ਦੋਇਮ ਦਰਜੇ ਦੇ ਉਤਪਾਦ

ਇਸ ’ਤੇ ਹੈਰਾਨੀ ਨਹੀਂ ਕਿ ਬਹੁਕੌਮੀ ਕੰਪਨੀ ਨੈਸਲੇ ਦੇ ਉਤਪਾਦ ਸੈਰੇਲੈਕ ਬਾਰੇ ਇਹ ਸਾਹਮਣੇ ਆਇਆ ਹੈ ਕਿ ਵਿਕਸਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਉਸ ਵਿਚ ਖੰਡ ਦੀ ਮਿਕਦਾਰ ਕਿਤੇ ਜ਼ਿਆਦਾ ਹੈ। ਇਹ ਦੋਸ਼ ਕਿਉਂਕਿ ਇਕ ਸਵਿਸ ਜਾਂਚ ਏਜੰਸੀ ਨੇ ਲਗਾਇਆ ਹੈ, ਇਸ ਲਈ ਉਸ ਦੀ ਗੰਭੀਰਤਾ ਵਧ ਜਾਂਦੀ ਹੈ। ਨੈਸਲੇ ਦੇ ਇਸ ਦਾਅਵੇ ਨੇ ਸ਼ੱਕ ਹੋਰ ਵਧਾ ਦਿੱਤਾ ਹੈ ਕਿ ਉਹ ਭਾਰਤ ਵਿਚ ਵੀ ਆਪਣੇ ਇਸ ਉਤਪਾਦ ਵਿਚ ਖੰਡ ਦੀ ਮਾਤਰਾ ਲਗਾਤਾਰ ਘੱਟ ਕਰ ਰਹੀ ਹੈ। ਪ੍ਰਸ਼ਨ ਇਹ ਹੈ ਕਿ ਵਿਕਸਤ ਦੇਸ਼ਾਂ ਦੀ ਤੁਲਨਾ ਵਿਚ ਉਹ ਭਾਰਤ ਵਿਚ ਆਪਣੇ ਇਸ ਉਤਪਾਦ ਵਿਚ ਖੰਡ ਦੀ ਮਾਤਰਾ ਜ਼ਿਆਦਾ ਰੱਖ ਹੀ ਕਿਉਂ ਰਹੀ ਸੀ ਅਤੇ ਉਹ ਵੀ ਉਦੋਂ ਜਦ ਉਸ ਨੂੰ ਬੱਚਿਆਂ ਲਈ ਪੋਸ਼ਕ ਆਹਾਰ ਦੱਸਿਆ ਜਾਂਦਾ ਹੈ? ਆਖ਼ਰ ਅਜਿਹਾ ਤਾਂ ਹੈ ਨਹੀਂ ਕਿ ਭਾਰਤੀ ਗਾਹਕਾਂ ਨੇ ਅਜਿਹੀ ਕੋਈ ਮੰਗ ਕੀਤੀ ਹੋਵੇ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਖੰਡ ਦੀ ਵੱਧ ਮਾਤਰਾ ਵਾਲਾ ਸੈਰੇਲੈਕ ਚਾਹੀਦਾ ਹੈ? ਧਿਆਨ ਰਹੇ ਕਿ ਨੈਸਲੇ ਉਹੀ ਕੰਪਨੀ ਹੈ ਜੋ ਆਪਣੇ ਇਕ ਹੋਰ ਉਤਪਾਦ ਮੈਗੀ ਦੀ ਗੁਣਵੱਤਾ ਨੂੰ ਲੈ ਕੇ ਵੀ ਵਿਵਾਦਾਂ ਦੇ ਘੇਰੇ ਵਿਚ ਆ ਚੁੱਕੀ ਹੈ। ਨੈਸਲੇ ਕੋਈ ਇਕਲੌਤੀ ਬਹੁਕੌਮੀ ਕੰਪਨੀ ਨਹੀਂ ਹੈ ਜਿਸ ’ਤੇ ਇਹ ਇਲਜ਼ਾਮ ਲੱਗਾ ਹੋਵੇ ਕਿ ਉਹ ਵਿਕਸਤ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਤੇ ਇਸ ਵਰਗੇ ਹੋਰ ਦੇਸ਼ਾਂ ਵਿਚ ਆਪਣੇ ਉਤਪਾਦਾਂ ਦੀ ਗੁਣਵੱਤਾ ਨਾਲ ਸਮਝੌਤਾ ਕਰਦੀ ਹੈ ਜਾਂ ਫਿਰ ਦੋਇਮ ਦਰਜੇ ਦੇ ਉਤਪਾਦ ਖਪਾਉਂਦੀ ਹੈ। ਇਸ ਤਰ੍ਹਾਂ ਦੇ ਦੋਸ਼ ਹੋਰ ਅਨੇਕ ਬਹੁਕੌਮੀ ਕੰਪਨੀਆਂ ’ਤੇ ਵੀ ਲੱਗਦੇ ਹਨ। ਇਹ ਚਿੰਤਾਜਨਕ ਹੈ ਕਿ ਬਹੁਕੌਮੀ ਕੰਪਨੀਆਂ ਦੇ ਅਨੇਕ ਖੁਰਾਕੀ ਜਾਂ ਪੀਣ ਵਾਲੇ ਪਦਾਰਥ ਉਹ ਹੁੰਦੇ ਹਨ ਜਿਨ੍ਹਾਂ ਬਾਰੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਸਿਹਤ ਲਈ ਬੇਹੱਦ ਲਾਭਦਾਇਕ ਜਾਂ ਪੋਸ਼ਣ ਨਾਲ ਭਰਪੂਰ ਹਨ।

