ਸ਼੍ਰੋਮਣੀ ਅਕਾਲੀ ਦਲ ਦਾ ਸੰਕਟ

ਸ਼੍ਰੋਮਣੀ ਅਕਾਲੀ ਦਲ ਵਿੱਚ ਲੀਡਰਸ਼ਿਪ ਦਾ ਸੰਕਟ ਇੱਕ ਵਾਰ ਫਿਰ ਗਹਿਰਾ ਹੋ ਰਿਹਾ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਲ ਦੀ ਨਮੋਸ਼ੀਜਨਕ ਹਾਰ ਪਾਰਟੀ ਲੀਡਰਸ਼ਿਪ ਲਈ ਵੱਡਾ ਝਟਕਾ ਸੀ। ਪਾਰਟੀ ਦੇ ਸਰਪ੍ਰਸਤ ਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦੋਵਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਸਾਲ ਦੇ ਸ਼ੁਰੂ ਵਿੱਚ ਸੁਖਬੀਰ ਸਿੰਘ ਬਾਦਲ ਨੇ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕੀਤੀ ਸੀ ਤਾਂ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀਆਂ ਸਫ਼ਾਂ ਦੇ ਡਿੱਗ ਚੁੱਕੇ ਮਨੋਬਲ ਨੂੰ ਮੁੜ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਦਾ ਮਨੋਰਥ ਇਹ ਸੀ ਕਿ ਪੰਜਾਬ ਦੇ ਲੋਕਾਂ ਨਾਲ ਮੁੜ ਰਾਬਤਾ ਕਾਇਮ ਕੀਤਾ ਜਾਵੇ ਜਿਸ ਨੂੰ ਲੈ ਕੇ ਪਾਰਟੀ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਇਸ ਸਭ ਕਾਸੇ ਦਾ ਪਾਰਟੀ ਨੂੰ ਬਹੁਤਾ ਲਾਭ ਨਾ ਹੋ ਸਕਿਆ।

ਹਾਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਦਸ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਅਤੇ ਪਾਰਟੀ ਦੀ ਸਮੁੱਚੀ ਵੋਟ ਪ੍ਰਤੀਸ਼ਤਤਾ ਵੀ ਕਾਫ਼ੀ ਹੇਠਾਂ ਆ ਗਈ, ਇਸ ਦੇ ਨਾਲ ਹੀ ਇਹ ਚੌਥੇ ਸਥਾਨ ’ਤੇ ਖਿਸਕ ਗਈ। ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਇਸ ਦੁਰਗਤ ਤੋਂ ਬਾਅਦ ਜਦੋਂ ਲੀਡਰਸ਼ਿਪ ਨੇ ਸਮੀਖਿਆ ਕਰਨੀ ਸ਼ੁਰੂ ਕੀਤੀ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਅੰਦਰੋਂ ਬਗ਼ਾਵਤੀ ਸੁਰਾਂ ਦਾ ਸਾਹਮਣਾ ਕਰਨਾ ਪੈ ਗਿਆ।

ਦਰਅਸਲ, 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਅੰਦਰ ਇਹ ਮੰਥਨ ਸ਼ੁਰੂ ਹੋਇਆ ਸੀ ਅਤੇ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਬਣਾਈ ਕਮੇਟੀ ਨੇ ਪਾਰਟੀ ਦੇ ਜਨ ਆਧਾਰ ਵਿੱਚ ਆ ਰਹੀ ਕਮੀ ਦੀ ਨਿਸ਼ਾਨਦੇਹੀ ਅਤੇ ਇਸ ਨੂੰ ਠੱਲ੍ਹ ਪਾਉਣ ਲਈ ਸਿਫਾਰਸ਼ਾਂ ਦੇਣ ਵਾਸਤੇ ਪਾਰਟੀ ਦੇ ਜ਼ਮੀਨੀ ਪੱਧਰ ਦੇ ਆਗੂਆਂ ਅਤੇ ਕਾਰਕੁਨਾਂ ਨਾਲ ਵਿਚਾਰ ਚਰਚਾ ਕਰ ਕੇ ਰਿਪੋਰਟ ਤਿਆਰ ਕੀਤੀ ਸੀ ਪਰ ਪਾਰਟੀ ਲੀਡਰਸ਼ਿਪ ਇਸ ਦਿਸ਼ਾ ਵਿੱਚ ਕੋਈ ਠੋਸ ਕਦਮ ਪੁੱਟਣ ਵਿੱਚ ਨਾਕਾਮ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂਆਂ ਅੰਦਰ ਹੁਣ ਇਸ ਨਿਘਾਰ ਨੂੰ ਲੈ ਕੇ ਚਿੰਤਾਵਾਂ ਦੀਆਂ ਰੇਖਾਵਾਂ ਗੂੜ੍ਹੀਆਂ ਹੋ ਰਹੀਆਂ ਹਨ।

