ਬੀਤੇ ਦਿਨੀਂ ਵਲਾਦੀਮੀਰ ਪੁਤਿਨ ਤਿੰਨ ਦਿਨ ਚੱਲੀ ਰਾਸ਼ਟਰਪਤੀ ਦੀ ਚੋਣ ਵਿਚ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ। ਪੁਤਿਨ ਨੂੰ ਲਗਪਗ 7.6 ਕਰੋੜ ਵੋਟਾਂ ਪਈਆਂ ਜੋ ਕੁੱਲ ਵੋਟਾਂ ਦਾ 87.29 ਪ੍ਰਤੀਸ਼ਤ ਬਣਦਾ ਹੈ। ਕਮਿਸ਼ਨ ਦੀ ਮੁਖੀ ਏਲਾ ਪਾਮਫਿਲੋਵਾ ਨੇ ਕਿਹਾ ਕਿ ਲਗਪਗ 76 ਮਿਲੀਅਨ ਲੋਕਾਂ ਨੇ ਪੁਤਿਨ ਨੂੰ ਵੋਟ ਪਾਈ ਜੋ ਉਨ੍ਹਾਂ ਨੂੰ ਹੁਣ ਤੱਕ ਮਿਲਦੀਆਂ ਰਹੀਆਂ ਵੋਟਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਪੁਤਿਨ ਪਿਛਲੇ 25 ਸਾਲਾਂ (ਦਸੰਬਰ 1999) ਤੋਂ ਕਦੇ ਰਾਸ਼ਟਰਪਤੀ ਤੇ ਕਦੇ ਪ੍ਰਧਾਨ ਮੰਤਰੀ ਵਜੋਂ ਰੂਸੀ ਸਿਆਸਤ ਵਿਚ ਸਰਗਰਮ ਰਹੇ ਹਨ।ਉਹ ਸਟਲਿਨ ਨੂੰ ਪਿੱਛੇ ਛੱਡ ਕੇ ਦੇਸ਼ ਦੇ 200 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਲੰਮੇ ਸਮੇਂ ਤੱਕ ਹੁਕਮਰਾਨ ਹੋਣਗੇ। ਇਸ ਜਿੱਤ ਸਦਕਾ ਪੁਤਿਨ ਨੇ ਰੂਸ-ਯੂਕਰੇਨ ਜੰਗ ਦੇ ਬਾਵਜੂਦ ਰੂਸ ਦੀ ਸੱਤਾ ਉੱਪਰ ਆਪਣੀ ਜਕੜ ਹੋਰ ਵੀ ਪੀਡੀ ਕਰ ਲਈ ਹੈ। ਜਿੱਤ ਤੋਂ ਬਾਅਦ ਪੁਤਿਨ ਨੇ ਪੱਛਮ ਨੂੰ ਚਿਤਾਵਨੀ ਦਿੰਦਿਆਂ ਕਿਹਾ,‘‘ਰੂਸ ਅਤੇ ਅਮਰੀਕੀ ਅਗਵਾਈ ਵਾਲੇ ਨਾਟੋ ਫ਼ੌਜੀ ਸੰਗਠਨ ਦਰਮਿਆਨ ਸਿੱਧੇ ਸੰਘਰਸ਼ ਦਾ ਮਤਲਬ ਹੈ ਦੁਨੀਆ ਨੂੰ ਤੀਸਰੇ ਵਿਸ਼ਵ ਯੁੱਧ ਵੱਲ ਧੱਕਣਾ ਭਾਵ ਉਹ ਸੰਸਾਰ ਜੰਗ ਤੋਂ ਸਿਰਫ਼ ਇਕ ਕਦਮ ਦੂਰ ਹੈ।
ਪੁਤਿਨ ਨੇ ਇਹ ਵੀ ਕਿਹਾ, ‘‘ਅਸੀਂ ਸ਼ਾਂਤੀ ਵਾਰਤਾ ਦੇ ਪੱਖ ਵਿਚ ਹਾਂ। ਅੱਜ ਦੇ ਸਮੇਂ ਸ਼ਾਇਦ ਹੀ ਕੋਈ ਸੰਸਾਰ ਜੰਗ ਚਾਹੁੰਦਾ ਹੋਵੇ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ’ਤੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਪੰਜਵੇਂ ਕਾਰਜਕਾਲ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਵਾਰਤਾ ਅਤੇ ਕੂਟਨੀਤੀ ਰੂਸ-ਯੂਕਰੇਨ ਜੰਗ ਨੂੰ ਸੁਲਝਾਉਣ ਦਾ ਇੱਕੋ-ਇੱਕ ਰਾਹ ਹੈ। ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ। ਚੀਨ, ਉੱਤਰੀ ਕੋਰੀਆ, ਹੋਂਡੂਰਸ, ਨਿਕਾਰਗੂਆ, ਵੈਨਜ਼ੂਏਲਾ, ਤਾਜਿਕਿਸਤਾਨ, ਉਜ਼ਬੇਕਿਸਤਾਨ ਆਦਿ ਕਈ ਦੇਸ਼ਾਂ ਨੇ ਪੁਤਿਨ ਨੂੰ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ ਵਧਾਈ ਦਿੱਤੀ ਹੈ। ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਆਪਣੀ ਪ੍ਰਤੀਕਿਰਿਆ ’ਚ ਕਿਹਾ ਕਿ ਰੂਸ ਵਿਚ ਸੁਤੰਤਰ ਤੇ ਨਿਰਪੱਖ ਚੋਣਾਂ ਨਹੀਂ ਹੋਈਆਂ। ਇਸ ਲਈ ਨਤੀਜਾ ਅਣਕਿਆਸਾ ਨਹੀਂ ਹੈ। ਉਨ੍ਹਾਂ ਚੋਣਾਂ ਨੂੰ ਮਹਿਜ਼ ਫ਼ਰਜ਼ੀ ਦੱਸ ਕੇ ਖ਼ਾਰਜ ਕਰ ਦਿੱਤਾ ਹੈ। ਰੂਸ ਵਿਚ ਪੁਤਿਨ ਦੇ ਜਿੰਨੇ ਵੀ ਸਿਆਸੀ ਵਿਰੋਧੀ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਜਾਂ ਤਾਂ ਜੇਲ੍ਹ ਵਿਚ ਹਨ ਜਾਂ ਫਿਰ ਜਲਾਵਤਨੀ ਹੰਢਾ ਰਹੇ ਹਨ। ਜਦਕਿ ਉਨ੍ਹਾਂ ਦਾ ਸਭ ਤੋਂ ਸਿਰਕੱਢ ਸਿਆਸੀ ਵਿਰੋਧੀ ਅਲੈਕਸੀ ਨੇਵਾਲਨੀ (71) ਦੀ ਪਿਛਲੇ ਮਹੀਨੇ ਜੇਲ੍ਹ ਵਿਚ ਮੌਤ ਹੋ ਗਈ ਸੀ। ਚੋਣ ਤੋਂ ਬਾਅਦ ਵੀ ਰੂਸ ਦੇ ਕਈ ਸ਼ਹਿਰਾਂ ਵਿਚ ਪੁਤਿਨ ਵਿਰੋਧੀ ਮੁਜ਼ਾਹਰੇ ਹੋ ਰਹੇ ਹਨ। ਨੇਵਾਲਨੀ ਦੀ ਪਤਨੀ ਯੂਲੀਆ ਨੇਵਾਲਨਾਇਆ ਨੇ ਪੁਤਿਨ ਨੂੰ ਕਾਤਲ ਤੇ ਗੈਂਗਸਟਰ ਕਰਾਰ ਦਿੱਤਾ। ਪੁਤਿਨ ਦੀ ਇਹ ਹੱਠਧਰਮੀ ਨਾ ਕੇਵਲ ਪੂਰਬੀ ਯੂਰਪ ਸਗੋਂ ਬਾਕੀ ਦੁਨੀਆ ਲਈ ਵੀ ਕੋਈ ਸ਼ੁਭ ਸ਼ਗਨ ਨਹੀਂ ਮੰਨੀ ਜਾ ਸਕਦੀ।
