ਹਾਈਕਮਾਨ ਅੱਗੇ ਪੰਜਾਬ ਦੇ ਕਾਂਗਰਸੀਆਂ ਨੇ ਫਿਰ ਠੋਕੀ ਸਾਰੀਆਂ ਸੀਟਾਂ ’ਤੇ ਦਾਅਵੇਦਾਰੀ

ਵਿਰੋਧੀ ਧਿਰਾਂ ਵੱਲੋਂ ਬਣਾਏ ਗੱਠਜੋੜ ‘ਇੰਡੀਆ’ ’ਚ ਸੀਟਾਂ ’ਤੇ ਤਾਲਮੇਲ ਤੋਂ ਪਹਿਲਾਂ ਹੀ ਪੰਜਾਬ ’ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਤਲਵਾਰਾਂ ਖਿੱਚਦੀਆਂ ਨਜ਼ਰ ਆ ਰਹੀਆਂ ਹਨ। ਕਾਂਗਰਸ ਹਾਈਕਮਾਂਡ ਵੱਲੋਂ ਚੋਣ ਰਣਨੀਤੀ ’ਤੇ ਚਰਚਾ ਲਈ ਵੀਰਵਾਰ ਨੂੰ ਸਾਰੇ ਸੂਬਿਆਂ ਦੇ ਪ੍ਰਧਾਨਾਂ ਤੇ ਵਿਧਾਇਕ ਦਲ ਦੇ ਆਗੂਆਂ ਦੀ ਬੁਲਾਈ ਗਈ ਬੈਠਕ ’ਚ ਪੰਜਾਬ ਤੋਂ ਆਏ ਆਗੂਆਂ ਨੇ ਜਿੱਥੇ ਫਿਰ ਤੋਂ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਲੜਨ ਦੀ ਦਾਅਵੇਦਾਰੀ ਪੇਸ਼ ਕੀਤੀ ਹੈ, ਉੱਥੇ ਹੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਖ਼ੂਬ ਨਿਸ਼ਾਨਾ ਵਿੰਨਿ੍ਹਆ।

ਪਾਰਟੀ ਹਾਈਕਮਾਨ ਨਾਲ ਚੋਣ ਰਣਨੀਤੀ ’ਤੇ ਚਰਚਾ ਤੋਂ ਬਾਅਦ ਬਾਹਰ ਨਿਕਲੇ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਹਾਈਕਮਾਨ ਸਾਹਮਣੇ ਆਪਣੀ ਦਾਅਵੇਦਾਰੀ ਫਿਰ ਤੋਂ ਦੁਹਰਾਈ ਹੈ, ਜੋ ਅੱਗੇ ਵੀ ਜਾਰੀ ਰਹੇਗੀ। ਹਾਲਾਂਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਸਵਾਲ ’ਤੇ ਉਨ੍ਹਾਂ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਪਰ ਜੋ ਸੰਕੇਤ ਦਿੱਤਾ, ਉਸ ਤੋਂ ਸਾਫ਼ ਹੈ ਕਿ ਪਾਰਟੀ ਇਕੱਲੀ ਹੀ ਚੋਣ ਲੜਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਹਾਈਕਮਾਂਡ ਸਾਹਮਣੇ ਆਪਣੀ ਗੱਲ ਰੱਖ ਦਿੱਤੀ ਹੈ, ਹੁਣ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੈ।ਇਸ ਦੌਰਾਨ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਖ਼ੂਬ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਜੋ ਲੋਕ ਕਹਿ ਰਹੇ ਹਨ ਕਿ ਇਕ ਸੀ ਕਾਂਗਰਸ, ਉਨ੍ਹਾਂ ਨੂੰ ਅਸੀਂ ਦੱਸਾਂਗੇ ਕਿ ਕੀ ਹੈ ਕਾਂਗਰਸ। ਪਾਰਟੀ ਸੂਬੇ ’ਚ ਫਿਰ ਤੋਂ ਕਾਂਗਰਸ ਦਾ ਝੰਡਾ ਲਹਿਰਾਏਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਿਸੇ ਦੇ ਸਕੇ ਨਹੀਂ ਹਨ। ਅੱਜ ਉਹ ਕੇਜਰੀਵਾਲ ਨਾਲ ਵੀ ਨਹੀਂ ਹਨ। ਕੇਜਰੀਵਾਲ ਨੂੰ ਈਡੀ ਲੱਭ ਰਹੀ ਹੈ ਤੇ ਮਾਨ ਵਿਪਸਨਾ ਲਈ ਵਿਸ਼ਾਖਾਪਟਨਮ ਪਹੁੰਚ ਗਏ ਹਨ।

ਸਾਂਝਾ ਕਰੋ

ਪੜ੍ਹੋ