ਅੱਜ ਦੇ ਦੌਰ ’ਚ ਹਰ ਕੋਈ ਭੱਜ-ਦੌੜ ਵਾਲੀ ਜ਼ਿੰਦਗੀ ਜੀਅ ਰਿਹਾ ਹੈ। ਪੈਸੇ ਕਮਾਉਣ ਲਈ ਮਨੁੱਖ ਆਪਣੀ ਸਿਹਤ ਨੂੰ ਵੀ ਦਾਅ ’ਤੇ ਲਗਾਉਣ ਲਈ ਤਿਆਰ ਰਹਿੰਦਾ ਹੈ। ਸਮੇਂ ਸਿਰ ਭੋਜਨ ਨਾ ਕਰਨਾ, ਬਿਨਾਂ ਵਜ੍ਹਾ ਚਿੰਤਾ ਕਰਨੀ ਤੇ ਸੰਤੁਲਨ ਦੀ ਪਰਵਾਹ ਕੀਤੇ ਬਗ਼ੈਰ ਕੰਮ ਕਰੀ ਜਾਣਾ ਸਰੀਰਕ ਤੇ ਮਾਨਸਿਕ ਸਿਹਤ ਲਈ ਬਹੁਤ ਹਾਨੀਕਾਰਕ ਹੈ। ਭਾਵੇਂ ਮਨੁੱਖ ਅੱਜ ਬਹੁਤ ਸਾਰੀਆਂ ਪਦਾਰਥਕ ਸਹੂਲਤਾਂ ਨਾਲ ਜੀਵਨ ਸੁਖੀ ਬਤੀਤ ਕਰ ਰਿਹਾ ਹੈ, ਫਿਰ ਵੀ ਲੋਕ ਬਿਮਾਰ ਰਹਿੰਦੇ ਹਨ। ਇਹ ਬਿਮਾਰੀਆਂ ਕੁਦਰਤ ਨੇ ਨਹੀਂ ਸਗੋਂ ਅਸੀਂ ਖ਼ੁਦ ਸਹੇੜੀਆਂ ਹਨ। ਸਵੇਰ ਸਵੱਖਤੇ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਉੱਠਣ ਸਾਰ ਸਰਦੀਆਂ ’ਚ ਇਕ ਲੀਟਰ ਕੋਸਾ ਪਾਣੀ ਤੇ ਗਰਮੀਆਂ ’ਚ ਸਧਾਰਨ ਪਾਣੀ ਬਿਨਾਂ ਕੁਰਲੀ ਕੀਤਿਆਂ ਪੀਣਾ ਚਾਹੀਦਾ ਹੈ। ਪਾਣੀ ਰੋਟੀ ਖਾਣ ਤੋਂ 45 ਮਿੰਟ ਪਹਿਲਾਂ ਜਾਂ ਰੋਟੀ ਖਾਣ ਤੋਂ 1/2 ਘੰਟਾ ਬਾਅਦ ਪੀਣਾ ਚਾਹੀਦਾ ਹੈ। ਇਸ ਨਾਲ ਖਾਣਾ ਹਜ਼ਮ ਹੋ ਜਾਵੇਗਾ ਤੇ ਮੋਟਾਪਾ ਵੀ ਘਟੇਗਾ। ਵਾਧੂ ਭਾਰ ਘਟ ਜਾਵੇਗਾ ਤੇ ਪੇਟ ਦੀਆਂ 85 ਫ਼ੀਸਦੀ ਬਿਮਾਰੀਆਂ ਠੀਕ ਹੋ ਜਾਣਗੀਆਂ। ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਜ਼ਰੂਰ ਕਰੋ। ਦੁੱਧ ਸਿਰਫ਼ ਸ਼ਾਮ ਨੂੰ ਹੀ ਸ਼ੱਕਰ ਪਾ ਕੇ ਪੀਣਾ ਚਾਹੀਦਾ ਹੈ।
