ਲੰਘੇ ਐਤਵਾਰ ਬੀੜ ਬਿਲਿੰਗ ਵਿਚ ਤਜਰਬੇਕਾਰ ਪੈਰਾਗਲਾਈਡਿੰਗ ਪਾਇਲਟ ਰਿਤੂ ਚੋਪੜਾ ਨਾਲ ਵਾਪਰੀ ਤਰਾਸਦਿਕ ਘਟਨਾ ਉੱਥੇ ਚੱਲ ਰਹੀਆਂ ਪੈਰਾਗਲਾਈਡਿੰਗ ਗਤੀਵਿਧੀਆਂ ਦੇ ਸਬੰਧ ਵਿਚ ਸੁਰੱਖਿਆ ਨੇਮਾਂ ਦੀਆਂ ਘਾਟਾਂ ਦਾ ਚੇਤਾ ਕਰਾਉਂਦੀ ਹੈ। ਇਸ ਦੇ ਨਾਲ ਹੀ ਇਹ ਘਟਨਾ ਇਹ ਵੀ ਯਾਦ ਕਰਵਾਉਂਦੀ ਹੈ ਕਿ ਜਦੋਂ ਢੁਕਵੀਆਂ ਸਾਵਧਾਨੀਆਂ ਵਰਤੇ ਬਿਨਾਂ ਇਸ ਸਾਹਸਿਕ ਖੇਡ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਜੋਖ਼ਮ ਬਹੁਤ ਵਧ ਜਾਂਦਾ ਹੈ। ਬੀੜ ਬਿਲਿੰਗ ਹਿਮਾਚਲ ਪ੍ਰਦੇਸ਼ ਦੀ ਧੌਲਾਧਾਰ ਪਰਬਤਮਾਲਾ ਦਾ ਸੁੰਦਰ ਸਥਾਨ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਪੈਰਾਗਲਾਈਡਿੰਗ ਲਈ ਕੌਮਾਂਤਰੀ ਪੱਧਰ ਕਾਫ਼ੀ ਮਸ਼ਹੂਰ ਹੋ ਗਿਆ ਹੈ ਹਾਲਾਂਕਿ ਜਿਸ ਢੰਗ ਨਾਲ ਇਸ ਦੀ ਮਸ਼ਹੂਰੀ ਹੋਈ ਹੈ, ਉਸ ਹਿਸਾਬ ਨਾਲ ਇੱਥੇ ਸੁਰੱਖਿਆ ਨੇਮਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪਿਛਲੇ ਛੇ ਸਾਲਾਂ ਦੌਰਾਨ ਇੱਥੇ ਪੈਰਾਗਲਾਈਡਿੰਗ ਦੇ ਕਰੀਬ 30 ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿਚ 15 ਜਾਨਾਂ ਗਈਆਂ ਹਨ ਪਰ ਇਸ ਦੇ ਬਾਵਜੂਦ ਨੇਮਾਂ ਦੀ ਪਾਲਣਾ ਦਾ ਪਰਨਾਲਾ ਉੱਥੇ ਦਾ ਉੱਥੇ ਹੈ। ਧੌਲਾਧਾਰ ਦੀਆਂ ਪਹਾੜੀਆਂ ਦੇ ਧਰਾਤਲ ਬਾਰੇ ਆਮ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੁੰਦੀ ਅਤੇ ਅਕਸਰ ਮੌਸਮ ਦੀਆਂ ਹਾਲਤਾਂ ਯਕਦਮ ਬਦਲ ਜਾਂਦੀਆਂ ਹਨ ਜਿਸ ਕਰ ਕੇ ਇਸ ਸਾਹਸਿਕ ਖੇਡ ਵਿਚ ਖਤਰਾ ਪੈਦਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਉੱਥੇ ਗ਼ੈਰ-ਤਜਰਬੇਕਾਰ ਪਾਇਲਟਾਂ ਦੀ ਮੌਜੂਦਗੀ ਅਤੇ ਪੈਰਾਗਲਾਈਡਿੰਗ ਸਕੂਲ ਦੇ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਨਾ ਕਰਨ ਕਰ ਕੇ ਜੋਖ਼ਮ ਹੋਰ ਵੀ ਵਧ ਜਾਂਦਾ ਹੈ ਅਤੇ ਕਈ ਵਾਰ ਇੱਥੇ ਸਾਹਸਿਕ ਗਤੀਵਿਧੀਆਂ ਜਾਂ ਮੌਜ ਮਸਤੀ ਲਈ ਆਏ ਸੈਲਾਨੀਆਂ ਲਈ ਖ਼ਤਰਾ ਬਣ ਜਾਂਦਾ ਹੈ।
