ਰੰਗਾਂ ਦਾ ਜਾਹੋ-ਜਲਾਲ

ਭਾਰਤ, ਖ਼ਾਸ ਤੌਰ ’ਤੇ ਪੰਜਾਬ ਮੇਲਿਆਂ-ਉਤਸਵਾਂ ਦਾ ਦੇੇਸ਼ ਹੈ। ਇਹ ਵਿਸ਼ਵ ਦੇ ਵਿਰਲੇ-ਟਾਵੇਂ ਦੇਸ਼ਾਂ ’ਚੋਂ ਇਕ ਹੈ ਜਿੱਥੇ ਛੇ ਰੁੱਤਾਂ ਦਸਤਕ ਦਿੰਦੀਆਂ ਹਨ। ਇਨ੍ਹਾਂ ਰੁੱਤਾਂ/ਮੌਸਮਾਂ ’ਚੋਂ ਬਸੰਤ ਨੂੰ ਸਭ ਤੋਂ ਵੱਧ ਸੁਹਾਵਣਾ ਮੰਨਿਆ ਜਾਂਦਾ ਹੈ। ਇਸ ਰੁੱਤੇ ਧਰਤੀ ਤੇ ਆਕਾਸ਼ ਦੇ ਨਾਲ-ਨਾਲ ਤਨ-ਮਨ ਵੀ ਮੌਲ ਉੱਠਦੇ ਹਨ। ਤਨ-ਮਨ ਦਰਅਸਲ ਧਰਤੀ ਤੇ ਆਕਾਸ਼ ਦੇ ਖੇੜੇ ਦਾ ਹੀ ਅਨੁਵਾਦ ਕਰ ਰਹੇ ਹੁੰਦੇ ਹਨ।ਬਨਸਪਤੀ ਦੇ ਖਿੜੇ ਫੁੱਲ ਅੰਤਹਕਰਣ ਨੂੰ ਮਹਿਕਾ ਦਿੰਦੇ ਹਨ। ਪ੍ਰਾਚੀਨ ਕਾਲ ਵਿਚ ਬਸੰਤ ਰੁੱਤ ਦੇ ਆਗਮਨ ਤੋਂ ਫੱਗਣ ਦੀ ਪੂਰਨਮਾਸ਼ੀ ਤੱਕ ਲਗਪਗ ਚਾਲ਼ੀ ਦਿਨ ਹੋਲੀ ਮਨਾਈ ਜਾਂਦੀ ਸੀ। ਰੁੱਤ ਦੇ ਇਸ ਚਲੀਹੇ ਦੌਰਾਨ ਧਰਤੀ ਵੰਨ-ਸੁਵੰਨੇ ਲਿਬਾਸ ਪਹਿਨਦੀ ਹੈ। ਅੰਬਰ ਦੀ ਕੈਵਨਸ ’ਤੇ ਮਨਮੋਹਕ ਰੰਗ ਬਿਖਰੇ ਮਿਲਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1193 ’ਤੇ ਕਬੀਰ ਸਾਹਿਬ ਫੁਰਮਾਉਂਦੇ ਹਨ, ‘‘ਮਉਲੀ ਧਰਤੀ ਮਉਲਿਆ ਅਕਾਸ਼/ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥’’ ਮਿੱਠੀ ਰੁੱਤ ਦੇ ਚਲੀਹੇ ਦੌਰਾਨ ਕੁਦਰਤ ਦੇ ਹਰ ਰੰਗ ਦਾ ਦੀਦਾਰ ਹੁੰਦਾ ਹੈ ਜਿਸ ਨਾਲ ਤਨ, ਮਨ ਹੁਲਾਸ ਨਾਲ ਭਰ ਜਾਂਦਾ ਹੈ। ਹਰ ਰੰਗ ਨਿਵੇਕਲਾ ਸੰਵਾਦ ਰਚਾਉਂਦਾ ਹੈ।

