ਲੋਕ ਨਾ ਸਮਝੇ ਤਾਂ ਪੰਜਾਬ ਵਿਚ ਪਾਣੀ ਖ਼ਤਮ ਹੋ ਜਾਵੇਗਾ

ਅੱਜ ਦੁਨੀਆ ਵਿਚ ਜਿਹੜੀ ਮਹੱਤਵਪੂਰਨ ਚੀਜ਼ ਹੈ, ਉਹ ਹੈ ਪਾਣੀ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਅੱਜ ਮਾਰੂਥਲ ਬਣਨ ਦੇ ਕਿਨਾਰੇ ਪੁੱਜ ਚੁੱਕੀ ਹੈ। ਪੰਜਾਬ ਦੇ ਕੁੱਲ 138 ਬਲਾਕਾਂ ਵਿੱਚੋਂ 11 ਦਾ ਧਰਤੀ ਹੇਠਲਾ ਪਾਣੀ ਲਗਪਗ ਖ਼ਤਮ ਹੈ। ਨਾਸਾ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਪੰਜਾਬ ਕੋਲ ਕੁਝ ਸਾਲਾਂ ਦਾ ਹੀ ਪਾਣੀ ਬਚਿਆ ਹੈ। ਹੁਣ ਸਵਾਲ ਇਹ ਨਹੀਂ ਕਿ ਪੰਜਾਬ ਮਾਰੂਥਲ ਬਣ ਜਾਵੇਗਾ ਜਾਂ ਨਹੀਂ, ਹੁਣ ਤਾਂ ਗੱਲ ਇਹ ਹੈ ਕਿ ਇਸ ਸਭ ਲਈ ਕਿੰਨਾ ਸਮਾਂ ਰਹਿ ਗਿਆ ਹੈ। ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਉਨ੍ਹਾਂ ਨਾਲ ਕੀ ਹੋਣ ਜਾ ਰਿਹਾ ਹੈ। ਪੰਜ ਦਰਿਆਵਾਂ ਦੀ ਧਰਤੀ ਮਾਰੂਥਲ ਬਣ ਜਾਵੇਗੀ, ਇਹ ਕਿੱਦਾਂ ਹੋ ਗਿਆ? ਇਸ ਬੁਝਾਰਤ ਨੂੰ ਸਮਝਣ ਲਈ ਸਾਨੂੰ 75-76 ਸਾਲ ਪਿੱਛੇ ਜਾਣਾ ਪੈਣਾ ਹੈ। ਪੰਜਾਬ ਵਿਚ ਇਹ ਬਰਬਾਦੀ ਤਾਂ ਆਜ਼ਾਦੀ ਮਿਲਣ ਦੇ ਨਾਲ ਹੀ ਸ਼ੁਰੂ ਹੋ ਗਈ ਸੀ ਪੰਜਾਬ ਦੇ ਦਰਿਆਵਾਂ ਨੂੰ ਲੁੱਟਣ ਦੇ ਮਾਸਟਰ ਪਲਾਨ ਤਹਿਤ। ਸੰਨ 1947 ਤੋਂ ਪਹਿਲਾਂ ਪੰਜਾਬ ਤੋਂ ਬਾਹਰ ਪਾਣੀ ਜਾਂਦਾ ਸੀ। ਉਹ ਬੀਕਾਨੇਰ (ਰਾਜਸਥਾਨ) ਨੂੰ ਫਿਰੋਜ਼ਪੁਰ ਤੋਂ ਨਹਿਰ ਰਾਹੀਂ ਜਾਂਦਾ ਸੀ। ਇਹ ਨਹਿਰ ਪੰਜਾਬ ਤੋਂ ਬਾਹਰ ਜਾਂਦੀ ਸੀ। ਉਹ ਪਾਣੀ ਮੁਫ਼ਤ ਨਹੀਂ ਸੀ। ਬੀਕਾਨੇਰ ਦਾ ਰਾਜਾ ਪੈਸੇ ਦਿੰਦਾ ਸੀ। ਪੰਜਾਬ ਨੂੰ 1947 ਤੱਕ ਉਸ ਦੇ ਪੈਸੇ ਮਿਲਦੇ ਰਹੇ। ਸੰਨ 1947 ਤੋਂ ਬਾਅਦ ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਕੰਮ ਇਹੀ ਕੀਤਾ ਕਿ ਜਿਹੜਾ ਬੀਕਾਨੇਰ (ਰਾਜਸਥਾਨ) ਨੂੰ ਪਾਣੀ ਜਾਂਦਾ ਸੀ, ਉਹ ਮੁਫ਼ਤ ਕਰ ਦਿੱਤਾ। ਸਿਰਫ਼ ਇੰਨਾ ਹੀ ਨਹੀਂ, 1950 ਵਿਚ ਪੰਡਿਤ ਜਵਾਹਰਲਾਲ ਨਹਿਰੂ ਦੇ ਸਮੇਂ ਪੰਜਾਬ ਦੇ ਦਰਿਆਵਾਂ ਨੂੰ ਜਿਹੜੀ ਜੋੜਨ ਦੀ ਮਾਸਟਰ ਪਲਾਨ ਦੀ ਤਿਆਰੀ ਸ਼ੁਰੂ ਹੋਈ ਸੀ, ਉਂਜ ਤਾਂ ਉਸ ਦਾ ਬਲਿਊ ਪਿ੍ਰੰਟ 1948 ਵਿਚ ਤਿਆਰ ਹੋ ਗਿਆ ਸੀ ਪਰ 1950 ਵਿਚ ਇਸ ਦਾ ਕੰਮ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਸੀ। ਉਦੋਂ ਗੁਲਜ਼ਾਰੀ ਲਾਲ ਨੰਦਾ ਕੇਂਦਰ ਸਰਕਾਰ ਵਿਚ ਊਰਜਾ ਅਤੇ ਸਿੰਚਾਈ ਮੰਤਰੀ ਸਨ।

ਉਹ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਵੀ ਸਨ। ਉਨ੍ਹਾਂ ਦੀ ਦੇਖ-ਰੇਖ ਵਿਚ ਦੋ ਵੱਡੇ ਪ੍ਰਾਜੈਕਟ ਚੱਲੇ ਜਿਨ੍ਹਾਂ ’ਚੋਂ ਇਕ ਭਾਖੜਾ ਨੰਗਲ ਸੀ ਤੇ ਦੂਜਾ ਬਿਆਸ ਪ੍ਰਾਜੈਕਟ ਸੀ। ਜਿਸ ਲਈ ਉਨ੍ਹਾਂ ਨੇ ਬਿਆਸ-ਸਤਲੁਜ ਲਿੰਕ ਨਹਿਰ ਕੱਢੀ। ਹਿਮਾਚਲ ਪ੍ਰਦੇਸ਼ ਵਿਚ ਮੰਡੀ ਦੇ ਕੋਲ ਪੰਡੋਹ ਡੈਮ ’ਤੇ ਬਿਆਸ ਦੇ ਪਾਣੀ ਨੂੰ ਬੰਨ੍ਹ ਲਾ ਲਿਆ। ਉੱਥੇ ਤੋਂ 12 ਕਿੱਲੋਮੀਟਰ ਲੰਬੀ ਸੁਰੰਗ ਪੁੱਟੀ। ਫਿਰ ਸੁੰਦਰਨਗਰ ਤੱਕ 20 ਕਿੱਲੋਮੀਟਰ ਤੱਕ ਓਪਨ ਚੈਨਲ ਹੈ (ਖੁੱਲ੍ਹੀ ਨਹਿਰ) ਜਿਸ ਰਾਹੀਂ ਪਾਣੀ ਲੈ ਕੇ ਗਏ। ਉਕਤ ਨਹਿਰ ਤੋਂ ਅੱਗੇ ਫਿਰ ਸਤਲੁਜ ਤੱਕ 12 ਕਿੱਲੋਮੀਟਰ ਲੰਬੀ ਸੁਰੰਗ ਹੈ। ਇਹ ਸਾਰਾ ਸਤਲੁਜ ਤੇ ਬਿਆਸ ਦਾ ਪਾਣੀ ਹੈ ਜਿਸ ਨੂੰ ਵਿਚ ਭਾਖੜਾ ਡੈਮ ਨਾਲ ਰੋਕਿਆ ਗਿਆ ਹੈ। ਫਿਰ ਇਹ ਪਾਣੀ ਪੱਕੀਆਂ ਨਹਿਰਾਂ ਰਾਹੀਂ ਪੰਜਾਬ ਤੋਂ ਬਾਹਰ ਜਾਂਦਾ ਹੈ। ਇਹ ਜਿਹੜੀ ਭਾਖੜਾ ਮੇਨ ਲਾਈਨ ਹੈ 1954 ਦੀ ਨਿਕਲੀ ਹੋਈ ਇਸ ਨਹਿਰ ਰਾਹੀਂ ਦਿੱਲੀ, ਹਰਿਆਣਾ ਤੇ ਰਾਜਸਥਾਨ ਤੱਕ ਪਾਣੀ ਜਾਂਦਾ ਹੈ। ਸਤਲੁਜ ਤਾਂ ਨਾਮ ਦਾ ਹੀ ਦਰਿਆ ਹੈ। ਇਸ ਵਿਚ ਤਾਂ ਪਾਣੀ ਉਦੋਂ ਆਉਂਦਾ ਹੈ ਜਦੋ ਹੜ੍ਹ ਆਉਣੇ ਹੋਣ ਜਾਂ ਜਦੋਂ ਭਾਖੜਾ ਬੰਨ੍ਹ ਤੋਂ ਪਾਣੀ ਛੱਡਿਆ ਜਾਂਦਾ ਹੈ। ਰਾਵੀ ਦਰਿਆ ਦੇ ਪਾਣੀ ਨੂੰ ਪਠਾਨਕੋਟ ਦੇ ਮਾਧੋਪੁਰ ਰਾਵੀ-ਬਿਆਸ ਲਿੰਕ ਨਹਿਰ ਪੁੱਟ ਕੇ ਬਿਆਸ ਦਰਿਆ ਵਿਚ ਪਾਇਆ ਗਿਆ। ਨਾਲ ਉੱਧਰ ਫਿਰੋਜ਼ਪੁਰ ਤੋਂ ਥੋੜ੍ਹਾ ਜਿਹਾ ਉੱਪਰ ਹਰੀਕੇ ਪੱਤਣ ਹੈ ਜਿੱਥੇ ਬਿਆਸ ਤੇ ਸਤਲੁਜ ਆਪਸ ਵਿਚ ਮਿਲਦੇ ਨੇ, ਉੱਥੇ ਡੈਮ ਬਣਾ ਲਿਆ। ਹਰੀਕੇ ’ਤੇ ਰਾਵੀ, ਬਿਆਸ ਅਤੇ ਸਤਲੁਜ ਦਾ ਪਾਣੀ ਰੋਕ ਲਿਆ। ਹਰੀਕੇ ਤੋਂ ਦੋ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਰਾਜਸਥਾਨ ਲਈ। ਇਕ ਤਾਂ 1953 ਵਿਚ ਅਤੇ ਦੂਜੀ ਇੰਦਰਾ ਗਾਂਧੀ ਨਹਿਰ 1961 ਵਿਚ ਨਿਕਲੀ ਜਿਹੜੀ ਜੈਸਲਮੇਰ ਤੱਕ ਜਾਂਦੀ ਹੈ ਪੰਜਾਬ ਦਾ ਪਾਣੀ ਲੈ ਕੇ। ਭਾਰਤ ਸਰਕਾਰ ਨੇ ਰਾਜਸਥਾਨ ਦੇ ਥਾਰ ਮਾਰੂਥਲ ਦੀ ਸਿੰਚਾਈ ਲਈ ਹਰੀਕੇ ਤੋਂ ਦੋ ਪੱਕੀਆਂ ਨਹਿਰਾਂ ਕੱਢਣ ਦੀ ਮੰਗ ਵਰਲਡ ਬੈਂਕ ਸਾਹਮਣੇ ਰੱਖੀ ਸੀ।

ਵਰਲਡ ਬੈਂਕ ਤਾਂ ਇਹ ਆਖਦਾ ਸੀ, ‘‘ਇਹ ਪੰਜਾਬ ਦੀ ਵੀ ਬਰਬਾਦੀ ਹੈ ਤੇ ਪਾਣੀਆਂ ਦੀ ਵੀ।’’ ਉਸ ਵੱਲੋਂ ਇਹ ਪ੍ਰਸਤਾਵ ਰੱਦ ਕਰਨ ਦੇ ਬਾਵਜੂਦ ਇਹ ਨਹਿਰਾਂ ਕੱਢੀਆਂ ਗਈਆਂ।650 ਕਿੱਲੋਮੀਟਰ ਲੰਬੀ ਇਹ ਨਹਿਰ ਬੀਕਾਨੇਰ ਤੇ ਜੈਸਲਮੇਰ ਦੇ ਮਾਰੂਥਲ ਨੂੰ ਆਬਾਦ ਕਰਨ ਲਈ ਜਾਂਦੀ ਹੈ। ਜਦੋਂ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬੀ ਸੂਬਾ ਬਣਾਉਣ ਦੀ ਮੰਗ ਮੰਨ ਲਈ ਗਈ ਤਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਨੂੰ ਫਿਰ ਆਪਣੇ ਅਧਿਕਾਰ ਖੇਤਰ ਵਿਚ ਰੱਖ ਲਿਆ। ਸਾਫ਼ ਗੱਲ ਇਹ ਹੈ ਕਿ ਪੰਜਾਬਕਦੇ ਦਿੱਲੀ ਦੀ ਮਨਜ਼ੂਰੀ ਤੋਂ ਬਿਨਾਂ ਇਕ ਸੂਆ ਵੀ ਨਹੀਂ ਪੁੱਟ ਸਕਦਾ। ਪੰਜਾਬ ਦੇ ਕੁੱਲ ਪਾਣੀਆਂ ਦਾ 75.5% ਤੋਂ ਵੀ ਵੱਧ ਹਿੱਸਾ ਕੇਂਦਰ ਸਰਕਾਰ ਨੇ ਪੰਜਾਬ ਤੋਂ ਖੋਹ ਕੇ ਬਾਕੀ ਸੂਬਿਆਂ ਦੇ ਹਵਾਲੇ ਕਰ ਦਿੱਤਾ ਹੈ, ਉਹ ਵੀ ਮੁਫ਼ਤ। ਪੰਜਾਬ ਦੇ ਕੁੱਲ 17 ਮਿਲੀਅਨ ਏਕੜ ਫੁੱਟ ਪਾਣੀ ਵਿੱਚੋਂ ਪੰਜਾਬ ਲਈ ਬਚਿਆ ਸਿਰਫ਼ 4.22 ਮਿਲੀਅਨ ਏਕੜ ਫੁੱਟ ਪਾਣੀ। ਮਤਲਬ ਚੌਥੇ ਹਿੱਸੇ ਤੋਂ ਵੀ ਘੱਟ। ਪੰਜਾਬ ਦਾ ਕੋਈ ਸਮਝੌਤਾ ਨਹੀਂ ਸੀ, ਕੋਈ ਸਹਿਮਤੀ ਨਹੀਂ ਸੀ, ਬਸ ਇੰਦਰਾ ਗਾਂਧੀ ਨੇ ਫੁਰਮਾਨ ਜਾਰੀ ਕਰ ਦਿੱਤਾ ਸੀ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸਨ ਜਦੋਂ 24 ਮਾਰਚ 1974 ਨੂੰ ਭਾਰਤ ਸਰਕਾਰ ਨੇ ਪੰਜਾਬ ਦਾ 75% ਤੋਂ ਵੀ ਜ਼ਿਆਦਾ ਪਾਣੀ ਲੁੱਟ ਲਿਆ ਤੇ ਪੰਜਾਬ ਨੂੰ ਬਰਬਾਦ ਕਰ ਦਿੱਤਾ।

ਪੰਜਾਬ ਨੇ ਆਪਣੀਆਂ ਫ਼ਸਲਾਂ ਦੀਆਂ ਜ਼ਰੂਰਤ ਨੂੰ ਪੂਰਾ ਕਰਨ ਲਈ ਧਰਤੀ ਹੇਠਲੇ ਪਾਣੀ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਤੇ ਹੋਰਨਾਂ ਸੂਬਿਆਂ ਨੂੰ ਆਪਣਾ ਪਾਣੀ ਮੁਫ਼ਤ ਦੇ ਰਿਹਾ ਹੈ। ਪੰਜਾਬ ਨੂੰ ਇਸ ਸਮੇਂ 79 ਮਿਲੀਅਨ ਏਕੜ ਫੁੱਟ ਪਾਣੀ ਦੀ ਜ਼ਰੂਰਤ ਹੈ ਜਿਸ ਵਿਚ 54 ਮਿਲੀਅਨ ਏਕੜ ਫੁੱਟ ਪਾਣੀ ਖੇਤੀਬਾੜੀ ਕਰਨ ਲਈ, 10 ਮਿਲੀਅਨ ਏਕੜ ਫੁੱਟ ਸ਼ਹਿਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਤੇ 5 ਮਿਲੀਅਨ ਏਕੜ ਫੁੱਟ ਸਾਡੇ ਕਾਰੋਬਾਰ ਕਰਨ ਲਈ ਖ਼ਪਤ ਹੁੰਦਾ ਹੈ। ਇਕ ਮਿਲੀਅਨ ਏਕੜ ਫੁੱਟ ਪਾਣੀ ਦਾ ਭਾਵ ਇਹ ਹੈ ਕਿ 10 ਲੱਖ ਏਕੜ ਵਿਚ ਇਕ ਹਜ਼ਾਰ ਗੀਗਾ ਲੀਟਰ ਪਾਣੀ ਭਰਿਆ ਹੋਵੇ। ਜੇ ਪੰਜਾਬ ਦੇ ਕੁੱਲ ਦਰਿਆਵਾਂ ਦੇ ਪਾਣੀ ਦਾ ਹਿਸਾਬ ਲਾਈਏ ਤਾਂ ਜਿੰਨੀ ਸਾਡੀ ਇਕ ਸਾਲ ਦੀ ਜ਼ਰੂਰਤ ਹੈ, ਉਸ ਦੇ ਹਿਸਾਬ ਨਾਲ ਸਾਡਾ ਅੱਧਾ ਪਾਣੀ ਵੀ ਪੂਰਾ ਨਹੀਂ ਹੁੰਦਾ। ਹੁਣ ਇਹ ਦੇਖ ਲਓ ਕਿ ਜਿਹੜੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਦਾ ਹੈ, ਉਹ ਉਸ ਦਾ ਖ਼ਰਚਾ ਦਿੰਦੇ ਹਨ। ਜਿਹੜਾ ਪੰਜਾਬ ਦਾ ਆਪਣਾ ਪਾਣੀ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਹੈ, ਉਹ ਜਾ ਰਿਹਾ ਹੈ। ਉਹ ਵੀ ਉਸ ਸਮੇਂ ਜਦੋਂ ਪੰਜਾਬ ਬੂੰਦ-ਬੂੰਦ ਨੂੰ ਤਰਸ ਰਿਹਾ ਹੈ। ਇੰਦਰਾ ਗਾਂਧੀ ਦੇ ਇਸ ਧੱਕੇ ਨਾਲ ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦਾ ਜਨਮ ਹੋਇਆ ਸੀ। ਇਕ ਪਾਸੇ ਤਾਂ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਹੈ, ਦੂਜੇ ਪਾਸੇ ਪੰਜਾਬ ਦਾ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਮੋਟਰਾਂ ਤੇ ਸਬਮਰਸੀਬਲ ਪੰਪਾਂ ਨਾਲ ਕੱਢਣ ਲਈ ਮਜਬੂਰ ਹੈ। ਅੱਜ ਦੇ ਸਮੇਂ ਪੰਜਾਬ ਵਿਚ 15 ਤੋਂ 20 ਲੱਖ ਟਿਊਬਵੈੱਲ ਹਨ। ਦੁਨੀਆ ਵਿਚ ਬਹੁਤ ਘੱਟ ਪੰਜਾਬ ਵਰਗੇ ਖੇਤਰ ਹਨ ਜਿਨ੍ਹਾਂ ਦੇ ਹੇਠਾਂ ਕੁਦਰਤ ਨੇ ਪਾਣੀ ਦਿੱਤਾ ਹੈ। ਪਹਿਲਾਂ ਧਰਤੀ ਹੇਠਲੇ ਪਾਣੀ ਦਾ ਪੱਧਰ 20-25 ਫੁੱਟ ਡੂੰਘਾਈ ’ਤੇ ਮੌਜੂਦ ਸੀ ਜਿਸ ਦੀ ਵਰਤੋਂ ਖੂਹਾਂ ਤੇ ਹੱਥ ਵਾਲੇ ਨਲਕਿਆਂ ਨਾਲ ਕੀਤੀ ਜਾਂਦੀ ਰਹੀ ਹੈ। ਪੰਜਾਬ ਦੀ ਧਰਤੀ ਦੀ ਪਾਣੀ ਦੀ ਪਹਿਲੀ ਪਰਤ ਤਾਂ ਬਹੁਤ ਸਮਾਂ ਪਹਿਲਾਂ ਖ਼ਤਮ ਹੋ ਗਈ ਹੈ। ਜੇ ਅਸੀਂ ਨਹੀਂ ਸਮਝੇ ਤਾਂ ਪੰਜਾਬ ਵਿਚ ਪਾਣੀ ਖ਼ਤਮ ਹੋ ਜਾਵੇਗਾ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...