ਸਿਵਲ ਸੁਸਾਇਟੀਆਂ ਦੇ ਡਟਣ ਦਾ ਵੇਲਾ

ਪਿਛਲੀਆਂ ਅਸੰਬਲੀ ਚੋਣਾਂ ਵਿਚ ਕਰਨਾਟਕ ਵਿਚ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਦੀ ਸਰਕਾਰ ਲਿਆਉਣ ’ਚ ਸਿਵਲ ਸੁਸਾਇਟੀ ਗਰੁੱਪਾਂ ਨੇ ਅਹਿਮ ਰੋਲ ਨਿਭਾਇਆ ਸੀ। ਭਾਜਪਾ ਦੀਆਂ ਵੰਡਪਾਊ ਨੀਤੀਆਂ ਤੇ ਮੌਕੇ ਦੀ ਭਾਜਪਾ ਸਰਕਾਰ ਦੀ ਕੁਰੱਪਸ਼ਨ ਵਿਰੁੱਧ ਉਨ੍ਹਾਂ ਇੱਕ ਟੱਕ ਮੁਹਿੰਮ ਨਾ ਚਲਾਈ ਹੁੰਦੀ ਤਾਂ ਸ਼ਾਇਦ ਕਾਂਗਰਸ ਨੂੰ ਆਪਣੇ ਦਮ ’ਤੇ ਸਫਲਤਾ ਨਾ ਮਿਲਦੀ। ਇਨ੍ਹਾਂ ਸਿਵਲ ਸੁਸਾਇਟੀ ਗਰੁੱਪਾਂ ਵਿਚ ਸਮਾਜੀ ਕਾਰਕੁਨ, ਵਕੀਲ, ਡਾਕਟਰ, ਡਿਜ਼ਾਈਨਰ ਅਤੇ ਵੱਖ-ਵੱਖ ਜਾਤਾਂ, ਧਰਮਾਂ, ਲਿੰਗ ਆਦਿ ਦੀਆਂ ਐੱਨ ਜੀ ਓ ਸ਼ਾਮਲ ਸਨ। ਇਨ੍ਹਾਂ ਨੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਵਿਚ ਵੀ ਪ੍ਰਚਾਰ ਕਰਕੇ ਭਾਜਪਾ ਦੀਆਂ ਨਾਪਾਕ ਨੀਤੀਆਂ ਵਿਰੁੱਧ ਲੋਕਾਂ ਨੂੰ ਖਬਰਦਾਰ ਕੀਤਾ। ਕਰਨਾਟਕ ਦੇ ਤਜਰਬੇ ਦੇ ਮੱਦੇਨਜ਼ਰ ਹੁਣ ਮਹਾਰਾਸ਼ਟਰ ਦੀ ਸਿਵਲ ਸੁਸਾਇਟੀ ਦੇ ਉੱਘੇ ਮੈਂਬਰਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਦੀ ਪ੍ਰਗਤੀਸ਼ੀਲ ਵਿਰਾਸਤ ਦੀ ਮੁੜ ਜੈ-ਜੈ ਕਾਰ ਕਰਾਉਣ ਲਈ ਆਪੋਜ਼ੀਸ਼ਨ ਪਾਰਟੀਆਂ ਦੇ ਗਠਜੋੜ ‘ਇੰਡੀਆ’ ਦਾ ਹਿੱਸਾ ਮਹਾਂ ਵਿਕਾਸ ਅਘਾੜੀ ਦੀ ਹਮਾਇਤ ਕਰਨ, ਕਿਉਕਿ ‘ਇੰਡੀਆ’ ਹੀ ਮਹਾਰਾਸ਼ਟਰ ਤੇ ਦੇਸ਼ ਦੇ ਲੋਕਾਂ ਕੋਲ ਦਮਦਾਰ ਬਦਲ ਹੈ। ਇਹ ਐਲਾਨਦਿਆਂ ਕਿ ਉਹ ਭਾਜਪਾ ਜਾਂ ਇਸ ਦੇ ਇਤਿਹਾਦੀਆਂ ਨੂੰ ਵੋਟ ਨਹੀਂ ਪਾਉਣਗੇ, ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਹੈਮਹਾਰਾਸ਼ਟਰ ਵਿਚ ਚਲੰਤ ਹਕੂਮਤ ਨਾ ਸਿਰਫ ਤਿੰਨ ਸੱਤਾ ਦੀਆਂ ਭੁੱਖੀਆਂ ਪਾਰਟੀਆਂ ਦੀ ਕੁਲੀਸ਼ਨ ਹੈ, ਸਗੋਂ ਗੈਰ-ਇਖਲਾਕੀ ਤਿਕੜੀ ਵੱਲੋਂ ਬਣਾਈ ਗਈ ਕਠਪੁਤਲੀ ਹਕੂਮਤ ਵੀ ਹੈ।

