ਮੁੱਫਤ ਦਾ ਛਲ਼ਾਵਾ!/ ਐਡਵੋਕੇਟ ਦਰਸ਼ਨ ਸਿੰਘ ਰਿਆੜ

ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਵਿਖੇ ਹੋਈ ਮਹੱਤਵਪੂਰਨ ਪ੍ਰੈਸ ਕਾਨਫਰੰਸ ਦੌਰਾਨ ਚੋਣਾਂ ਦੇ ਮੱਦੇਨਜ਼ਰ ਸਾਰੇ ਪੰਜਾਬ ਵਾਸੀਆਂ ਨੂੰ 300 ਯੂਨਿਟ ਮੁੱਫਤ ਘਰੇਲੂ ਬਿਜਲੀ,ਪੁਰਾਣੇ ਇਤਰਾਜਯੋਗ ਬਿਜਲੀ ਬਿੱਲਾਂ ਦੀ ਮੁਆਫੀ ਅਤੇ ਤਿੰਨ ਤੋਂ ਚਾਰ ਸਾਲਾਂ ਅੰਦਰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਗਰੰਟੀ ਦੇ ਅਹਿਦ ਨੇ ਸਿਆਸੀ ਸਫਾਂ ਅੰਦਰ ਹਲਚਲ ਮਚਾ ਦਿੱਤੀ ਹੈ।ਮੁੱਫਤ ਕਲਚਰ ਦੇ ਚੁੰਗਲ ਵਿੱਚ ਫਸ ਚੁੱਕੇ ਲੋਕ ਇਸ ਦਲਦਲ ਵਿੱਚ ਹੋਰ ਡੂੰਘੇ ਧੱਸ ਜਾਣਗੇ ਜਾਂ ਫਿਰ ਹੱਥ ਪੈਰ ਮਾਰ ਕੇ,ਪੈਰਾਂ ਸਿਰ ਹੋਣ ਲਈ ਕੋਈ ਕਿਨਾਰਾ ਲੱਭਣਗੇ?ਮੁੱਫਤ ਦਾ ਹਥਿਆਰ ਰਾਜਨੀਤਕ ਲੋਕਾਂ ਦਾ ਹੱਥਠੋਕਾ ਬਣ ਗਿਆ ਹੈ ਜਿਸਦੇ ਫਲਸਰੂਪ ਲੋਕ ਲਾਲਚੀ ਹੋ ਗਏ ਹਨ ਤੇ ਪੰਜਾਬ ਦਾ ਦਿਵਾਲਾ ਨਿਕਲ ਗਿਆ ਹੈ। ਮਨੁੱਖ ਉਂਜ ਲਾਲਚੀ ਸੁਭਾਅ ਵਾਲਾ ਜੀਵ ਹੈ। ਲਾਲਚ ਮੋਹ ਪਿਆਰ ਦਾ ਹੋਵੇ ਜਾਂ ਮੁੱਫਤ ਅਤੇ ਸਸਤੀਆਂ ਚੀਜਾਂ ਦਾ,ਇਹ ਝੱਟ ਓਧਰ ਖਿੱਚਿਆ ਜਾਂਦਾ ਹੈ।ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਹੈ।ਬੇਰੋਜ਼ਗਾਰੀ ਸਿੱਖਰ ਤੇ ਹੈ। ਨੌਕਰੀਆਂ ਮਿਲਦੀਆਂ ਨਹੀਂ।ਜਿਹੜੀਆਂ ਮਿਲਦੀਆਂ ਹਨ ਉਹ ਠੇਕੇ ਉਪਰ ਨਿਗੂਣੀਆਂ ਤਨਖਾਹਾਂ ਤੇ ਮਿਲਦੀਆਂ ਹਨ।ਓਨੇ ਕੁ ਨਾਲ ਮਹਿੰਗਾਈ ਦੇ ਜ਼ਮਾਨੇ ਵਿੱਚ ਨੰਗਾ ਨਹਾਵੇ ਕੀ ਤੇ ਨਿਚੋੜੇ ਕੀ? ਨੌਜ਼ਵਾਨ ਧੜਾਧੜ੍ਹ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ।ਬਹਾਨਾ ਪੜ੍ਹਾਈ ਦਾ ਹੈ ਪਰ ਕਿੱਸਾ ਰੋਜ਼ਗਾਰ ਤੇ ਭਵਿੱਖ ਦਾ ਹੈ।ਸਰਕਾਰਾਂ ਅੰਦਰੋਂ ਖੁਸ਼ ਹਨ।ਪ੍ਰਵਾਸ ਵਧੇਗਾ ਰੋਜ਼ਗਾਰ ਦੀ ਚਿੰਤਾ ਘਟੇਗੀ।ਬੇਰੋਜ਼ਗਾਰੀ ਆਪੇ ਹੱਲ ਹੋ ਜਾਵੇਗੀ।ਅਬਾਦੀ ਪਹਿਲਾਂ ਹੀ ਮਹਿੰਗਾਈ ਨਾਲੋਂ ਵੀ ਤੇਜ਼ੀ ਨਾਲ ਵੱਧ ਰਹੀ ਹੈ।ਪ੍ਰਵਾਸ ਦੇ ਇੱਕ ਤੀਰ ਨਾਲ ਦੋ ਨਿਸ਼ਾਨੇ ਹੱਲ ਹੋ ਜਾਣਗੇ।
