ਫਲ ਅਤੇ ਸਬਜ਼ੀਆਂ ਤੁਹਾਨੂੰ ਕੈਂਸਰ ਤੋਂ ਬਚਾ ਸਕਦੀਆਂ ਹਨ। ਘਰ ਦੇ ਵੱਡੇ ਵਡੇਰੇ ਬੱਚਿਆਂ ਨੂੰ ਸਬਜ਼ੀ ਖਾਣ ਦੀ ਨਸੀਹਤ ਦਿੰਦੇ ਹਨ। ਸਬਜ਼ੀਆਂ ਨੂੰ ਦੇਖਦੇ ਹੀ ਬੱਚੇ ਅਤੇ ਕਈ ਵੱਡੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਬਜ਼ੀਆਂ ਵਿਟਾਮਿਨ, ਖਣਿਜ ਪਦਾਰਥ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਦੀ ਅਣਦੇਖੀ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਕਮੀਆਂ ਆਉਣ ਲਗਦੀਆਂ ਹਨ। ਪ੍ਰੋਟੀਨ, ਫ਼ਾਈਬਰਜ਼ ਅਤੇ ਮਿਨਰਲਜ਼ ਨਾਲ ਭਰਪੂਰ ਸਬਜ਼ੀਆਂ ਜਵਾਨ ਅਤੇ ਸਿਹਤਮੰਦ ਰੱਖਣ ਵਿਚ ਮਦਦਗਾਰ ਹਨ। ਦਰਅਸਲ ਫਲਾਂ ਅਤੇ ਸਬਜ਼ੀਆਂ ਵਿਚ ਭਰਪੂਰ ਰੇਸ਼ੇ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਤੁਸੀਂ ਭਾਰ ਘਟਾਉਣ ਦੇ ਨਾਲ-ਨਾਲ ਕੈਂਸਰ ਵਰਗੀਆਂ ਵੱਡੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਸਜ਼ਜੀਆਂ ਵਿਚ ਕਈ ਕਿਸਮਾਂ ਦੇ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਮਿਲਦੇ ਹਨ। ਇਸੇ ਲਈ ਇਨ੍ਹਾਂ ਸਬਜ਼ੀਆਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ।
ਹਰੀਆਂ ਫਲੀਆਂ : ਹਰੀਆਂ ਫਲੀਆਂ ਵਿਚ ਫ਼ਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਖੋਜ ਅਨੁਸਾਰ ਫ਼ਲੀਆਂ ਦੀ ਸਬਜ਼ੀ ਖਾਣ ਨਾਲ ਕੋਲੋਰੇਟਲ ਕੈਂਸਰ ਦੀ ਰੋਕਥਾਮ ਸੰਭਵ ਹੋ ਜਾਂਦੀ ਹੈ।
ਬਰੌਕਲੀ: ਬ੍ਰੋਕਲੀ ਨੂੰ ਦੁਨੀਆਂ ਦੀਆਂ ਸੱਭ ਤੋਂ ਸਿਹਤਮੰਦ ਸਬਜ਼ੀਆਂ ’ਚੋਂ ਇਕ ਮੰਨੀ ਜਾਂਦੀ ਹੈ। ਦਰਅਸਲ ਆਈਸੋਥਾਯੋਸਾਈਨੇਟ ਬ੍ਰੋਕਲੀ ਵਿਚ ਮਿਲਦਾ ਹੈ, ਜੋ ਤੁਹਾਡੇ ਸਰੀਰ ਵਿਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ ਅਤੇ ਸਰੀਰ ਵਿਚ ਮੌਜੂਦ ਗੰਦਗੀ ਨੂੰ ਸਾਫ਼ ਕਰਦਾ ਹੈ।
ਗਾਜਰ: ਗਾਜਰ ਵਿਚ ਵਿਟਾਮਿਨ ਅਤੇ ਐਂਟੀ ਆਕਸੀਡੈਂਟ ਕਾਫ਼ੀ ਮਾਤਰਾ ਵਿਚ ਮਿਲਦੇ ਹਨ। ਗਾਜਰਾਂ ਵਿਟਾਮਿਨ-ਏ, ਵਿਟਾਮਿਨ-ਕੇ ਅਤੇ ਬੀਟਾ ਕੈਰੋਟੀਨ ਦਾ ਵਧੀਆ ਸਰੋਤ ਹਨ। ਇਸ ਨੂੰ ਖਾਣ ਨਾਲ ਖ਼ੂਨ ਦੀ ਮਾਤਰਾ ਵਧਦੀ ਹੈ।
ਲੱਸਣ: ਲੱਸਣ ਵਿਚ ਸਲਫ਼ਰ ਮਿਲਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਅਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਨਾਲ ਤੁਸੀਂ ਕੈਂਸਰ ਦੇ ਨਾਲ-ਨਾਲ ਸਾਰੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।
ਕੱਦੂ: ਕੱਦੂ ਦਾ ਨਾਂ ਸੁਣਦੇ ਹੀ ਲੋਕ ਇਸ ਤੋਂ ਦੂਰ ਭਜਦੇ ਹਨ ਪਰ ਇਸ ਵਿਚ ਫ਼ਾਲਿਕ ਐਸਿਡ, ਵਿਟਾਮਿਨ-ਸੀ, ਜ਼ਿੰਕ ਅਤੇ ਮੈਗਨੀਜ਼ ਭਰਪੂਰ ਮਾਤਰਾ ਵਿਚ ਸ਼ਾਮਲ ਹੁੰਦੇ ਹਨ। ਇਹ ਚਮੜੀ ਅਤੇ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਬੈਂਗਣ: ਫ਼ਾਈਬਰ ਨਾਲ ਭਰਪੂਰ ਬੈਂਗਣ ਕੈਲੇਸਟਰੋਲ ਲੈਵਲ ਨੂੰ ਘਟਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਭਿੰਡੀ: ਭਿੰਡੀ ਵਿਚ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਹ ਕੈਲੋਰੀ ਨੂੰ ਘੱਟ ਕਰਨ ਵਿਚ ਮਦਦਗਾਰ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਲਈ ਇਹ ਸਬਜ਼ੀ ਬਹੁਤ ਲਾਭਕਾਰੀ ਹੁੰਦੀ ਹੈ।