ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਹੁਣ ਉਡੀਕ ਇਸ ਦੀ ਹੈ ਕਿ ਨਵੀਂ ਲੋਕ ਸਭਾ ਦਾ ਸਪੀਕਰ ਕੌਣ ਹੋਵੇਗਾ? ਇਸ ਨੂੰ ਲੈ ਕੇ ਜਿੱਥੇ ਭਾਜਪਾ ਆਪਣੀਆਂ ਸਹਿਯੋਗੀ ਪਾਰਟੀਆਂ ਤੇ ਖ਼ਾਸ ਤੌਰ ’ਤੇ ਤੇਲਗੂ ਦੇਸਮ ਪਾਰਟੀ ਅਤੇ ਜਨਤਾ ਦਲ (ਯੂ) ਦੇ ਆਗੂਆਂ ਨਾਲ ਵਿਚਾਰ-ਚਰਚਾ ਕਰ ਰਹੀ ਹੈ, ਉਥੇ ਵਿਰੋਧੀ ਧਿਰ ਇਸ ਕੋਸ਼ਿਸ਼ ’ਚ ਹੈ ਕਿ ਲੋਕ ਸਭਾ ਦੇ ਡਿਪਟੀ ਸਪੀਕਰ ਦਾ ਅਹੁਦਾ ਉਸ ਦੇ ਹਿੱਸੇ ਆਏ। ਇਸ ਵਾਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਗਿਣਤੀ ਵੱਧ ਹੈ, ਇਸ ਲਈ ਉਹ ਲੋਕ ਸਭਾ ’ਚ ਡਿਪਟੀ ਸਪੀਕਰ ਦਾ ਅਹੁਦਾ ਹਾਸਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕੁਝ ਵਿਰੋਧੀ ਧਿਰ ਦੇ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਜੇ ਸਰਕਾਰ ਲੋਕ ਸਭਾ ਦੇ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਨੂੰ ਦੇਣ ਲਈ ਤਿਆਰ ਨਹੀਂ ਹੁੰਦੀ ਤਾਂ ਉਸ ਵੱਲੋਂ ਸਪੀਕਰ ਦੇ ਅਹੁਦੇ ਲਈ ਵੀ ਆਪਣਾ ਉਮੀਦਵਾਰ ਖੜ੍ਹਾ ਕੀਤਾ ਜਾ ਸਕਦਾ ਹੈ।
ਜੇ ਅਜਿਹਾ ਹੁੰਦਾ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦ ਇਸ ਅਹੁਦੇ ਲਈ ਚੋਣ ਹੋਵੇਗੀ। ਵਿਰੋਧੀ ਪਾਰਟੀਆਂ ਦੇ ਆਗੂ ਤੇਲਗੂ ਦੇਸਮ ਪਾਰਟੀ ਤੇ ਜਨਤਾ ਦਲ (ਯੂ) ਨੂੰ ਇਹ ਨਸਹੀਤ ਵੀ ਦੇਣ ’ਚ ਲੱਗੇ ਹੋਏ ਹਨ ਕਿ ਲੋਕ ਸਭਾ ਦੇ ਸਪੀਕਰ ਅਹੁਦੇ ਲਈ ਉਨ੍ਹਾਂ ’ਚੋਂ ਕਿਸੇ ਨੂੰ ਆਪਣੀ ਦਾਅਵੇਦਾਰੀ ਪੇਸ਼ ਕਰਨੀ ਚਾਹੀਦੀ ਹੈ। ਇਹ ਠੀਕ ਹੈ ਕਿ ਗੱਠਜੋੜ ਸਰਕਾਰਾਂ ’ਚ ਇਹ ਅਹੁਦਾ ਭਾਈਵਾਲ ਪਾਰਟੀਆਂ ਦੇ ਹਿੱਸੇ ’ਚ ਜਾਂਦਾ ਰਿਹਾ ਹੈ ਪਰ ਮੌਜੂਦਾ ਸਰਕਾਰ ਅਜਿਹੀ ਗੱਠਜੋੜ ਸਰਕਾਰ ਨਹੀਂ ਹੈ, ਜਿਹੋ ਜਿਹੀ ਵਾਜਪਾਈ ਜਾਂ ਮਨਮੋਹਨ ਸਿੰਘ ਸਰਕਾਰ ਸੀ। ਇਨ੍ਹਾਂ ਗੱਠਜੋੜ ਸਰਕਾਰਾਂ ਦੇ ਮੁਕਾਬਲੇ ਮੌਜੂਦਾ ਸਰਕਾਰ ਦੀ ਸਥਿਤੀ ਇਸ ਲਈ ਵੱਖ ਹੈ ਕਿਉਂਕਿ ਭਾਜਪਾ ਬਹੁਮਤ ਤੋਂ ਪਿੱਛੇ ਰਹਿਣ ਤੋਂ ਬਾਅਦ ਵੀ ਗਿਣਤੀ ’ਚ ਮਜ਼ਬੂਤ ਦਿਖਾਈ ਦੇ ਰਹੀ ਹੈ।