ਬਹੁਕੌਮੀ ਕੰਪਨੀਆਂ ਦੇ ਖੁਰਾਕੀ ਤੇ ਪੀਣ ਵਾਲੇ ਪਦਾਰਥਾਂ ਨੂੰ ਲੈ ਕੇ ਇਹ ਸ਼ਿਕਾਇਤ ਸੁਣਾਈ ਹੀ ਦਿੰਦੀ ਰਹਿੰਦੀ ਹੈ ਕਿ ਪੱਛਮੀ ਦੇਸ਼ਾਂ ਵਿਚ ਉਨ੍ਹਾਂ ਦੀ ਜਿਹੋ ਜਿਹੀ ਗੁਣਵੱਤਾ ਹੁੰਦੀ ਹੈ, ਉਹੋ ਜਿਹੀ ਭਾਰਤ ਵਿਚ ਨਹੀਂ ਮਹਿਸੂਸ ਹੁੰਦੀ। ਇਹ ਸ਼ਿਕਾਇਤ ਉਨ੍ਹਾਂ ਭਾਰਤੀਆਂ ਵਿਚ ਹੈ ਜੋ ਅਕਸਰ ਅਮਰੀਕਾ, ਯੂਰਪ, ਕੈਨੇਡਾ ਅਤੇ ਆਸਟ੍ਰੇਲੀਆ ਆਦਿ ਵਿਚ ਜਾਂਦੇ ਰਹਿੰਦੇ ਹਨ। ਸਮੱਸਿਆ ਸਿਰਫ਼ ਖੁਰਾਕੀ ਜਾਂ ਪੀਣ ਵਾਲੇ ਪਦਾਰਥਾਂ, ਦਵਾਈਆਂ ਜਾਂ ਸੁੰਦਰਤਾ ਵਧਾਊ ਉਤਪਾਦਾਂ ਤੱਕ ਹੀ ਸੀਮਤ ਨਹੀਂ ਹੈ। ਇਨ੍ਹਾਂ ਕੰਪਨੀਆਂ ਦੇ ਹੋਰ ਉਤਪਾਦਾਂ ਬਾਰੇ ਵੀ ਇਹੀ ਸ਼ਿਕਾਇਤ ਰਹਿੰਦੀ ਹੈ। ਇਹ ਇਕ ਤੱਥ ਹੈ ਕਿ ਕਈ ਬਹੁਕੌਮੀ ਕੰਪਨੀਆਂ ਨੇ ਆਪਣੇ ਉਤਪਾਦਾਂ ਜਾਂ ਸੇਵਾਵਾਂ ਲਈ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਅਲੱਗ-ਅਲੱਗ ਮਾਪਦੰਡ ਬਣਾ ਰੱਖੇ ਹਨ। ਹੁਣ ਇਨ੍ਹਾਂ ਵਿਚ ਇੰਟਰਨੈੱਟ ਮੀਡੀਆ ਕੰਪਨੀਆਂ ਵੀ ਸ਼ਾਮਲ ਹੋ ਗਈਆਂ ਹਨ। ਇਹ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਅਨੇਕ ਚੀਨੀ ਕੰਪਨੀਆਂ ਵੀ ਪੱਛਮੀ ਦੇਸ਼ਾਂ ਲਈ ਅਲੱਗ ਗੁਣਵੱਤਾ ਵਾਲੇ ਉਤਪਾਦ ਬਣਾਉਂਦੀਆਂ ਹਨ ਅਤੇ ਏਸ਼ਿਆਈ ਅਤੇ ਅਫ਼ਰੀਕੀ ਦੇਸ਼ਾਂ ਲਈ ਅਲੱਗ ਯਾਨੀ ਘੱਟ ਗੁਣਵੱਤਾ ਵਾਲੇ।

ਸਾਂਝਾ ਕਰੋ

ਪੜ੍ਹੋ