲੋਂ ਮੰਗਲਵਾਰ ਏਅਰਪੋਰਟ ਲੋਡਰ ਦੀ ਭਰਤੀ ਦੌਰਾਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਇਕ ਰਿਪੋਰਟ ਮੁਤਾਬਕ ਕਰੀਬ 1800 ਅਸਾਮੀਆਂ ਲਈ 25 ਹਜ਼ਾਰ ਤੋਂ ਵੱਧ ਨੌਜਵਾਨ ਪੁੱਜੇ ਤੇ ਏਅਰ ਇੰਡੀਆ ਦੇ ਮੁਲਾਜ਼ਮਾਂ ਨੂੰ ਭਾਰੀ ਭੀੜ ਨੂੰ ਸੰਭਾਲਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਐਵੀਏਸ਼ਨ ਇੰਡਸਟਰੀ ਇੰਪਲਾਈਜ਼ ਗਿਲਡ ਦੇ ਜਨਰਲ ਸਕੱਤਰ ਜਾਰਜ ਅਬਰਾਹਮ ਮੁਤਾਬਕ ਭਰਤੀ ਪ੍ਰਕਿਰਿਆ ਦੇ ਘਟੀਆ ਪ੍ਰਬੰਧ ਸਨ ਤੇ ਇੰਟਰਵਿਊ ਲਈ 50 ਹਜ਼ਾਰ ਲੋਕ ਪੁੱਜੇ ਸਨ। ਉਨ੍ਹਾ ਕੰਪਨੀ ਨੂੰ ਇਸ ਬਾਰੇ ਖਬਰਦਾਰ ਵੀ ਕੀਤਾ ਸੀ। ਲੋਕਾਂ ਦੀ ਇਕ ਕਿਲੋਮੀਟਰ ਤੱਕ ਲਾਈਨ ਲੱਗ ਗਈ ਤੇ ਪੁਲਸ ਸੱਦਣੀ ਪਈ। 1786 ਅਪ੍ਰੈਂਟਿਸ ਤੇ 16 ਯੂਟੀਲਿਟੀ ਏਜੰਟਾਂ ਦੀ ਭਰਤੀ ਲਈ ਏਨੇ ਲੋਕਾਂ ਦਾ ਪੁੱਜਣਾ ਦਰਸਾਉਦਾ ਹੈ ਕਿ ਦੇਸ਼ ਵਿਚ ਬੇਰੁਜ਼ਗਾਰੀ ਦਾ ਕੀ ਆਲਮ ਹੈ। ਇਨ੍ਹਾਂ ਨੂੰ 22530 ਰੁਪਏ ਦੀ ਉੱਕੀ-ਪੁੱਕੀ ਤਨਖਾਹ ’ਤੇ ਤਿੰਨ ਸਾਲ ਲਈ ਠੇਕੇ ’ਤੇ ਭਰਤੀ ਕੀਤਾ ਜਾਣਾ ਸੀ।
9 ਜੁਲਾਈ ਨੂੰ ਗੁਜਰਾਤ ਦੇ ਅੰਕਲੇਸ਼ਵਰ ਵਿਚ ਇਕ ਫਰਮ ਵੱਲੋਂ ਆਯੋਜਿਤ ਵਾਕ-ਇਨ-ਇੰਟਰਵਿਊ ਲਈ ਹਜ਼ਾਰਾਂ ਲੋਕ ਪੁੱਜੇ ਸਨ। ਥਰਮੈਕਸ ਲਾਰਡਜ਼ ਪਲਾਜ਼ਾ ਹੋਟਲ ਅੰਕਲੇਸ਼ਵਰ ਵਿਚ ਸ਼ਿਫਟ ਇੰਚਾਰਜ, ਪਲਾਂਟ ਅਪਰੇਟਰ, ਸੁਪਰਵਾਈਜ਼ਰ, ਫਿਟਰ ਆਦਿ ਦੀਆਂ ਅਸਾਮੀਆਂ ਲਈ ਇੰਟਰਵਿਊ ਰੱਖੀ ਗਈ ਸੀ। ਨੌਜਵਾਨ ਇੰਟਰਵਿਊ ਦੇਣ ਲਈ ਏਨੀ ਜੱਦੋ-ਜਹਿਦ ਕਰਦੇ ਦੇਖੇ ਗਏ ਕਿ ਰੇਲਿੰਗ ਤੱਕ ਟੁੱਟ ਗਈ ਤੇ ਕਈ ਹੇਠਾਂ ਡਿੱਗ ਪਏ। ਦੇਸ਼ ਵਿਚ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ। ਸੀ ਐੱਮ ਆਈ ਦੀ ਰਿਪੋਰਟ ਮੁਤਾਬਕ ਪਿੰਡਾਂ ਵਿਚ ਬੇਰੁਜ਼ਗਾਰੀ ਇਸ ਸਾਲ ਦੀ ਮਈ ਵਿਚ 6.3 ਫੀਸਦੀ ਤੋਂ ਵਧ ਕੇ ਜੂਨ ਵਿਚ 9.3 ਫੀਸਦੀ ਅਤੇ ਸ਼ਹਿਰਾਂ ਵਿਚ 8.6 ਫੀਸਦੀ ਤੋਂ ਵਧ ਕੇ 8.9 ਫੀਸਦੀ ਹੋ ਗਈ ਸੀ। ਹਰ ਸਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਮੋਦੀ ਸਰਕਾਰ ਦੌਰਾਨ 2015 ਤੋਂ 2023 ਤੱਕ ਰੁਜ਼ਗਾਰ ਵਧਣੇ ਤਾਂ ਕੀ ਸਨ, ਘੱਟੋ-ਘੱਟ 16 ਲੱਖ ਨੌਕਰੀਆਂ ਘਟ ਗਈਆਂ। ਇਹ ਗੱਲ ਸਰਕਾਰੀ ਸਰਵੇ ਵਿਚ ਮੰਨੀ ਗਈ ਹੈ। ਸਰਵੇ ਦੀ ਇਹ ਰਿਪੋਰਟ 2017 ਤੋਂ ਬਾਅਦ ਪਹਿਲੀ ਵਾਰ ਜਾਰੀ ਕੀਤੀ ਗਈ। ਸਰਕਾਰ ਨੇ ਏਨੇ ਸਾਲ ਇਹ ਅੰਕੜੇ ਲੁਕੋਈ ਰੱਖੇ। ਦਰਅਸਲ ਬੇਰੁਜ਼ਗਾਰੀ ਦੀ ਬਿਮਾਰੀ ਭਾਰਤ ਵਿਚ ਮਹਾਂਮਾਰੀ ਦਾ ਰੂਪ ਲੈ ਚੁੱਕੀ ਹੈ ਤੇ ਭਾਜਪਾ ਸ਼ਾਸਤ ਰਾਜ ਇਸ ਬਿਮਾਰੀ ਦਾ ਕੇਂਦਰ ਬਣ ਗਏ ਹਨ। ਇਕ ਆਮ ਨੌਕਰੀ ਲਈ ਕਤਾਰਾਂ ਵਿਚ ਧੱਕੇ ਖਾਂਦਾ ਭਾਰਤ ਦਾ ਭਵਿੱਖ ਹੀ ਮੋਦੀ ਦੇ ਅੰਮਿ੍ਰਤਕਾਲ ਦੀ ਹਕੀਕਤ ਹੈ।