ਫ਼ਿਲਹਾਲ ਇਸ ਦੇ ਆਸਾਰ ਘੱਟ ਹਨ ਕਿ ਜਨਤਾ ਦਲ (ਯੂ) ਜਾਂ ਤੇਲਗੂ ਦੇਸਮ ਪਾਰਟੀ ਵੱਲੋਂ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਬੇਨਤੀ ਕੀਤੀ ਜਾਵੇਗੀ ਪਰ ਇਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਵਾਜਪਾਈ ਸਰਕਾਰ ਦੇ ਸਮੇਂ ਸਪੀਕਰ ਅਹੁਦਾ ਤੇਲਗੂ ਦੇਸਮ ਪਾਰਟੀ ਕੋਲ ਹੀ ਸੀ। ਵਾਜਪਾਈ ਸਰਕਾਰ ਇਕ ਵੋਟ ਨਾਲ ਇਸ ਲਈ ਡਿੱਗੀ ਸੀ ਕਿਉਂਕਿ ਉਸ ਵੇਲੇ ਲੋਕ ਸਭਾ ਸਪੀਕਰ ਨੇ ਓਡੀਸ਼ਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈ ਚੁੱਕੇ ਕਾਂਗਰਸੀ ਸੰਸਦ ਮੈਂਬਰ ਗਿਰਧਰ ਗੋਮਾਂਗ ਨੂੰ ਇਸ ਆਧਾਰ ’ਤੇ ਸਦਨ ਦੀ ਕਾਰਵਾਈ ’ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ ਕਿ ਉਨ੍ਹਾਂ ਨੇ ਲੋਕ ਸਭਾ ਦੀ ਮੈਂਬਰਸ਼ਿਪ ਨਹੀਂ ਛੱਡੀ ਸੀ।
ਲੋਕ ਸਭਾ ਸਪੀਕਰ ਸਿਰਫ਼ ਸਦਨ ਦੀ ਕਾਰਵਾਈ ਹੀ ਨਹੀਂ ਚਲਾਉਂਦਾ, ਬਲਕਿ ਕੁਝ ਮੌਕਿਆਂ ’ਤੇ ਵੋਟਾਂ ਦੀ ਵੰਡ ਸਮੇਂ ਫ਼ੈਸਲਾਕੁਨ ਭੂਮਿਕਾ ਵੀ ਨਿਭਾਉਂਦਾ ਹੈ। ਮੈਂਬਰਾਂ ਨੂੰ ਉਨ੍ਹਾਂ ਦੇ ਗ਼ਲਤ ਵਤੀਰੇ ਲਈ ਸਜ਼ਾ ਦੇਣ ਤੇ ਦਲ ਬਦਲੀ ਦੀ ਸਥਿਤੀ ’ਚ ਉਨ੍ਹਾਂ ਨੂੰ ਅਯੋਗ ਠਹਿਰਾਉਣ ਦਾ ਫ਼ੈਸਲਾ ਵੀ ਉਹੀ ਕਰਦਾ ਹੈ। ਸਾਰੇ ਸੰਸਦੀ ਮਾਮਲਿਆਂ ’ਚ ਉਸ ਦਾ ਫ਼ੈਸਲਾ ਆਖ਼ਰੀ ਹੋਣ ਕਾਰਨ ਇਸ ਅਹੁਦੇ ਦੀ ਅਹਿਮੀਅਤ ਵਧ ਜਾਂਦੀ ਹੈ। ਠੀਕ ਇਹ ਹੋਵੇਗਾ ਕਿ ਲੋਕ ਸਭਾ ਸਪੀਕਰ ਤੇ ਡਿਪਟੀ ਸਪੀਕਰ ਦੇ ਅਹੁਦੇ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ’ਚ ਕੋਈ ਸਹਿਮਤੀ ਕਾਇਮ ਹੋਵੇ। ਸਦਨ ਦੇ ਸੁਚਾਰੂ ਢੰਗ ਨਾਲ ਸੰਚਾਲਨ ਲਈ ਇਹ ਜ਼ਰੂਰੀ ਹੈ। ਇਸ ਤੋਂ ਵੀ ਜ਼ਰੂਰੀ ਇਹ ਹੈ ਕਿ ਜੋ ਵੀ ਸਪੀਕਰ ਬਣੇ, ਉਹ ਪਾਰਟੀ ਆਧਾਰਿਤ ਸਿਆਸਤ ਤੋਂ ਉੱਪਰ ਉੱਠ ਕੇ ਕੰਮ ਕਰੇ। ਉਸ ਨੂੰ ਨਿਰਪੱਖ ਹੋਣਾ ਹੀ ਨਹੀਂ ਚਾਹੀਦਾ, ਬਲਕਿ ਦਿਸਣਾ ਵੀ ਚਾਹੀਦਾ ਹੈ। ਧਿਆਨ ਰਹੇ ਕਿ ਜਦ-ਜਦ ਅਜਿਹਾ ਨਹੀਂ ਹੁੰਦਾ, ਤਦ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਵਿਵਾਦ ਪੈਦਾ ਹੁੰਦੇ ਰਹਿੰਦੇ ਹਨ।