ਕੁਦਰਤ ਦੇ ਰਹੱਸਾਂ ਦੀ ਬਾਤ ਪਾਉਂਦਾ ਹੈ। ਰੁੱਤਾਂ ਦੀਆਂ ਕਰਵਟਾਂ ’ਚੋਂ ਝਰਦਾ ਹਰ ਰੰਗ ਵੱਖਰੇ ਅਰਥ ਰੱਖਦਾ ਹੈ। ਲਾਲ ਰੰਗ ਨੂੰ ਹਰਸ਼, ਹੁਲਾਸ ਤੇ ਖ਼ੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕੁਦਰਤ-ਲਲਾਰਨ ਨੇ ਦੇਵੀਆਂ ਦਾ ਲਿਬਾਸ/ਚੂੜਾ ਰੱਤੇ ਰੰਗ ਵਿਚ ਰੰਗਿਆ ਹੁੰਦਾ ਹੈ। ਕਿਧਰੇ ਇਹ ਰੰਗ ਖ਼ਤਰੇ ਤੇ ਉਤੇਜਨਾ ਦਾ ਸੂਚਕ ਬਣ ਜਾਂਦਾ ਹੈ। ਗੁਲਾਬੀ ਰੰਗ ਦਾ ਗੁਲਾਲ ਪਿਆਰ ਦਾ ਪ੍ਰਤੀਕ ਹੈ। ਗੁਲਾਲ ਉੱਡਦਾ ਹੈ ਤਾਂ ਦੁਸ਼ਮਣੀ ਭੁੱਲ ਜਾਂਦੀ ਹੈ। ਉੱਡਦੇ ਗੁਲਾਲ ਵਿਚ ਦਿਲ ਇੱਕਮਿੱਕ ਹੋ ਜਾਂਦੇ ਹਨ। ਹਰ ਰੰਗ ਕੁਦਰਤ ਦੀ ਹਰਿਆਵਲ ਦਾ ਉਤਾਰਾ ਕਰਦਾ ਹੈ। ਇਹ ਕੁਦਰਤ ਪ੍ਰਤੀ ਮੋਹ-ਪਿਆਰ ਨੂੰ ਪ੍ਰਗਟਾਉਣ ਵਾਲਾ ਰੰਗ ਹੈ। ਕਰੂੰਬਲਾਂ ਦੇ ਫੁੱਟਣ ਦਾ ਸੁਨੇਹਾ ਦੇਣ ਵਾਲਾ ਇਹ ਰੰਗ ਸੁਨਹਿਰੀ ਭਵਿੱਖ ਦੀ ਇਬਾਰਤ ਲਿਖਦਾ ਹੈ। ਇਸ ਰੰਗ ’ਚੋਂ ਵਿਕਾਸ ਜਾਂ ਉਪਜਾਊਪਣ ਸਿਰਜਦਾ ਮਹਿਸੂਸ ਹੁੰਦਾ ਹੈ। ਨੀਲਾ ਰੰਗ ਪਾਣੀ, ਹਵਾ ਤੇ ਅੰਬਰ ਦੀ ਬਾਤ ਪਾਉਂਦਾ ਹੈ। ਅੰਬਰ ਤੇ ਸਮੁੰਦਰ ਨੀਲੀ ਭਾਅ ਮਾਰਦੇ ਹਨ। ਇਸੇ ਲਈ ਨੀਲੇ ਨੂੰ ਸੰਪੂਰਨਤਾ ਦਾ ਰੰਗ ਮੰਨਿਆ ਜਾਂਦਾ ਹੈ। ਮਟਮੈਲੀ ਆਬੋ-ਹਵਾ ਅਉਧ ਨੂੰ ਸਿਉਂਕ ਵਾਂਗ ਖਾਂਦੀ ਹੈ। ਨਿਲੱਤਣ ਪ੍ਰਦੂਸ਼ਿਤ ਹੋ ਜਾਵੇ ਤਾਂ ਇਹ ਮਨੁੱਖਤਾ ਲਈ ਵੱਡੀ ਆਫ਼ਤ ਦਾ ਸਬੱਬ ਬਣ ਜਾਂਦੀ ਹੈ। ਇਸੇ ਲਈ ਨੀਲਾ ਰੰਗ ਸ਼ਾਂਤੀ ਨੂੰ ਦਰਸਾਉਂਦਾ ਪ੍ਰਤੀਤ ਹੁੰਦਾ ਹੈ। ਨੀਲ ਤੋਂ ਬਣੇ ਨੀਲੇ ਰੰਗ ਨੂੰ ਭਰੋਸੇਯੋਗਤਾ ਨਾਲ ਵੀ ਜੋੜਿਆ ਜਾਂਦਾ ਹੈ। ਪੀਲਾ ਤੇ ਬਸੰਤੀ ਸ਼ੁੱਧਤਾ ਦਾ ਪ੍ਰਤੀਕ ਹੈ। ਇਸ ਰੁੱਤ ਵਿਚ ਖਿੜਨ ਵਾਲੇ ਪੀਲੇ ਫੁੱਲ ਖ਼ੁਸ਼ਹਾਲੀ ਦਾ ਹੋਕਾ ਦਿੰਦੇ ਹਨ। ਖੇਤਾਂ ’ਚ ਸਰ੍ਹੋਂ ਦੇ ਫੁੱਲਾਂ ਦੀ ਵਿਛੀ ਹੋਈ ਚਾਦਰ ਰੂਹਾਂ ਨੂੰ ਸਰਸ਼ਾਰ ਕਰਦੀ ਹੈ। ਲੋਕ ਪੀਲੇ ਬਸਤਰ ਪਹਿਨ ਕੇ ਰੁੱਤ ਦੇ ਹਾਣੀ ਬਣਨ ਦਾ ਯਤਨ ਕਰਦੇ ਹਨ। ਬਸੰਤੀ ਰੰਗ ’ਚੋਂ ਕੁਰਬਾਨੀ ਦਾ ਸੁਨੇਹਾ ਵੀ ਪੜਿ੍ਹਆ ਜਾ ਸਕਦਾ ਹੈ। ਦੇਸ਼ ਤੇ ਕੌਮ ਖ਼ਾਤਰ ਸਿਰ ਤਲੀ ’ਤੇ ਰੱਖਣ ਵਾਲੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਵਰਗੇ ਗੀਤ ਗਾਉਂਦੇ ਹਨ। ਬਸੰਤ ਦਾ ਰਾਗ ਦਿਲਾਂ ਵਿਚ ਝੁਣਝੁਣੀ ਛੇੜਦਾ ਹੈ। ਕਾਦਰ ਦਾ ਜਲ ਤਰੰਗ ਮਨਾਂ ਵਿਚ ਤਰੰਗਾਂ ਪੈਦਾ ਕਰਦਾ ਹੈ। ਜੀਵਨ ਦੀ ਕੈਨਵਸ ਰੰਗ-ਬਰੰਗੀ ਦਿਸਦੀ ਹੈ। ਰੱਬ ਦੇ ਰੰਗ ਵਿਚ ਰੰਗੀਆਂ ਰੂਹਾਂ ਲਈ ਇਹ ਰੁੱਤ ਸਭ ਤੋਂ ਮਿੱਠੀ ਹੁੰਦੀ ਹੈ। ਉਂਜ ਜ਼ਿੰਦਗੀ ਨੂੰ ਖ਼ੂਬਸੂਰਤ ਰੰਗਸ਼ਾਲਾ ਹੀ ਕਿਹਾ ਜਾਂਦਾ ਹੈ। ਜ਼ਿੰਦਗੀ ਦੇ ਖਾਲੀਪਣ ਨੂੰ ਜੇ ਮਜੀਠ ਰੰਗਾਂ ਨਾਲ ਰੰਗਿਆ ਜਾਵੇ ਤਾਂ ਕਾਦਰ ਰੀਝਦਾ ਹੈ।