ਇਸ ਤੋਂ ਇਲਾਵਾ ਕਿਸੇ ਹੰਗਾਮੀ ਸੂਰਤ ਵਿਚ ਬਚਾਓ ਦੇ ਸਾਧਨਾਂ ਦੀ ਵੀ ਘਾਟ ਹੈ। ਯੂਰੋਪ ਵਿਚ ਅਜਿਹੀ ਹੰਗਾਮੀ ਸੂਰਤ ਵਿਚ ਬਚਾਓ ਲਈ ਵੱਧ ਤੋਂ ਵੱਧ ਸਮਾਂ 40 ਮਿੰਟ ਹੈ; ਭਾਰਤ ਵਿਚ ਇਸ ਨੂੰ 24 ਘੰਟੇ ਲੱਗ ਜਾਂਦੇ ਹਨ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਾਜ਼ੋ-ਸਾਮਾਨ ਵਿਚ ਸੁਧਾਰ ਲਿਆਉਣ ਦੀ ਕਿੰਨੀ ਲੋੜ ਹੈ। ਪੈਰਾਗਲਾਈਡਰਾਂ ਲਈ ਲੈਂਡਿੰਗ ਵਾਲੀ ਥਾਂ ’ਤੇ ਚੱਲ ਰਹੀਆਂ ਗ਼ੈਰ-ਕਾਨੂੰਨੀ ਉਸਾਰੀਆਂ ਕਰ ਕੇ ਜਿੱਥੇ ਹਵਾ ਦਾ ਰੁਖ਼ ’ਤੇ ਅਸਰ ਪੈਣ ਕਰ ਕੇ ਸੈਲਾਨੀਆਂ ਲਈ ਖ਼ਤਰਾ ਵਧਦਾ ਹੈ। ਇਸ ਕਰ ਕੇ ਪੈਰਾਗਲਾਈਡਿੰਗ ਲਈ ਕੌਮਾਂਤਰੀ ਮਿਆਰੀ ਵਿਧੀਆਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਲੋੜ ਹੈ ਜਿਸ ਵਿਚ ਪਾਇਲਟਾਂ ਦੇ ਤਜਰਬੇ ਅਤੇ ਸਾਜ਼ੋ-ਸਾਮਾਨ ਦੀ ਨਿਰਖ ਪਰਖ ਅਤੇ ਸੁਰੱਖਿਆ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣਾ ਸ਼ਾਮਲ ਹਨ। ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੀੜ ਬਿਲਿੰਗ ਸਾਹਸਿਕ ਖੇਡਾਂ ਦੇ ਸ਼ੌਕੀਨਾਂ ਲਈ ਬਿਹਤਰੀਨ ਜਗ੍ਹਾ ਬਣੇ ਨਾ ਕਿ ਤਰਾਸਦਿਕ ਘਟਨਾਵਾਂ ਦਾ ਬਦਨਾਮ ਟਿਕਾਣਾ ਬਣ ਕੇ ਰਹਿ ਜਾਵੇ। ਸੁਰੱਖਿਆ ਦੇ ਮਸਲੇ ਨੂੰ ਹਰ ਹਾਲ ਤਰਜੀਹ ਮਿਲਣੀ ਚਾਹੀਦੀ ਹੈ। ਇਸ ਲਈ ਅਜਿਹੀਆਂ ਘਟਨਾਵਾਂ ਦੀ ਮੁਕੰਮਲ ਪੁਣਛਾਣ ਕਰ ਕੇ ਖਾਮੀਆਂ ਲੱਭਣ ਦੀ ਸਖ਼ਤ ਜ਼ਰੂਰਤ ਹੈ ਤਾਂ ਕਿ ਇਨ੍ਹਾਂ ਨੂੰ ਪੂਰੀਆਂ ਕਰ ਕੇ ਅਗਾਂਹ ਤੋਂ ਕਿਸੇ ਵੀ ਪ੍ਰਕਾਰ ਦੇ ਹਾਦਸੇ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।