ਚੋਣ ਮਸ਼ੀਨਾਂ ਦਾ ਮੁੱਦਾ

ਸਿਰ ‘ਤੇ ਆ ਚੁੱਕੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੋਟਿੰਗ ਮਸ਼ੀਨਾਂ ਵਿੱਚ ਹੇਰਾਫੇਰੀ ਦਾ ਮਸਲਾ ਇੱਕ ਵਾਰ ਫਿਰ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ |
ਇਸ ਸਮੇਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਈ ਵੀ ਐਮ ਵਿੱਚ ਮਨਮਰਜ਼ੀ ਦੀ ਵੋਟ ਪਾਈ ਜਾ ਸਕਦੀ ਹੈ | ਇਸ ਵੀਡੀਓ ਨੂੰ ਵੱਖ-ਵੱਖ ਸਿਆਸੀ ਆਗੂ ਸਾਂਝਾ ਕਰ ਰਹੇ ਹਨ | ਸ਼ਿਵ ਸੈਨਾ (ਠਾਕਰੇ) ਦੇ ਆਗੂ ਸੰਜੇ ਰਾਊਤ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਹੈ, ”ਈ ਵੀ ਐਮ ਹੈ ਤਾਂ ਮੋਦੀ ਹੈ |” ਸੰਜੇ ਰਾਊਤ ਨੇ ਨਾਮੀ ਵਕੀਲ ਪ੍ਰਸ਼ਾਂਤ ਭੂਸ਼ਣ ਦੀ ਪੋਸਟ ਨੂੰ ਮੁੜ ਪੋਸਟ ਕੀਤਾ ਹੈ, ਜਿਸ ਵਿੱਚ ਉਨ੍ਹਾ ਕਿਹਾ ਹੈ, ”ਖੁਦ ਦੇਖ ਲਓ, ਕਿਸ ਤਰ੍ਹਾਂ ਈ ਵੀ ਐਮ ਤੇ ਵੀ ਵੀ ਪੈਟ ਵਿੱਚ ਛੇੜਛਾੜ ਹੋ ਸਕਦੀ ਹੈ | ਚੋਣ ਨਿਸ਼ਾਨਾਂ ਦੀ ਲੋਡਿੰਗ ਸਮੇਂ ਜੋ ਪ੍ਰੋਗਰਾਮ ਪਾਇਆ ਜਾਂਦਾ ਹੈ, ਮਸ਼ੀਨ ਉਸ ਅਨੁਸਾਰ ਕੰਮ ਕਰਦੀ ਹੈ | ਇਸ ਕਾਰਨ ਬਹੁਤੇ ਦੇਸ਼ ਤੇ ਸਾਡਾ ਗੁਆਂਢੀ ਬੰਗਲਾਦੇਸ਼ ਮਸ਼ੀਨਾਂ ਬੰਦ ਕਰਕੇ ਮੁੜ ਬੈਲਟ ਪੇਪਰ ਰਾਹੀਂ ਚੋਣਾਂ ਕਰਾਉਣ ਲੱਗ ਪਏ ਹਨ | ਪਹਿਲਾਂ ਭਾਜਪਾ ਵਾਲੇ ਵੀ ਬੈਲਟ ਪੇਪਰ ਰਾਹੀਂ ਚੋਣਾਂ ਦੀ ਮੰਗ ਕਰਦੇ ਸਨ | ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਬਦਲ ਗਏ ਹਨ | ਵੀ ਵੀ ਪੈਟ ਮਸ਼ੀਨ ਦਾ ਸ਼ੀਸ਼ਾ ਕਿਉਂ ਕਾਲਾ ਕੀਤਾ ਗਿਆ ਹੈ?”
ਆਮ ਆਦਮੀ ਪਾਰਟੀ ਗੁਜਰਾਤ ਦੇ ਪ੍ਰਧਾਨ ਇਸੁਦੀਨ ਗੜਵੀ ਨੇ ਵੀਡੀਓ ਵਿੱਚ ਈ ਵੀ ਐਮ ਹੈਕ ਕਰਨ ਵਾਲੇ ਵਿਅਕਤੀ ਬਾਰੇ ਕਿਹਾ ਹੈ, ”ਰਾਹੁਲ ਮਹਿਤਾ ਆਈ ਆਈ ਟੀ ਵਿੱਚ ਪੜਿ੍ਹਆ ਹੋਇਆ ਹੈ | ਉਹ ਚੋਣ ਕਮਿਸ਼ਨ ਨੂੰ ਕਈ ਵਾਰ ਕਹਿ ਚੱੁਕਾ ਹੈ ਕਿ ਈ ਵੀ ਐਮ ਵਿੱਚ ਮੇਰਾ ਪ੍ਰੋਗਰਾਮ ਪਾ ਦਿਓ, ਮੈਂ 10 ਲੋਕਾਂ ਦੀ ਟੀਮ ਲੈ ਕੇ 11 ਲੱਖ ਮਸ਼ੀਨਾਂ ਵਿੱਚ ਜਿਸ ਉਮੀਦਵਾਰ ਨੂੰ ਜਿੰਨੇ ਫ਼ੀਸਦੀ ਵੋਟ ਚਾਹੀਦੇ ਹਨ, ਪਵਾ ਦੇਵਾਂਗਾ |” ਉਨ੍ਹਾ ਆਪਣੇ ਟਵੀਟ ਵਿੱਚ ਕਿਹਾ ਹੈ, ”ਸਾਰੇ ਵਕੀਲ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਨੂੰ ਕਹਿਣ ਕਿ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਤਾਂ ਜੋ ਜਨਤਾ ਦਾ ਚੋਣ ਪ੍ਰਕਿਰਿਆ ਉੱਤੇ ਭਰੋਸਾ ਬਣਿਆ ਰਹੇ |
