ਵਿਆਹਾਂ ’ਤੇ ਫ਼ਜ਼ੂਲਖ਼ਰਚੀ ਦਾ ਮੰਦਭਾਗਾ ਰੁਝਾਨ

ਵਿਆਹ-ਸ਼ਾਦੀ ਮਨੁੱਖ ਲਈ ਅਜਿਹਾ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਜੋ ਉਸ ਨੂੰ ਨਵੇਂ ਰਿਸ਼ਤਿਆਂ ਨਾਲ ਜੋੜਦਾ ਹੈ। ਅਜੋਕੇ ਸਮੇਂ ’ਚ ਵਿਆਹ-ਸ਼ਾਦੀਆਂ ਮਹਿਜ਼ ਫ਼ਜ਼ੂਲਖ਼ਰਚੀ ਤੇ ਵਿਖਾਵੇ ਦਾ ਸਬੱਬ ਬਣ ਕੇ ਰਹਿ ਗਈਆਂ ਹਨ। ਵਿਆਹਾਂ ’ਚ ਪ੍ਰੀ-ਵੈਡਿੰਗ, ਪੋਸਟ-ਵੈਡਿੰਗ, ਡ੍ਰੋਨ ਦੀ ਵਰਤੋਂ, ਫ਼ੋਟੋ-ਸ਼ੂਟ, ਡਾਂਸਰਾਂ ਦੀ ਸਟੇਜ ਪ੍ਰਦਰਸ਼ਨੀ, ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਤੇ ਅਜਿਹੇ ਅਨੇਕਾਂ ਹੋਰ ਕੰਮ ਹਨ ਜੋ ਵਿਆਹਾਂ ’ਤੇ ਖ਼ਰਚਿਆਂ ਨੂੰ ਵਧਾਉਂਦੇ ਹਨ। ਪੁਰਾਣੇ ਸਮਿਆਂ ਵਿਚ ਇਕ ਸਾਧਾਰਨ ਜਿਹੇ ਪਰਿਵਾਰ ਦੇ ਵਿਆਹ-ਸ਼ਾਦੀ ਦੀਆਂ ਛੋਟੀਆਂ-ਮੋਟੀਆਂ ਲੋੜਾਂ ਆਂਢ-ਗੁਆਂਢ ਤੋਂ ਹੀ ਪੂਰੀਆਂ ਕਰ ਲਈਆਂ ਜਾਂਦੀਆਂ ਸਨ ਪਰ ਰੁਪਈਏ ਦੇ ਪਸਾਰ ਅਤੇ ਸ਼ਹਿਰੀਕਰਨ ਸਦਕਾ ਸਾਧਾਰਨ ਵਰਗ ਦਾ ਇਕ ਹਿੱਸਾ ਹੇਠਲੇ ਮੱਧ-ਵਰਗ ’ਚ ਤਬਦੀਲ ਹੋ ਗਿਆ ਜਿਸ ਨੂੰ ਰੁਪਏ-ਪੈਸੇ ਦੇ ਖੰਭ ਲੱਗ ਗਏ। ਵਿਆਹ-ਸ਼ਾਦੀ ਜਾਂ ਹੋਰ ਸਮਾਜਿਕ ਕਾਰ-ਵਿਹਾਰ ਦੇ ਕੰਮ ਜੋ ਪਹਿਲਾਂ ਸਰਾਵਾਂ ਅਤੇ ਧਾਰਮਿਕ ਅਸਥਾਨਾਂ ਵਿਖੇ ਸੰਪੂਰਨ ਕਰ ਲਏ ਜਾਂਦੇ ਸਨ ਹੁਣ ਉਨ੍ਹਾਂ ਦੀ ਥਾਂ ਪੈਲੇਸਾਂ ਵਰਗੀਆਂ ਵਪਾਰਕ ਥਾਵਾਂ ਨੇ ਲੈ ਲਈ ਹੈ।

ਲੋਕ ਇਨ੍ਹਾਂ ਵਿਆਹਾਂ ਅਤੇ ਸਮਾਜਿਕ ਪ੍ਰੋਗਰਾਮਾਂ ਵਿਚ ਅਥਾਹ ਖ਼ਰਚ ਕਰਦੇ ਹਨ ਤੇ ਭਰਪੂਰ ਵਿਖਾਵਾ ਕਰਦੇ ਹਨ। ਅੱਜ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਅੰਦਰ ਐੱਮਬੀਏ ਦੀ ਡਿਗਰੀ ਵਿਚ ਪੜ੍ਹਾਏ ਜਾਂਦੇ ਵਿਸ਼ੇ ਜਿਵੇਂ ਸਹਿਯੋਗ, ਮਿਲਵਰਤਨ ਤੇ ਕੰਮ ਦੀ ਵੰਡ ਬਿਨਾਂ ਸ਼ੱਕ ਪੰਜਾਬ ਦੇ ਪਿੰਡਾਂ ਦੀ ਹੀ ਦੇਣ ਹਨ ਜਿੱਥੇ ਲੋਕ ਆਪਸੀ ਸਹਿਯੋਗ ਨਾਲ ਤੇ ਬਿਨਾਂ ਜ਼ਿਆਦਾ ਖ਼ਰਚ ਕੀਤੇ ਵੱਡੇ-ਵੱਡੇ ਸਮਾਜਿਕ ਕਾਰਜਾਂ ਨੂੰ ਨੇਪਰੇ ਚੜ੍ਹਾਉਂਦੇ ਸਨ। ਮੈਰਿਜ ਪੈਲੇਸਾਂ ਅੰਦਰ ਸਟਾਲਾਂ ਦੇ ਰੂਪ ’ਚ ਭੋਜਨ ਦੇ ਲਾਏ ਗਏ ਢੇਰਾਂ ਦਾ ਤਕਰੀਬਨ ਅੱਧਾ ਹਿੱਸਾ ਕੂੜੇਦਾਨ ’ਚ ਸੁੱਟ ਦਿੱਤਾ ਜਾਂਦਾ ਹੈ ਜੋ ਬਹੁਤ ਹੀ ਸ਼ਰਮਨਾਕ ਤੇ ਨਿੰਦਣਯੋਗ ਵਰਤਾਰਾ ਹੈ। ਸਮਝਣ ਦੀ ਲੋੜ ਹੈ ਕਿ ਪੁਰਾਣੇ ਜ਼ਮਾਨੇ ਦੇ ਪ੍ਰੋਗਰਾਮਾਂ ’ਚ ਲੋਕਾਂ ’ਚ ਸਾਦਗੀ ਹੁੰਦੀ ਸੀ ਅਤੇ ਪਰੋਸਿਆ ਜਾਣ ਵਾਲਾ ਭੋਜਨ ਪੌਸ਼ਟਿਕਤਾ ਭਰਪੂਰ ਤੇ ਕਿਫ਼ਾਇਤੀ ਹੋਇਆ ਕਰਦਾ ਸੀ।

ਭਾਵ ਥੋੜ੍ਹਾ ਖ਼ਰਚ ਕਰ ਕੇ ਵੀ ਸਾਰੇ ਪਿੰਡ ਨੂੰ ਖਾਣਾ ਖੁਆਇਆ ਜਾ ਸਕਦਾ ਸੀ। ਪਰ ਅਜੋਕੇ ਯੁੱਗ ਦੇ ਪੈਲੇਸਾਂ ਵਾਲੇ ਪ੍ਰੋਗਰਾਮਾਂ ’ਚ ਵਰਤਾਇਆ ਜਾਂਦਾ ਭੋਜਨ ਮਹਿੰਗਾ ਵੀ ਹੁੰਦਾ ਹੈ ਤੇ ਸਿਹਤ ਪੱਖੋਂ ਬਿਮਾਰੀਆਂ ਲਗਾਉਣ ਵਾਲਾ ਵੀ ਹੁੰਦਾ ਹੈ। ਅਫ਼ਸੋਸ ਦੀ ਗੱਲ ਇਹ ਕਿ ਪ੍ਰੋਗਰਾਮਾਂ ਵਿਚ ਆਏ ਮਹਿਮਾਨ ਵੀ ਪਲੇਟ ਨੂੰ ਤੂਸ ਕੇ ਭਰ ਲੈਂਦੇ ਹਨ ਤੇ ਅੱਧਾ ਖਾ ਕੇ ਅੱਧਾ ਕੂੜੇਦਾਨ ਵਿਚ ਸੁੱਟ ਦਿੰਦੇ ਹਨ ਤੇ ਫਿਰ ਅਗਲੇ ਸਟਾਲ ਵੱਲ ਤੁਰ ਪੈਂਦੇ ਹਨ। ਇਨ੍ਹਾਂ ਠਾਠ-ਬਾਠ ਅਤੇ ਝੂਠੇ ਵਿਖਾਵੇ ਵਾਲੇ ਵਿਆਹ-ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਬਰਬਾਦ ਕੀਤੇ ਖਾਣੇ ਨਾਲ ਉਨ੍ਹਾਂ ਗ਼ਰੀਬ ਲੋਕਾਂ ਦਾ ਪੇਟ ਭਰ ਸਕਦਾ ਹੈ ਜੋ ਭੁੱਖੇ ਪੇਟ ਸੌਣ ਨੂੰ ਮਜਬੂਰ ਹੁੰਦੇ ਹਨ। ਤ੍ਰਾਸਦੀ ਇਹ ਹੈ ਕਿ ਇਕ ਆਮ ਆਦਮੀ ਵੀ ਵਿੱਤੋਂ ਬਾਹਰ ਜਾ ਕੇ ਤੇ ਉਧਾਰ ਚੁੱਕ ਕੇ ਇਸੇ ਤਾਣੇ-ਬਾਣੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਮਰ ਭਰ ਕਰਜ਼ੇ ਦੇ ਬੋਝ ਹੇਠ ਦੱਬਿਆ ਰਹਿੰਦਾ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...