ਇਹ ਗੱਲ ਵੀ ਜ਼ਾਹਰ ਹੁੰਦੀ ਹੈ ਕਿ ਜਦੋਂ ਤੱਕ ਪੁਤਿਨ ਨੂੰ ਪਿਛਾਂਹ ਹਟਣ ਲਈ ਕਾਇਲ ਨਹੀਂ ਕੀਤਾ ਜਾਵੇਗਾ, ਓਨਾ ਚਿਰ ਤਾਂ ਨੇੜ ਭਵਿੱਖ ਵਿਚ ਯੂਕਰੇਨ ਜੰਗ ਦਾ ਖ਼ਾਤਮਾ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਪੱਛਮੀ ਦੇਸ਼ਾਂ ਨੂੰ ਆਪਣੇ ਗ਼ਲਤ ਤੌਰ-ਤਰੀਕਿਆਂ ’ਤੇ ਝਾਤ ਮਾਰਨ ਦੀ ਲੋੜ ਹੈ। ਯਾਦ ਰਹੇ ਕਿ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਬਿ੍ਰਟੇਨ, ਫਰਾਂਸ ਤੇ ਜਰਮਨੀ ਆਦਿ ਨੇ ਜੰਗ ਵਿਚ ਯੂਕਰੇਨ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਪੈਰਿਸ ਵਿਚ ਕਰਵਾਈ ਯੂਰਪੀ ਦੇਸ਼ਾਂ ਦੇ ਮੁਖੀਆਂ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਸੀ ਕਿ ਯੂਕਰੇਨ ਦੀ ਧਰਤੀ ’ਤੇ ਪੱਛਮੀ ਦੇਸ਼ਾਂ ਦੇ ਫ਼ੌਜੀਆਂ ਦੀ ਮੌਜੂਦਗੀ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵੀਹ ਦੇਸ਼ਾਂ ਦੇ ਮੁਖੀਆਂ ਤੇ ਹੋਰ ਪੱਛਮੀ ਅਧਿਕਾਰੀਆਂ ਦੀ ਬੈਠਕ ਵਿਚ ਮੈਕਰੋਂ ਨੇ ਕਿਹਾ ਸੀ ਕਿ ਫ਼ਿਲਹਾਲ ਅਸੀਂ ਫ਼ੌਜ ਭੇਜਣ ਵਾਲੇ ਨਹੀਂ ਪਰ ਨੇੜ ਭਵਿੱਖ ਵਿਚ ਕੁਝ ਵੀ ਸੰਭਵ ਹੈ। ਜਦੋਂਕਿ ਰੂਸ ਵੱਲੋਂ ਇਹ ਫ਼ੌਜੀ ਕਾਰਵਾਈ ਯੂਕਰੇਨ ਨੂੰ ਨਾਟੋ ਦਾ ਹਿੱਸਾ ਬਣਾਉਣ ਦੀ ਅਮਰੀਕੀ ਯੋਜਨਾ ਨੂੰ ਰੋਕਣ ਲਈ ਕੀਤੀ ਗਈ ਸੀ। ਰੂਸ ਨੂੰ ਹਰਾਉਣ ਲਈ ਅਮਰੀਕਾ ਤੇ ਨਾਟੋ ਵੱਲੋਂ ਦਿੱਤੀ ਜਾ ਰਹੀ ਫ਼ੌਜੀ ਸਾਜ਼ੋ-ਸਾਮਾਨ ਤੇ ਡਾਲਰਾਂ ਦੀ ਸਹਾਇਤਾ ਦੇ ਬਾਵਜੂਦ ਯੂਕਰੇਨ ਹਾਰ ਦੇ ਮੁਹਾਨੇ ’ਤੇ ਖੜ੍ਹਾ ਨਜ਼ਰ ਆ ਰਿਹਾ ਹੈ। ਯੂਕਰੇਨ ਦੀ ਇਕ ਚੌਥਾਈ ਜ਼ਮੀਨ ’ਤੇ ਰੂਸ ਦਾ ਕਬਜ਼ਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਪੱਛਮੀ ਦੇਸ਼ਾਂ ਤੋਂ ਯੂਕਰੇਨ ਨੂੰ ਫ਼ੌਜੀ ਸਾਜ਼ੋ-ਸਾਮਾਨ ਤੇ ਪੈਸਾ ਨਹੀਂ ਪੁੱਜ ਰਿਹਾ ਜਿਸ ਕਰਕੇ ਰੂਸ ਨੂੰ ਅੱਗੇ ਵਧਣ ਵਿਚ ਮਦਦ ਮਿਲ ਰਹੀ ਹੈ।
ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਮੂਹਰਲੇ ਮੋਰਚਿਆਂ ਤੱਕ ਆਪਣੀ ਫ਼ੌਜ ਦੀ ਪਹੁੰਚ ਬਣਾ ਲਈ ਹੈ ਜਦਕਿ ਯੂਕਰੇਨ ਦੀ ਫ਼ੌਜ ਹਥਿਆਰਾਂ, ਹਵਾਈ ਰੱਖਿਆ ਪ੍ਰਣਾਲੀ ਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਇਲਾਂ ਦੀ ਘਾਟ ਕਰਕੇ ਜੂਝ ਰਹੀ ਹੈ। ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ, ‘‘ਇਹ ਲੜਾਈ ਆਰ-ਪਾਰ ਦੀ ਹੈ, ਜਾਂ ਅਸੀਂ ਬਚਾਂਗੇ ਜਾਂ ਪੱਛਮੀ ਦੇਸ਼।’’ ਯਾਦ ਰਹੇ ਕਿ 31 ਨਾਟੋ ਦੇਸ਼ ਯੂਕਰੇਨ ਨੂੰ ਮੋਹਰਾ ਬਣਾ ਕੇ ਰੂਸ ਨੂੰ ਹਰਾਉਣ ਲਈ ਇਕੱਠੇ ਹੋਏ ਹਨ। ਅਸਲ ਵਿਚ ਪੱਛਮੀ ਦੇਸ਼ ਇਹ ਸਮਝ ਰਹੇ ਸਨ ਕਿ ਪੂਰਬੀ ਤੇ ਦੱਖਣੀ ਦੇਸ਼ਾਂ ਨੂੰ ਉਹ ਫ਼ੌਜੀ ਤਾਕਤ ਨਾਲ ਦਬਾ ਲੈਣਗੇ। ਇਸ ਮੰਤਵ ਲਈ ਪਹਿਲਾਂ ਅਮਰੀਕਾ ਨੇ ਰੂਸ ਖ਼ਿਲਾਫ਼ ਆਰਥਿਕ ਪਾਬੰਦੀਆਂ ਆਇਦ ਕੀਤੀਆਂ। ਫਿਰ ਪੂਰਬ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਰੂਸ ਨਾਲ ਯੁੱਧ ਸ਼ੁਰੂ ਕੀਤਾ ਪਰ ਰੂਸ ਨੇ ਪੱਛਮੀ ਮੁਲਕਾਂ ਨੂੰ ਪਛਾੜ ਦਿੱਤਾ ਹੈ। ਰੂਸੀ ਰਾਸ਼ਟਰਪਤੀ ਲਈ ਹੋਈ ਚੋਣ ਦੇ ਨਤੀਜੇ ਹੈਰਾਨ ਕਰਨ ਵਾਲੇ ਨਹੀਂ ਸਨ ਸਗੋਂ ਆਸ ਮੁਤਾਬਕ ਹੀ ਆਏ ਹਨ। ਇਹ ਪਹਿਲਾਂ ਹੀ ਤੈਅ ਮੰਨਿਆ ਜਾ ਰਿਹਾ ਸੀ ਕਿ ਉੱਥੇ ਵਲਾਦੀਮੀਰ ਪੁਤਿਨ ਦੀ ਇਕ ਵਾਰ ਫਿਰ ਵੱਡੀ ਜਿੱਤ ਹੋਵੇਗੀ। ਇਸ ਵਾਰ ਜਦ ਪੁਤਿਨ ਦੇ ਭਾਰੀ ਵੋਟਾਂ ਦੇ ਫਰਕ ਨਾਲ ਰਾਸ਼ਟਰਪਤੀ ਚੁਣੇ ਜਾਣ ਦੀ ਘੋਸ਼ਣਾ ਹੋਈ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਈ।
