ਪਾਕਿਸਤਾਨੀ ਕੋਰਟ ਨੇ ਦਫ਼ਾ 144 ਦੀ ਉਲੰਘਣਾ ਤੇ ਭੰਨਤੋੜ ਨਾਲ ਜੁੜੇ ਕੇਸ ਵਿਚ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ, ਉਨ੍ਹਾਂ ਦੇ ਸਾਥੀ ਸ਼ੇਖ਼ ਮਹਿਮੂਦ ਕੁਰੈਸ਼ੀ ਤੇ ਸਾਬਕਾ ਮੰਤਰੀ ਸ਼ੇਖ ਰਾਸ਼ਿਦ ਨੂੰ ਬਰੀ ਕਰ ਦਿੱਤਾ ਹੈ। ਇਹ ਕੇਸ ਦੋ ਸਾਲ ਪਹਿਲਾਂ ਇਸਲਾਮਾਬਾਦ ਦੇ ਆਈ-9 ਪੁਲੀਸ ਥਾਣੇ ਵਿਚ ਦਰਜ ਕੀਤਾ ਗਿਆ ਸੀ। ਜੁਡੀਸ਼ਲ ਮੈਜਿਸਟਰੇਟ ਮਲਿਕ ਮੁਹੰਮਦ ਇਮਰਾਨ ਨੇ ਫੈਸਲਾ ਸੁਣਾਉਂਦਿਆਂ ਉਪਰੋਕਤ ਤਿੰਨ ਸੀਨੀਅਰ ਆਗੂਆਂ ਤੋਂ ਇਲਾਵਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਹੋਰ ਆਗੂਆਂ ਸਦਾਕਤ ਅੱਬਾਸੀ ਤੇ ਅਲੀ ਨਵਾਜ਼ ਅਵਾਨ ਨੂੰ ਵੀ ਬਰੀ ਕਰਨ ਦੇ ਹੁਕਮ ਦਿੱਤੇ। ਇਹ ਫੈਸਲਾ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਸਾਥੀਆਂ ਲਈ ਵੱਡੀ ਰਾਹਤ ਹੈ, ਕਿਉਂਕਿ ਇਹ ਤਿੰਨੋਂ ਵੱਖ ਵੱਖ ਕੇਸਾਂ ਤਹਿਤ ਪਹਿਲਾਂ ਹੀ ਜੇਲ੍ਹ ਵਿਚ ਸਜ਼ਾਵਾਂ ਕੱਟ ਰਹੇ ਹਨ।