ਚੰਗੀ ਸਿਹਤ ਵਾਸਤੇ ਸਰੀਰ ਵਿਚਲੀ ਵਾਧੂ ਚਰਬੀ ਦਾ ਖ਼ਾਤਮਾ ਕਰਨਾ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਚੰਗੀ ਖ਼ੁਰਾਕ ਦੀ ਜ਼ਰੂਰਤ ਪੈਂਦੀ ਹੈ। ਸਾਨੂੰ ਜੀਵਨਸ਼ੈਲੀ ਤੇ ਖਾਣ-ਪੀਣ ’ਚ ਕੁਝ ਤਬਦੀਲੀ ਲਿਆਉਣੀ ਚਾਹੀਦੀ ਹੈ। ਟਮਾਟਰ, ਪਾਲਕ, ਪਪੀਤਾ, ਹਰੀਆਂ ਸਬਜ਼ੀਆਂ ਤੇ ਫਲਾਂ ਨੂੰ ਖ਼ੁਰਾਕ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਫਲਾਂ ਅਤੇ ਸਬਜ਼ੀਆਂ ਦੇ ਐਂਟੀਆਕਸੀਡੈਂਟ ਗੁਣਾਂ ਕਰਕੇ ਇਨ੍ਹਾਂ ਦੀ ਵਰਤੋਂ ਸਿਹਤ ਲਈ ਸਭ ਤੋਂ ਚੰਗੀ ਮੰਨੀ ਗਈ ਹੈ। ਹਾਲ ਹੀ ’ਚ ਬਰਤਾਨੀਆ ਦੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕੀਤੀ ਗਈ ਖੋਜ ਅਨੁਸਾਰ ਸੇਬ ਤੇ ਟਮਾਟਰ ਦੀ ਵਰਤੋਂ ਫੇਫੜਿਆਂ ਤੇ ਸਾਹ ਦੇ ਰੋਗਾਂ ਵਿਚ ਸੁਰੱਖਿਆ ਪ੍ਰਦਾਨ ਕਰਦੀ ਹੈ। ਇਕ ਖੋਜ ’ਚ 2633 ਲੋਕਾਂ ਦੀਆਂ ਭੋਜਨ ਦੀਆਂ ਆਦਤਾਂ ਦਾ ਅਧਿਐਨ ਕੀਤਾ ਗਿਆ ਅਤੇ ਮਾਹਿਰ ਇਸ ਨਤੀਜੇ ’ਤੇ ਪਹੁੰਚੇ ਕਿ ਜੋ ਵਿਅਕਤੀ ਸੇਬਾਂ ਤੇ ਟਮਾਟਰਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ਦੇ ਫੇਫੜੇ ਚੰਗੀ ਤਰ੍ਹਾਂ ਨਾਲ ਕੰਮ ਕਰਦੇ ਹਨ ਤੇ ਉਹ ਸਾਹ ਰੋਗਾਂ ਤੋਂ ਵੀ ਮੁਕਤ ਰਹਿੰਦੇ ਹਨ।
ਗੁੱਸਾ ਵੀ ਇਨਸਾਨ ਦੀ ਸਿਹਤ ਦਾ ਵੱਡਾ ਦੁਸ਼ਮਣ ਹੈ। ਲਗਾਤਾਰ 15 ਮਿੰਟ ਗੁੱਸਾ ਕਰਨ ਨਾਲ ਵਿਅਕਤੀ ਆਪਣੇ ਅੰਦਰ ਦੀ ਊਰਜਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਸ ਊਰਜਾ ਨਾਲ ਉਹ ਸਾਢੇ ਨੌਂ ਘੰਟੇ ਤਕ ਸਖ਼ਤ ਮਿਹਨਤ ਨਾਲ ਕੰਮ ਕਰ ਸਕਦਾ ਹੈ। ਗੁੱਸੇ ਨਾਲ ਹੀ ਚਿੰਤਾ, ਸਿਰ ਦਰਦ, ਪੇਟ ਦੀਆਂ ਬਿਮਾਰੀਆਂ, ਹਾਈ ਬੱਲਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ। ਦਿਲ ਦੇ ਦੌਰੇ ਦੀ ਸੰਭਾਵਨਾ ਆਮ ਵਿਅਕਤੀ ਨਾਲੋਂ ਤਿੰਨ ਗੁਣਾਂ ਵੱਧ ਜਾਂਦੀ ਹੈ। ਗੁੱਸਾ ਆਉਣਾ ਆਮ ਗੱਲ ਹੈ ਪਰ ਇਸ ’ਤੇ ਕਾਬੂ ਪਾਉਣਾ ਕਲਾ ਹੈ। ਗੁੱਸਾ ਆਉਣ ’ਤੇ ਠੰਢਾ ਪਾਣੀ ਪੀਓ, ਡੂੰਘੇ ਸਾਹ ਲਵੋ। ਗੁੱਸਾ ਆਉਣ ’ਤੇ ਉੱਚੀ-ਉੱਚੀ ਹੱਸੋ, ਕਿਸੇ ਵੀ ਮੰਤਰ ਨੂੰ ਵਾਰ-ਵਾਰ ਦੁਹਰਾਓ। ਇਸ ਨਾਲ ਇਨਸਾਨ ਚੰਗਾ ਮਹਿਸੂਸ ਕਰੇਗਾ ਤੇ ਮਨ ਵੀ ਜਲਦੀ ਸ਼ਾਂਤ ਹੋ ਜਾਵੇਗਾ। ਮਨ ਦੀ ਤੰਦਰੁਸਤੀ ਵਾਸਤੇ ਸੋਸ਼ਲ ਮੀਡੀਆ ਦੀ ਸੀਮਤ ਵਰਤੋਂ ਕਰੋ ਕਿਉਂਕਿ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਮਾਨਸਿਕ ਬਿਮਾਰੀ ਬਣ ਕੇ ਚਿੰਬੜ ਗਿਆ ਹੈ ਤੇ ਉਹ ਲੋਕ ਸਰੀਰਕ ਤੇ ਮਾਨਸਿਕ ਬਿਮਾਰੀਆਂ ਪ੍ਰਤੀ ਅਵੇਸਲੇ ਹੋ ਚੁੱਕੇ ਹਨ। ਖ਼ੁਦ ’ਤੇ ਵਿਸ਼ਵਾਸ ਰੱਖਣਾ ਸਾਡੇ ਲਈ ਬੇਹੱਦ ਜ਼ਰੂਰੀ ਹੈ। ਚਿੰਤਾਮੁਕਤ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰੋ। ਇਸ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਲੱਗ ਸਕਦੀਆਂ ਹਨ। ਵਰਤਮਾਨ ਵਿਚ ਰਹਿਣਾ ਸਿੱਖੋ। ਜੋ ਬੀਤ ਗਿਆ, ਉਸ ਨੂੰ ਛੱਡੋ ਤੇ ਜੋ ਕੱਲ੍ਹ ਆਉਣਾ, ਉਸ ਦੀ ਚਿੰਤਾ ਛੱਡੋ। ਜਿਊਣ ਲਈ ਤੰਦਰੁਸਤੀ ਅਤਿ-ਜ਼ਰੂਰੀ ਹੈ।
ਆਸ਼ਾਵਾਦੀ ਸੋਚ ਅਪਣਾਓ। ਮਾਹਿਰਾਂ ਦਾ ਮੰਨਣਾ ਹੈ ਕਿ ਆਸ਼ਾਵਾਦੀ ਵਿਅਕਤੀ ਦੀ ਸਿਹਤ ਨਿਰਾਸ਼ਾਵਾਦੀ ਦੇ ਮੁਕਾਬਲੇ ਚੰਗੀ ਹੁੰਦੀ ਹੈ। ਜੇ ਆਸ਼ਾਵਾਦੀ ਵਿਅਕਤੀ ਬਿਮਾਰ ਵੀ ਹੋਵੇ ਤਾਂ ਨਿਰਾਸ਼ਾਵਾਦੀ ਵਿਅਕਤੀ ਦੇ ਮੁਕਾਬਲੇ ਉਹ ਜਲਦੀ ਠੀਕ ਹੋ ਜਾਂਦਾ ਹੈ। ਆਧੁਨਿਕ ਯੁੱਗ ’ਚ ਕਈ ਰੋਗਾਂ ਦੀ ਜੜ੍ਹ ਤਣਾਅ ਹੀ ਹੈ। ਆਸ਼ਾਵਾਦੀ ਵਿਅਕਤੀ ਤਣਾਅ ਦਾ ਅਨੁਭਵ ਘੱਟ ਕਰਦੇ ਹਨ ਅਤੇ ਉਨ੍ਹਾਂ ਨੂੰ ਤਣਾਅ ਨਾਲ ਸਬੰਧਿਤ ਪ੍ਰੇਸ਼ਾਨੀਆਂ ਦਾ ਘੱਟ ਹੀ ਸਾਹਮਣਾ ਕਰਨਾ ਪੈਂਦਾ ਹੈ। ਆਸ਼ਾਵਾਦੀ ਵਿਅਕਤੀ ਦੀ ਰੋਗ ਪ੍ਰਤੀਰੋਧੀ ਤਾਕਤ ਜ਼ਿਆਦਾ ਹੁੰਦੀ ਹੈ। ਜੇ ਤੰਦਰੁਸਤ ਜੀਵਨ ਤੇ ਲੰਮੀ ਉਮਰ ਭੋਗਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਭੋਜਨ ਨੂੰ ਅੱਧਾ ਕਰ ਦਿਉ ਤੇ ਪਾਣੀ ਨੂੰ ਦੁੱਗਣਾ ਕਰ ਦਿਉ। ਮਿਹਨਤ ਨੂੰ ਤਿੰਨ ਗੁਣਾਂ ਕਰ ਦਿਉ। ਹੱਸਣ ਨੂੰ ਚਾਰ ਗੁਣਾਂ ਕਰ ਦਿਉ। ਰੋਜ਼ਾਨਾ ਪੌਣਾ ਘੰਟਾ ਕਸਰਤ ਕਰੋ। ਅਮਰੀਕਾ ਦੀ ਸਿਹਤ ਰਿਪੋਰਟ ਅਨੁਸਾਰ ਮਨੁੱਖ ਨੂੰ ਹਰ ਰੋਜ਼ ਦਸ ਹਜ਼ਾਰ ਕਦਮ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਸਵੇਰ ਦੀ ਸੈਰ ਲਈ ਸਵੇਰੇ ਜਲਦੀ ਉੱਠਣਾ ਬਹੁਤ ਜ਼ਰੂਰੀ ਹੈ। ਸਵੇਰ ਦੀ ਸੈਰ ਕਰਨ ਨਾਲ ਸਰੀਰ ’ਚ ਨਵੀਂ ਊਰਜਾ ਤੇ ਤਾਜ਼ਗੀ ਭਰ ਜਾਂਦੀ ਹੈ ਤੇ ਪੂਰਾ ਦਿਨ ਹੀ ਵਧੀਆ ਲੰਘਦਾ ਹੈ। ਨਸ਼ਾ ਸਿਹਤ ਦਾ ਬਹੁਤ ਵੱਡਾ ਦੁਸ਼ਮਣ ਹੈ।
ਪੀਜ਼ੇ, ਬਰਗਰ, ਨੂਡਲਜ਼ ਤੇ ਹੋਰ ਤਲੀਆਂ ਚੀਜ਼ਾਂ ਖਾ-ਖਾ ਕੇ ਅਸੀਂ ਖ਼ੁਦ ਨੂੰ ਬਰਬਾਦ ਕਰ ਰਹੇ ਹਾਂ। ਕੋਲਡ ਡਰਿੰਕਸ ਦੀ ਵਰਤੋਂ ਨੇ ਵੀ ਮਨੁੱਖੀ ਸਿਹਤ ਦਾ ਬਹੁਤ ਨੁਕਸਾਨ ਕੀਤਾ ਹੈ। ਸਰੀਰ ਚਰਬੀ ਨਾਲ ਭਰ ਗਿਆ ਹੈ। ਦਿਲ ਦੀਆਂ ਨਾੜਾਂ ਬੰਦ ਕਰ ਲਈਆਂ ਹਨ। ਖੰਡ ਦੀ ਜ਼ਿਆਦਾ ਵਰਤੋਂ ਨਾਲ ਸ਼ੂਗਰ ਦੀ ਬਿਮਾਰੀ ਲੱਗ ਗਈ ਹੈ। ਲੋਕ ਤਣਾਅ ’ਚ ਰਹਿੰਦੇ ਹਨ। ਦੋ ਸੌ ਦੇ ਕਰੀਬ ਬੱਚੇ ਹਰ ਰੋਜ਼ ਸ਼ੂਗਰ ਤੋਂ ਪੀੜਤ ਹੋ ਰਹੇ ਹਨ। ਪੰਜ ਸਾਲ ਤੋਂ ਘੱਟ ਉਮਰ ਦੇ 38.4 ਫ਼ੀਸਦੀ ਬੱਚੇ ਲੰਬਾਈ ਵਿਚ ਘੱਟ ਅਤੇ 21 ਫ਼ੀਸਦੀ ਬੱਚਿਆਂ ਦਾ ਭਾਰ ਔਸਤ ਭਾਰ ਤੋਂ ਘੱਟ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਅੱਜ ਜੋ ਬੱਚੇ ਜੰਮਦੇ ਹਨ, ਉਨ੍ਹਾਂ ਵਿੱਚੋਂ ਵੀ ਕਈ ਬੱਚੇ ਤਣਾਅਗ੍ਰਸਤ ਮਿਲਦੇ ਹਨ। ਤੰਦਰੁਸਤੀ ਲਈ ਜੀਵਨਸ਼ੈਲੀ ’ਚ ਤਬਦੀਲੀ ਲਿਆਉਣੀ ਬੇਹੱਦ ਜ਼ਰੂਰੀ ਹੈ। ਖਾਣਾ-ਪੀਣਾ ਅਜਿਹਾ ਸ਼ੁੱਧ ਹੋਣਾ ਚਾਹੀਦਾ ਹੈ, ਜਿਸ ਨਾਲ ਤਨ ਤੇ ਮਨ ਵਿਚ ਵਿਕਾਰ ਪੈਦਾ ਨਾ ਹੋਣ। ਸਿਹਤਮੰਦ ਵਿਅਕਤੀ ਊਰਜਾ ਨਾਲ ਭਰਿਆ ਹੁੰਦਾ ਹੈ। ਦੁਨੀਆ ਦੀਆਂ ਸਾਰੀਆਂ ਨਿਆਮਤਾਂ ਨਾਲੋਂ ਸਿਹਤ ਪਹਿਲੀ ਨਿਆਮਤ ਹੈ। ਜਾਨ ਨਾਲ ਹੀ ਜਹਾਨ ਸੋਹਣਾ ਲੱਗਦਾ ਹੈ। ਅਜੋਕੇ ਸਮੇਂ ਸਿਹਤ ਪ੍ਰਤੀ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਸਾਨੂੰ ਆਪਣੀ ਜੀਵਨਸ਼ੈਲੀ ’ਚ ਸੁਧਾਰ ਕਰ ਕੇ ਸਿਹਤ ਲਈ ਲੋੜੀਂਦੀਆਂ ਕਸਰਤਾਂ ਕਰਨਾ ਆਪਣਾ ਸ਼ੌਕ ਬਣਾਉਣਾ ਚਾਹੀਦਾ ਹੈ। ਇਹ ਹੀ ਤੰਦਰੁਸਤ ਤੇ ਲੰਮੀ ਉਮਰ ਦਾ ਰਾਜ਼ ਹੈ। ਜ਼ਿੰਦਗੀ ਦੇ ਸਾਰੇ ਰੰਗਾਂ ਦਾ ਲੁਤਫ਼ ਲੈਣ ਲਈ ਇਨਸਾਨ ਨੂੰ ਵੱਸੋਂ ਬਾਹਰਲੀਆਂ ਗੱਲਾਂ ਦੀ ਚਿੰਤਾ ਛੱਡ ਦੇਣੀ ਚਾਹੀਦੀ ਹੈ।