ਕਾਂਗਰਸ ਨੇਤਾ ਅਲਕਾ ਲਾਂਬਾ ਨੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਹੈ, ”ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਦੀ ਇਜਾਜ਼ਤ ਦਾ ਇੰਤਜ਼ਾਰ ਹੈ, ਜੋ ਕਦੇ ਨਾ ਖ਼ਤਮ ਹੋਣ ਵਾਲਾ ਹੈ |” ਉਨ੍ਹਾ ਚੋਣ ਕਮਿਸ਼ਨ ਤੇ ਪ੍ਰਧਾਨ ਮੰਤਰੀ ਨੂੰ ਵੀ ਟੈਗ ਕੀਤਾ ਹੈ | ਚੋਣ ਕਮਿਸ਼ਨ ਨੇ ਇਸ ਉੱਤੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ |
ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੇ ਚੋਣ ਨਤੀਜਿਆਂ ਦੇ ਬਾਅਦ ਤੋਂ ਹੀ ਵੋਟਿੰਗ ਮਸ਼ੀਨਾਂ ਉੱਤੇ ਸਵਾਲ ਉਠ ਰਹੇ ਹਨ | ਤਕਨੀਕੀ ਮਾਹਰ ਤੇ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਵੀ ਈ ਵੀ ਐਮ ਉੱਤੇ ਸੁਆਲ ਉਠਾਏ ਹਨ | ਉਨ੍ਹਾ ਕਿਹਾ ਹੈ ਕਿ ਉਹ ਕੌਮਾਂਤਰੀ ਮਾਹਰਾਂ ਨਾਲ ਮਿਲ ਕੇ ਇਹ ਸਾਬਤ ਕਰਨਗੇ ਕਿ ਵੋਟਿੰਗ ਮਸ਼ੀਨਾਂ ਨੂੰ ਆਪਣੀ ਸੁਵਿਧਾ ਅਨੁਸਾਰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ | ਉਨ੍ਹਾ ਕਿਹਾ ਕਿ ਈ ਵੀ ਐਮ ਨੂੰ ਵੀ ਵੀ ਪੈਟ ਨਾਲ ਜੋੜਨ ਲਈ ਇੱਕ ਵਿਸ਼ੇਸ਼ ਕੁਨੈਕਟਰ ਦੀ ਵਰਤੋਂ ਹੁੰਦੀ ਹੈ, ਜਿਸ ਨੂੰ ਐਸ ਐਲ ਯੂ ਕਿਹਾ ਜਾਂਦਾ ਹੈ | ਇਹ ਕੁਨੈਕਟਰ ਹੀ ਵੀ ਵੀ ਪੈਟ ਵਿੱਚ ਦਿਖਾਉਂਦਾ ਹੈ ਕਿ ਵੋਟ ਕਿਸ ਨੂੰ ਪੈ ਰਹੀ ਹੈ | ਇਸ ਕੁਨੈਕਟਰ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਪ੍ਰੋਗਰਾਮ ਲੋਡ ਕੀਤਾ ਜਾਂਦਾ ਹੈ | ਇਸ ਮੌਕੇ ਹੀ ਮਨਮਰਜ਼ੀ ਕੀਤੀ ਜਾ ਸਕਦੀ ਹੈ |
ਵਿਰੋਧੀ ਧਿਰਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਵੋਟਿੰਗ ਮਸ਼ੀਨਾਂ ਰਾਹੀਂ ਗੜਬੜ ਹੋਣ ਦੀਆਂ ਸ਼ੰਕਾਵਾਂ ਪ੍ਰਗਟ ਕੀਤੀਆਂ ਸਨ | ਉਸ ਸਮੇਂ 19 ਲੱਖ ਮਸ਼ੀਨਾਂ ਗਾਇਬ ਹੋਣ ਦੀਆਂ ਖ਼ਬਰਾਂ ਛਪੀਆਂ ਸਨ | ਚੋਣ ਕਮਿਸ਼ਨ ਹਮੇਸ਼ਾ ਈ ਵੀ ਐਮ ਮਸ਼ੀਨਾਂ ਬਾਰੇ ਖੰਡਨ ਕਰਦਾ ਰਿਹਾ ਹੈ | ਹੁਣ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਯੂ ਪੀ ਵਿੱਚ 800 ਮਸ਼ੀਨਾਂ ਅੱਗ ਵਿੱਚ ਸੜ ਜਾਣ ਦਾ ਮੁੱਦਾ ਉਠਾ ਕੇ ਮਸ਼ੀਨਾਂ ਦੀ ਦੁਰਵਰਤੋਂ ਦਾ ਸ਼ੱਕ ਜ਼ਾਹਰ ਕੀਤਾ ਹੈ | ਹੁਣ ਇਹ ਮਸਲਾ ਗੰਭੀਰ ਰੂਪ ਹਾਸਲ ਕਰਦਾ ਨਜ਼ਰ ਆ ਰਿਹਾ ਹੈ | ਚੋਣ ਕਮਿਸ਼ਨ ਨੂੰ ਇਸ ਦੀ ਸਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ |

ਸਾਂਝਾ ਕਰੋ

ਪੜ੍ਹੋ