ਗ਼ੌਰ ਤਲਬ ਹੈ ਕਿ ਪੁਤਿਨ ਨੂੰ ਇਸ ਵਾਰ 87.29 ਫ਼ੀਸਦ ਵੋਟਾਂ ਮਿਲੀਆਂ ਸਨ ਜਦੋਂਕਿ ਪਿਛਲੀ ਵਾਰ ਉਨ੍ਹਾਂ ਨੂੰ 76.7% ਵੋਟਾਂ ਮਿਲੀਆਂ ਸਨ। ਯਾਨੀ ਕਿ ਬੀਤੇ ਕਾਰਜਕਾਲ ਦੌਰਾਨ ਰੂਸ ਵਿਚ ਪੁਤਿਨ ਦੇ ਪ੍ਰਭਾਵ ਦਾ ਹੋਰ ਵਿਸਥਾਰ ਹੋਇਆ ਹੈ। ਹਾਲਾਂਕਿ ਇਸ ਦਰਮਿਆਨ ਰੂਸ ਨੂੰ ਕੋਰੋਨਾ ਮਹਾਮਾਰੀ ਸਮੇਤ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਵੀ ਜੂਝਣਾ ਪਿਆ। ਰੂਸ ਦੀ ਸਭ ਤੋਂ ਜਟਿਲ ਸਥਿਤੀ ਯੂਕਰੇਨ ਨਾਲ ਯੁੱਧ ਦੀ ਸ਼ੁਰੂਆਤ ਹੈ ਜੋ ਹੁਣ ਤੀਸਰੇ ਸਾਲ ’ਚ ਦਾਖ਼ਲ ਹੋ ਚੁੱਕੀ ਹੈ ਅਤੇ ਉਸ ਦੇ ਖ਼ਤਮ ਹੋਣ ਦੀ ਅਜੇ ਕੋਈ ਉਮੀਦ ਨਹੀਂ ਵਿਖਾਈ ਦੇ ਰਹੀ।ਇਸ ਮੁੱਦੇ ਨੇ ਪੁਤਿਨ ਨੂੰ ਆਪਣੇ ਸਾਹਮਣੇ ਦੇ ਮੈਦਾਨ ਨੂੰ ਸਾਫ਼ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਅੰਦਰੂਨੀ ਮੋਰਚੇ ਉੱਤੇ ਪੁਤਿਨ ਨੂੰ ਅਰਥਚਾਰੇ ਵਿਚ ਮਜ਼ਬੂਤੀ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਇਕ ਤਾਕਤਵਰ ਦੇਸ਼ ਦੇ ਰੂਪ ਵਿਚ ਆਪਣੀ ਜਗ੍ਹਾ ਬਣਾਉਣ ਦਾ ਰਾਜਨੀਤਕ ਅਸਰ ਵੀ ਚੋਣ ’ਤੇ ਪਿਆ ਅਤੇ ਲੋਕਾਂ ਨੇ ਪੁਤਿਨ ਨੂੰ ਚੁਣਿਆ। ਉਨ੍ਹਾਂ ਦਾ ਇਹ ਕਾਰਜਕਾਲ 2030 ਤੱਕ ਹੋਵੇਗਾ।
ਰੂਸ ਵਿਚ ਰਾਇਸ਼ੁਮਾਰੀ 2020 ਵਿਚ ਜੋ ਸੰਵਿਧਾਨ ਵਿਚ ਸੋਧਾਂ ਕਰਵਾਈਆਂ ਸਨ, ਉਸ ਤਹਿਤ ਪੁਤਿਨ ਅਜੇ 6 ਸਾਲ ਦੇ ਦੋ ਹੋਰ ਕਾਰਜਕਾਲ ਜਾਂ 2036 ਤੱਕ ਰਾਸ਼ਟਰਪਤੀ ਰਹਿ ਸਕਦੇ ਹਨ। ਇਹ ਉਨ੍ਹਾਂ ਦਾ ਪੰਜਵਾਂ ਕਾਰਜਕਾਲ ਹੈ ਤੇ ਹੁਣ ਤੱਕ ਅੰਦਰੂਨੀ ਮੋਰਚੇ ’ਤੇ ਉਨ੍ਹਾਂ ਦੇ ਸਾਹਮਣੇ ਕਿਸੇ ਵਿਰੋਧੀ ਦੇ ਉੱਭਰਨ ਦੀ ਸਥਿਤੀਆਂ ਬੇਹੱਦ ਮੁਸ਼ਕਲ ਰਹੀਆਂ ਹਨ। ਪਿਛਲੇ ਕੁਝ ਸਾਲਾਂ ਵਿਚ ਇੱਕਾ-ਦੁੱਕਾ ਵਿਰੋਧੀ ਸੁਰ ਉੱਭਰੇ ਜੋ ਪੁਤਿਨ ਦੇ ਸਾਹਮਣੇ ਕੋਈ ਚੁਣੌਤੀ ਨਹੀਂ ਬਣ ਸਕੇ। ਅਲੇਸਕੀ ਨਵੇਲਨੀ ਨੂੰ ਪੁਤਿਨ ਦਾ ਸਭ ਤੋਂ ਕੱਟੜ ਵਿਰੋਧੀ ਮੰਨਿਆ ਜਾਂਦਾ ਸੀ। ਰਾਸ਼ਟਰਪਤੀ ਚੋਣਾਂ ਹੋਣ ਤੋਂ ਪਹਿਲਾਂ ਹੀ ਜੇਲ੍ਹ ਵਿਚ ਉਸ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ ’ਤੇ ਯੂਕਰੇਨ ਨਾਲ ਜੰਗ ਦੇ ਸਵਾਲ ’ਤੇ ਰੂਸ ਵਿਰੁੱਧ ਬਣਨ ਵਾਲੇ ਮੋਰਚੇ ਤੋਂ ਵੀ ਪੁਤਿਨ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਪੁੱਜਾ ਅਤੇ ਤਮਾਮ ਝਟਕਿਆਂ ਦੇ ਬਾਵਜੂਦ ਉਸ ਨੇ ਆਪਣੀ ਵਿਸ਼ਵ ਵਿਆਪੀ ਸ਼ਖ਼ਸੀਅਤ ਬਣਾਈ ਰੱਖੀ। ਹੁਣ ਨਵੇਂ ਕਾਰਜਕਾਲ ਦੀ ਸ਼ੁਰੂਆਤ ਵਿਚ ਹੀ ਉਨ੍ਹਾਂ ਨੇ ਜਿਸ ਤਰ੍ਹਾਂ ਤੀਸਰੇ ਵਿਸ਼ਵ ਯੁੱਧ ਦਾ ਖ਼ਦਸ਼ਾ ਜਤਾਇਆ ਹੈ, ਉਸ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਕੂਟਨੀਤੀ ਦੇ ਮੋਰਚੇ ’ਤੇ ਪੁਤਿਨ ਦੇ ਰੁਖ਼ ’ਤੇ ਦੁਨੀਆ ਦੀ ਨਜ਼ਰ ਰਹੇਗੀ। ਇਹੀ ਨਹੀਂ, ਮਾਸਕੋ ਵਿਚ ਹੋਏ ਅੱਤਵਾਦੀ ਹਮਲੇ ਨੇ ਬਲਦੀ ’ਤੇ ਘਿਉ ਪਾਉਣ ਦਾ ਕੰਮ ਕੀਤਾ ਹੈ। ਉਸ ਹਮਲੇ ਵਿਚ ਅਨੇਕ ਲੋਕ ਮਾਰੇ ਗਏ ਤੇ ਕਾਫ਼ੀ ਸਾਰੇ ਗੰਭੀਰ ਜ਼ਖ਼ਮੀ ਹੋ ਗਏ ਸਨ। ਉਕਤ ਹਮਲੇ ਦੀ ਜ਼ਿੰਮੇਵਾਰੀ ਭਾਵੇਂ ਅੱਤਵਾਦੀ ਸੰਗਠਨ ਆਈਐੱਸਆਈਐੱਸ ਨੇ ਲਈ ਹੈ ਪਰ ਪੁਤਿਨ ਉਕਤ ਅੱਤਵਾਦੀ ਹਮਲੇ ਪਿੱਛੇ ਯੂਕਰੇਨ ਦਾ ਹੱਥ ਮੰਨ ਰਹੇ ਹਨ। ਦੂਜੇ ਪਾਸੇ ਜ਼ੇਲੈਂਸਕੀ, ਅਮਰੀਕਾ ਤੇ ਹੋਰ ਪੱਛਮੀ ਮੁਲਕ ਉਕਤ ਹਮਲੇ ਲਈ ਯੂਕਰੇਨ ਦੀ ਭੂਮਿਕਾ ਨਕਾਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਤਿਨ ਦਾ ਅਗਲਾ ਕਦਮ ਕੀ ਹੋਵੇਗਾ?