ਚੋਣ ਸਿਆਸਤ ਦੇ ਮੈਦਾਨ ਛੱਡੀ ਗਈ ਥਾਂ ਕੱਟੜਪੰਥੀ ਤੱਤਾਂ ਵੱਲੋਂ ਭਰੇ ਜਾਣ ਦਾ ਖ਼ਦਸ਼ਾ ਪਹਿਲਾਂ ਨਾਲੋਂ ਵਧਿਆ ਹੈ। ਪੰਜਾਬ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣਨ ਬਾਰੇ ਫਿ਼ਕਰ ਜ਼ਾਹਿਰ ਕੀਤੇ ਜਾ ਚੁੱਕੇ ਹਨ। ਸਾਲ 2017 ਵਿੱਚ ਸੱਤਾ ਤੋਂ ਬਾਹਰ ਹੋਣ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅਤੇ ਪਾਰਟੀ ’ਤੇ ਬਾਦਲ ਪਰਿਵਾਰ ਦੇ ਕਬਜ਼ੇ ਉੱਤੇ ਬਗ਼ਾਵਤ ਦਾ ਸਾਹਮਣਾ ਕਰਨਾ ਪਿਆ ਹੈ। ਪਾਰਟੀ ਦੇ ਮੂਲ ਸਮਰਥਕ ਇਸ ਤੋਂ ਦੂਰ ਹੋ ਰਹੇ ਹਨ, ਪੁਰਾਣੇ ਆਗੂ ਚਿਤਾਵਨੀਆਂ ਦੇ ਰਹੇ ਹਨ ਕਿ ਪਾਰਟੀ ਨੂੰ ਲੋਕਾਂ ਦਾ ਭਰੋਸਾ ਮੁੜ ਜਿੱਤਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸੰਨ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਨਿਰੰਤਰ ਡਰਾਉਂਦੀਆਂ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਨਾਲ ਮੁੜ ਸਾਂਝ ’ਤੇ ਕਿਸੇ ਆਖਿ਼ਰੀ ਨਤੀਜੇ ਉੱਤੇ ਨਾ ਪਹੁੰਚਣਾ ਦਰਸਾਉਂਦਾ ਹੈ ਕਿ ਪਾਰਟੀ ਦਿਸ਼ਾਹੀਣ ਹੈ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪੁਨਰਗਠਨ ਕਰਨ ਦੇ ਅਧਿਕਾਰ ਦੇ ਦਿੱਤੇ ਹਨ। ਉਹ ਸ਼ਾਇਦ ਪਾਰਟੀ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਰੱਖਣ ਵਿੱਚ ਸਫਲ ਹੋ ਜਾਣ ਪਰ ਇਸ ਨਾਲ ਕੋਈ ਮਨੋਰਥ ਪੂਰਾ ਨਹੀਂ ਹੋਵੇਗਾ। ਇਹ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰ ਝਾਤ ਮਾਰਨ ਅਤੇ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਦੇ ਦਿੱਤੇ ਜਾ ਰਹੇ ਸੱਦਿਆਂ ਨੂੰ ਅਣਗੌਲਿਆਂ ਕਰਨ ਵਰਗਾ ਹੋਵੇਗਾ।

ਸਾਂਝਾ ਕਰੋ

ਪੜ੍ਹੋ