ਅਜਿਹਾ ਨਾ ਹੋਵੇ ਤਾਂ ਮਨੁੱਖ ਸਾਰੀ ਉਮਰ ਰਿੱਝਦਾ ਹੈ। ਖਿਝਦਾ ਹੈ। ਜ਼ਿੰਦਗੀ ਦੀ ਫੁਲਕਾਰੀ ਅਧੂਰੀ ਜਾਪਦੀ ਹੈ। ਸੱਤਾਂ ਰੰਗਾਂ ਦਾ ਸੰਗਮ ਹੋ ਜਾਵੇ ਤਾਂ ਮਨੁੱਖ ਖ਼ੁਦ ਨੂੰ ਦੁਧੀਆ ਰਿਸ਼ਮਾਂ ਵਿਚ ਇਸ਼ਨਾਨ ਕਰਦਾ ਮਹਿਸੂਸ ਕਰਦਾ ਹੈ। ਸਿ੍ਰਸ਼ਟੀ ਦੇ ਗੁੱਝੇ ਅਰਥਾਂ ਨੂੰ ਸਮਝਣ ਲਈ ਦ੍ਰਿਸ਼ਟੀ ਨੂੰ ਸੁਰ ਵਿਚ ਲਿਆਉਣਾ ਪੈਂਦਾ ਹੈ। ਦ੍ਰਿਸ਼ਟੀਕੋਣ ਸਹੀ ਹੈ ਤਾਂ ਮਨੁੱਖ ਸਿ੍ਰਸ਼ਟੀ ਦੇ ਹਰ ਰੰਗ ਨੂੰ ਮਾਣ ਸਕਦਾ ਹੈ। ਇਹ ਵਰਤਾਰਾ ਪਿ੍ਰਜ਼ਮ ’ਚੋਂ ਕਿਰਨਾਂ ਦੇ ਗੁਜ਼ਰਨ ਵਰਗਾ ਹੁੰਦਾ ਹੈ ਜਿਸ ਨਾਲ ਸੱਤ ਰੰਗ ਬਿਖਰ ਜਾਂਦੇ ਹਨ। ਮਨੁੱਖ ਅੰਬਰ ਵਿਚ ਪਈਆਂ ਸੱਤਰੰਗੀਆਂ ਪੀਂਘਾਂ ਦੇ ਝੂਟੇ ਲੈਂਦਾ ਹੈ। ਜ਼ਾਵੀਆ ਗ਼ਲਤ ਹੈ ਤਾਂ ਖਿੜੇ ਹੋਏ ਫੁੱਲ ਵੀ ਧੁਆਂਖੇ ਪ੍ਰਤੀਤ ਹੁੰਦੇ ਹਨ। ਜ਼ਿੰਦਗੀ ਸਹੀ ਮਾਅਨਿਆਂ ਵਿਚ ਵੱਖ-ਵੱਖ ਰੰਗਾਂ ਦੇ ਫੁੱਲਾਂ ਨਾਲ ਮਹਿਕਾਂ ਵੰਡਦਾ ਗੁਲਦਸਤਾ ਹੈ। ਇਸ ਰਮਜ਼ ਨੂੰ ਸਮਝਣ ਵਾਲਿਆਂ ਲਈ ਹੋਲੀ ਦਾ ਤਿਉਹਾਰ ਬਸੰਤ-ਬਹਾਰ ਦੀ ਚਰਮ ਸੀਮਾ ਹੁੰਦਾ ਹੈ। ਡਾ. ਹਰਿਭਜਨ ਸਿੰਘ ਦੇ ਗੀਤ ਦਾ ਮੁਖੜਾ, ‘‘ਮੈਂ ਕਰ ਕਰ ਜਤਨ ਹਾਰੀ/ ਰਾਮਾ ਨਹੀਂ ਮੁੱਕਦੀ ਫੁਲਕਾਰੀ’’ ਜ਼ਿੰਦਗੀ ਦੀ ਅਧੂਰੀ ਫੁਲਕਾਰੀ ਵੱਲ ਇਸ਼ਾਰਾ ਕਰਦਾ ਹੈ। ਮਨੁੱਖ ਇਸ ਫੁਲਕਾਰੀ ਨੂੰ ਪੂਰਾ ਕਰਦਿਆਂ ਉਮਰ ਵਿਹਾਅ ਦਿੰਦਾ ਹੈ। ਜ਼ਿੰਦਗੀ ਦੇ ਰੰਗ-ਤਮਾਸ਼ੇ ਆਖ਼ਰ ਤੱਕ ਚੱਲਦੇ ਰਹਿੰਦੇ ਹਨ। ਉਮਰ ਦੇ ਬੀਤਣ ਨਾਲ ਰੰਗ ਬਦਲਦੇ ਹਨ। ਇਹ ਕਦੇ ਸਥਿਰ ਨਹੀਂ ਰਹਿੰਦੇ। ਕਾਲਿਆਂ ਨੇ ਆਖ਼ਰ ਬੱਗੇ ਹੋਣਾ ਹੁੰਦਾ ਹੈ। ਦਰਪਣ ਵਿਚ ਬਦਲੀ ਸ਼ਕਲ ਦੇਖ ਕੇ ਅੱਖਾਂ ਵੀ ਬੱਗੀਆਂ ਹੋ ਜਾਂਦੀਆਂ ਹਨ। ਪੰਜਾਬ ਦੀ ਜਰਖ਼ੇਜ਼ ਧਰਤੀ ਨੂੰ ਸਾਰੀਆਂ ਛੇ ਰੁੱਤਾਂ ਨਤਮਸਤਕ ਹੁੰਦੀਆਂ ਹਨ।

ਇਸੇ ਲਈ ਪੰਜ ਦਰਿਆਵਾਂ ਦੇ ਇਸ ਦੇਸ਼ ਨੂੰ ‘ਰਾਂਗਲਾ ਪੰਜਾਬ’ ਕਿਹਾ ਜਾਂਦਾ ਹੈ। ਹੋਰਨਾਂ ਭਾਸ਼ਾਵਾਂ ਵਿਚ ਸੱਤ ਮੂਲ ਰੰਗਾਂ ਨੂੰ ਸ਼ਬਦ ਦਿੱਤੇ ਗਏ ਹਨ। ਪੰਜਾਬੀ ਵਿਚ ਹਰ ਰੰਗ ਵੱਖ-ਵੱਖ ਭਾਅ ਮਾਰਦਾ ਹੈ। ਪੰਜਾਬੀ ਮਾਂ ਕੋਲ ਇੰਨੇ ਰੰਗ ਹਨ ਜਿਨ੍ਹਾਂ ਦਾ ਕਿਸੇ ਵੀ ਭਾਸ਼ਾ ਵਿਚ ਤਰਜਮਾ ਨਹੀਂ ਕੀਤਾ ਜਾ ਸਕਦਾ। ਪੰਜਾਬੀ ਕੋਸ਼ ਵਿਚ ਮੌਜੂਦ ਸਾਰੇ ਰੰਗਾਂ ਦਾ ਜ਼ਿਕਰ ਕਰਨਾ ਹੋਵੇ ਤਾਂ ਇਸ ਲਈ ਕਈ ਪੰਨੇ ਚਾਹੀਦੇ ਹਨ। ਮਾਂ-ਬੋਲੀ/ਭਾਸ਼ਾ ਦੀ ਅਮੀਰੀ ਦਿਖਾਉਣ ਲਈ ਇੱਥੇ ਰੰਗਾਂ ਦੇ ਵੱਖ-ਵੱਖ ਸ਼ੇਡਾਂ ਦਾ ਜ਼ਿਕਰ ਕਰਨਾ ਮੁਨਾਸਿਬ ਹੋਵੇਗਾ। ਇਹ ਹਨ : ਲਾਲ, ਸੂਹਾ, ਰੱਤਾ (ਰੱਤੀ ਤੇਰੀ ਆ ਵੇ ਢੋਲ ਮੇਰਿਆ ਲੂੰਗੀ ਵੇ), ਗੁਲਾਨਾਰੀ, ਕਲੇਜੀ, ਗਾਜਰੀ, ਟਮਾਟਰੀ, ਉਨਾਬੀ, ਸੰਧੂਰੀ (ਸੰਧੂਰੀ ਅੰਬੀਆਂ), ਗੁਲਾਬੀ (ਰੰਗ ਗੋਰਾ ਗੁਲਾਬ ਲੈ ਬੈਠਾ), ਸੰਤਰੀ, ਸੰਦਲੀ (ਸੰਦਲੀ ਪੈੜਾਂ), ਪਿਆਜ਼ੀ ਤੇ ਨੀਮ-ਪਿਆਜ਼ੀ। ਹਰਾ, ਤੋਤਾ-ਰੰਗਾ, ਅੰਬਰਸਰੀਆ, ਹਰੀਅਲ, ਹਰਿਆਲਾ, ਜ਼ਹਿਰ ਮੋਹਰਾ, ਮਹਿੰਦੀ ਰੱਤਾ, ਕੱਦੂ ਰੰਗਾ, ਮੋਰ -ਪੰਖੀਆ, ਅੰਗੂਰੀ, ਮੂੰਗੀਆ, ਸੌਂਫੀਆ, ਨੀਲਾ, ਸ਼ਰਦਈ, ਜਾਮਣੀ, ਬੈਂਗਣੀ, ਫਿਰੋਜ਼ੀ ਤੇ ਅਸਮਾਨੀ। ਅਲਸੀ-ਫੁੱਲਾ, ਕਾਸ਼ਣੀ (ਇਕ ਤੇਰੀ ਅੱਖ ਕਾਸ਼ਣੀ), ਘੁੱਗੀ ਰੰਗਾ (ਘੁੱਗੀ ਰੰਗੀ ਸ਼ਾਮ), ਚੂਹੇ-ਰੰਗਾ, ਪੀਲਾ, ਖੱਟਾ, ਸਰ੍ਹੋਂ-ਫੁੱਲਾ, ਹਲਦੀ ਰੰਗਾ, ਲੱਡੂ ਰੰਗਾ, ਭਗਵਾ, ਗੇਰੂਆ, ਜ਼ਰਦ (ਜ਼ਰਦ ਪੱਤਿਆਂ ਦੀ ਦਾਸਤਾਨ), ਕੱਚਾ-ਪੀਲਾ, ਘਿਉਕਪੂਰੀ ਤੇ ਪਿਸਤਾ ਰੰਗ। ਕਾਲਾ ਸ਼ਾਹ ਕਾਲਾ (ਮੇਰਾ ਕਾਲਾ ਈ ਸਰਦਾਰ), ਕਣਕਵੰਨਾ, ਮੁਸ਼ਕੀ ਰੰਗ।

ਚਿੱਟਾ, ਦੁਧੀਆ, ਬੱਗਾ, ਚੀਨਾ (ਚੀਨੇ ਕਬੂਤਰ), ਸਲੇਟੀ (ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ), ਚਾਂਦੀ-ਰੰਗਾ, ਭੂਰਾ, ਖਾਕੀ, ਮਿੱਟੀ-ਰੰਗਾ, ਤਾਂਬੇ-ਰੰਗਾ, ਸੁਨਹਿਰੀ ਤੇ ਬਿਸਕੁਟੀ। ਕੱਕਾ (ਕੱਕਾ ਰੇਤਾ), ਘਸਮੈਲਾ, ਤਿੱਤਰ-ਖੰਭਾ (ਤਿੱਤਰ-ਖੰਭੀ ਬੱਦਲੀ…), ਚਿੱਤਰ-ਮਿਤਰਾ, ਬਦਾਮੀ-ਰੰਗਾ, ਭੂਸਲਾ, ਕਪੂਰੀ, ਦਾਖਾ, ਕਪਾਹੀ (ਇੱਕੋ ਰੰਗ ਕਪਾਹੀ ਦਾ), ਡੱਬ-ਖੜੱਬਾ, ਕਿਰਮਚੀ ਤੇ ਨਸਵਾਰੀ। ਇਸ ਵੰਨ-ਸੁਵੰਨ ਦਾ ਤਰਜਮਾ ਕਿਸੇ ਹੋਰ ਭਾਸ਼ਾ ਵਿਚ ਹਰਗਿਜ਼ ਨਹੀਂ ਕੀਤਾ ਜਾ ਸਕਦਾ। ਬਹੁਤੀਆਂ ਭਾਸ਼ਾਵਾਂ ਵਿਚ ਤਾਂ ਲਾਲ, ਪੀਲਾ, ਸਾਵਾ, ਪੀਲਾ, ਬੈਂਗਣੀ, ਸੰਤਰੀ ਤੇ ਅਸਮਾਨੀ ਤੋਂ ਇਲਾਵਾ ਹੋਰ ਰੰਗ ਮੁਸ਼ਕਲ ਨਾਲ ਹੀ ਲੱਭਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਹੁਤੇ ਮੁਲਕਾਂ, ਖ਼ਾਸ ਤੌਰ ’ਤੇ ਪੱਛਮੀ ਦੇਸ਼ਾਂ ਵਿਚ ਸੂਰਜ ਝਕਾਨੀਆਂ ਮਾਰਦਾ ਹੈ। ਇਸ ਦੇ ਮੁਕਾਬਲੇ ਪੰਜਾਬ ਵਿਚ ਛੇ ਰੁੱਤਾਂ ਰੰਗਾਂ ਦੀ ਬਰਸਾਤ ਕਰਦੀਆਂ ਹਨ ਜਿਸ ਕਰਕੇ ਇਹ ਖਿੱਤਾ ਬਹੁਰੰਗੀ ਹੈ। ਰੱਜੀਆਂ ਰੂਹਾਂ ਮਜੀਠ ਰੰਗ ਦੀ ਤਲਾਸ਼ ਵਿਚ ਹੁੰਦੀਆਂ ਹਨ। ਕਸੁੰਭੜਾ ਥੋੜ੍ਹ-ਚਿਰਾ ਰੰਗ ਮੰਨਿਆ ਜਾਂਦਾ ਹੈ ਜੋ ਧੁੱਪ ਦੇ ਨਾਲ-ਨਾਲ ਫਿੱਕਾ ਪੈ ਜਾਂਦਾ ਹੈ। ਬਾਬਾ ਫ਼ਰੀਦ ਫੁਰਮਾਉਂਦੇ ਹਨ, ‘‘ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ’’। ਦੂਜੇ ਪਾਸੇ ਹੋਲਾ ਮਹੱਲਾ, ਖ਼ਾਲਸਾਈ ਜਾਹੋ-ਜਲਾਲ ਅਤੇ ਚੜ੍ਹਦੀਕਲਾ ਦਾ ਪ੍ਰਤੀਕ ਹੈ। ਰੰਗਾਂ ਦੇ ਤਿਉਹਾਰ ਹੋਲੀ ਨੂੰ ਦਸਮੇਸ਼ ਗੁਰੂ ਨੇ ਵੱਖਰੇ ਅਰਥ ਬਖ਼ਸ਼ੇ। ਹੋਲਾ ਮਹੱਲਾ ਬੀਰ-ਰਸੀ ਰਵਾਇਤਾਂ ਕਾਰਨ ਖ਼ਾਲਸਾ ਪੰਥ ਦੀ ਨਿਆਰੀ ਹੋਂਦ ਦਾ ਪ੍ਰਤੀਕ ਹੈ। ਅਨੰਦਪੁਰ ਸਾਹਿਬ, ਪਟਨਾ ਸਾਹਿਬ ਜਾਂ ਅਬਚਲ ਨਗਰ (ਹਜ਼ੂਰ ਸਾਹਿਬ) ਵਿਚ ਉੱਡਦੇ ਗੁਲਾਲ ਦੇ ਅਰਥ ਹੋਰ ਹਨ। ਇਸ ਨੇ ਪ੍ਰਾਚੀਨ ਤਿਉਹਾਰ ਦੇ ਰੰਗ-ਢੰਗ ਨੂੰ ਬਦਲਿਆ ਜਿਸ ਕਾਰਨ ਇਤਿਹਾਸ ਨੇ ਸੁਨਹਿਰੀ ਮੋੜ ਕੱਟਿਆ ਸੀ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...