ਇਹ ਦਿੱਲੀ ਤੋਂ ਮੋਦੀ-ਸ਼ਾਹ ਦੇ ਇਸ਼ਾਰੇ ’ਤੇ ਚਲਦੀ ਹੈ। ਭਾਜਪਾ ਤੇ ਉਸ ਦੇ ਇਤਿਹਾਦੀਆਂ ਦਾ ਵਿਰੋਧ ਕਰਨ ਦੀ ਅਪੀਲ ਜਾਰੀ ਕਰਨ ਵਾਲਿਆਂ ਵਿਚ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ, ਲੇਖਕ ਰਾਮ ਪੁੰਨੀਯਾਨੀ, ਸਮਾਜੀ ਕਾਰਕੁਨ ਤੀਸਤਾ ਸੀਤਲਵਾੜ, ਹਾਈ ਕੋਰਟ ਦੇ ਸਾਬਕਾ ਜੱਜ ਬੀ ਜੀ ਕੋਲਸੇ ਪਾਟਿਲ ਤੇ ਫਿਲਮਸਾਜ਼ ਆਨੰਦ ਪਟਵਰਧਨ ਸ਼ਾਮਲ ਹਨ। ਉਨ੍ਹਾਂ ਕਿਹਾ ਹੈ ਕਿ ਇਕ ਵੇਲੇ ਮਹਾਰਾਸ਼ਟਰ ਪ੍ਰਗਤੀਸ਼ੀਲ ਤੇ ਕਦਰਾਂ-ਕੀਮਤਾਂ ਅਧਾਰਤ ਸਿਆਸਤ ਲਈ ਜਾਣਿਆ ਜਾਂਦਾ ਸੀ। ਮਹਾਰਾਸ਼ਟਰ ਵਿਚ ਸੰਤ ਤੁਕਾਰਾਮ, ਸੰਤ ਕਵਿੱਤਰੀ ਜਨਾਬਾਈ, ਸੰਤ ਸੋਯਰਾਬਾਈ ਤੇ ਸੰਤ ਨਾਮਦੇਵ ਮਹਾਰਾਜ ਵਰਗੀਆਂ ਪ੍ਰਗਤੀਸ਼ੀਲ ਸ਼ਖਸੀਅਤਾਂ ਹੋਈਆਂ ਹਨ। ਉਹ ਨਾ ਸਿਰਫ ਸੂਬੇ ਦੀ ਰੂਹਾਨੀ ਵਿਰਾਸਤ ਦਾ ਹਿੱਸਾ ਹਨ, ਸਗੋਂ ਮਹਾਰਾਸ਼ਟਰ ਦੇ ਕਲਚਰਲ ਹੀਰੇ ਹਨ। ਇਨ੍ਹਾਂ ਤੋਂ ਇਲਾਵਾ ਸ਼ਿਵਾਜੀ ਮਹਾਰਾਜ, ਸਾਹੂ ਮਹਾਰਾਜ, ਮਹਾਤਮਾ ਜੋਤੀਬਾ ਫੂਲੇ, ਸਾਵਿਤਰੀ ਬਾਈ ਫੂਲੇ, ਫਾਤਿਮਾ ਸ਼ੇਖ ਤੇ ਡਾ. ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਨਵੇਂ ਦਿਸਹੱਦੇ ਦਿਖਾਏ। ਇਨ੍ਹਾਂ ਦੀਆਂ ਕੁਰਬਾਨੀਆਂ ਤੇ ਯੋਗਦਾਨ ਸਦਕੇ ਮਹਾਰਾਸ਼ਟਰ ਸਮਾਜੀ-ਸਿਆਸੀ ਅਸੂਲਾਂ, ਆਰਥਕ ਖੁਸ਼ਹਾਲੀ ਤੇ ਕਲਚਰਲ ਅਖੰਡਤਾ ਦਾ ਚਾਨਣ-ਮੁਨਾਰਾ ਬਣਿਆ ਰਿਹਾ। ਅੱਜ ਸੱਤਾ ਦੀਆਂ ਭੁੱਖੀਆਂ ਤਿੰਨ ਗੈਰ-ਇਖਲਾਕੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਮੋਦੀ-ਸ਼ਾਹ ਦੀਆਂ ਕਠਪੁਤਲੀਆਂ ਬਣ ਕੇ ਮਹਾਰਾਸ਼ਟਰ ਨੂੰ ਬਦਨਾਮ ਕਰ ਛੱਡਿਆ ਹੈ। ਜਿਵੇਂ ਮਹਾਰਾਸ਼ਟਰ ਦੀ ਸਿਵਲ ਸੁਸਾਇਟੀ ਸਰਗਰਮ ਹੋਈ ਹੈ, ਉਸੇ ਤਰ੍ਹਾਂ ਪੰਜਾਬ ਸਣੇ ਦੇਸ਼ ਦੇ ਹੋਰਨਾਂ ਰਾਜਾਂ ਦੀਆਂ ਸਿਵਲ ਸੁਸਾਇਟੀਆਂ ਨੂੰ ਲੱਕ ਬੰਨ੍ਹ ਕੇ ਡਟ ਜਾਣਾ ਚਾਹੀਦਾ ਹੈ। ਧਨ-ਬਲ ਨਾਲ ਚੋਣ ਲੜ ਰਹੀ ਭਾਜਪਾ ਨੂੰ ਹਰਾਉਣਾ ਨਿਰੀਆਂ ਆਪੋਜ਼ੀਸ਼ਨ ਪਾਰਟੀਆਂ ਦੇ ਵੱਸ ਵਿਚ ਨਹੀਂ। ਜਮਹੂਰੀਅਤ ਤੇ ਸੰਵਿਧਾਨ ਨੂੰ ਬਚਾਉਣ ਲਈ ਹਰ ਸੂਝਵਾਨ ਵੋਟਰ ਨੂੰ ਅੱਗੇ ਆ ਕੇ ਪ੍ਰਚਾਰ ਕਰਨਾ ਪੈਣਾ ਹੈ। ਸਿਵਲ ਸੁਸਾਇਟੀਆਂ ਦੀ ਸਰਗਰਮੀ ਤਬਦੀਲੀ ਦੀ ਜ਼ਾਮਨ ਹੈ। ਕਰਨਾਟਕ ਇਸ ਦੀ ਉੱਘੜਵੀਂ ਮਿਸਾਲ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...