ਸਮੇਂ ਦੀ ਲੋੜ ਨੇ ਅੱਜਕੱਲ ਆਈਲੈਟਸ ਕੋਚਿੰਗ ਸੈਂਟਰਾਂ ਦੀ ਭਰਮਾਰ ਪੈਦਾ ਕਰ ਦਿੱਤੀ ਹੈ।ਵੰਨ ਸੁਵੰਨੇ,ਦਿਲਖਿੱਚਵੇਂ ਇਸ਼ਤਿਹਾਰ ਅਤੇ ਪੂਰੀ ਫੀਸ ਵੀਜ਼ਾ ਲੱਗਣ ਤੋਂ ਬਾਦ ਵਰਗੇ ਦਾਅ-ਪੇਚ, ਇੱਕ ਵਾਰ ਤਾਂ ਬੱਚਿਆਂ ਤੇ ਮਾਪਿਆਂ ਨੂੰ ਖੁਸ਼ ਕਰ ਦਿੰਦੇ ਹਨ।ਬਾਦ ਵਿੱਚ ਭਾਂਵੇ ਖੱਜ਼ਲ ਖਰਾਬੀ ਹੀ ਹੋਵੇ।ਆਈਲੈਟਸ ਵਿੱਚੋਂ ਚੰਗੇ ਬੈਂਡ ਪ੍ਰਾਪਤ ਕਈ ਲੜਕੀਆਂ ਨੇ ਅਮੀਰ ਲੜਕਿਆਂ ਨੂੰ ਏਸੇ ਬਹਾਨੇ ਵਿਦੇਸ਼ਾਂ ਵਿੱਚ ਪਚਾਉਣ ਦਾ ਨਵਾਂ ਧੰਦਾ ਅਪਣਾ ਲਿਆ ਹੈ।ਖਰਚਾ ਲੜਕੇ ਵਾਲੇ ਕਰਦੇ ਹਨ ਤੇ ਲੜਕੀ ਮੁੱਫਤ ਵਿੱਚ ਵਿਦੇਸ਼ ਪਹੁੰਚ ਜਾਂਦੀ ਹੈ।ਉਥੇ ਜਾ ਕੇ ਲੜਕੇ ਨੂੰ ਬਲਾਉਣਾ ਜਾਂ ਨਾ ਬਲਾਉਣਾ ਉਸਦੀ ਸੋਚ ਤੇ ਨਿਰਭਰ ਕਰਦਾ ਹੈ।ਅਜਿਹੇ ਕਈ ਕੇਸ ਚਰਚਾ ਦਾ ਵਿਸ਼ਾ ਵੀ ਬਣੇ ਹਨ ਜਿੱਥੇ ਲੜਕੀ ਬਾਦ ਵਿੱਚ ਲੜਕੇ ਨੂੰ ਬਲਾਉਣ ਤੋਂ ਇਨਕਾਰੀ ਹੋ ਜਾਂਦੀ ਹੈ ਤੇ ਖਰਚਾ ਕਰਨ ਬਾਦ ਵੀ ਲੜਕੇ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।ਲਾਲਚ ਦੇ ਬਦਲਦੇ ਰੰਗ ਬੜੇ ਨਿਆਰੇ ਹਨ। ਚੀਜਾਂ ਵਸਤਾਂ ਵੇਚਣ ਵਾਲਿਆਂ ਨੇ ਤਾਂ ਇੱਕ ਹੱਥਕੰਡਾ ਅਪਣਾਇਆ ਸੀ। ਇੱਕ ਨਾਲ ਇੱਕ ਮੁੱਫਤ! ਵੇਚਣ ਦਾ।ਇੱਕ ਮੁੱਫਤ ਦੇ ਲਾਲਚ ਵਿੱਚ ਜੀਹਨੂੰ ਲੋੜ ਨਹੀਂ ਸੀ ਹੁੰਦੀ ਉਹ ਵੀ ਖ੍ਰੀਦਣ ਲਈ ਮਜ਼ਬੂਰ ਹੋ ਜਾਂਦਾ ਸੀ।ਹਾਲਾਂਕਿ ਹਰ ਬੰਦਾ ਇਹ ਭਲੀ ਭਾਂਤ ਜਾਣਦਾ ਹੈ ਕਿ ਕੁਦਰਤ ਤੋਂ ਬਿਨਾਂ ਏਥੇ ਕੋਈ ਕਿਸੇ ਨੂੰ ਕੁਝ ਵੀ ਮੁੱਫਤ ਨਹੀਂ ਦੇਂਦਾ।ਸਿੱਧੇ ਅਸਿੱਧੇ ਤਰੀਕੇ ਨਾਲ ਦੂਜੀ ਵਸਤੂ ਦਾ ਮੁੱਲ ਉਸਨੇ ਪਹਿਲਾਂ ਹੀ ਪਹਿਲੀ ਦੇ ਮੁੱਲ ਵਿੱਚ ਜੋੜ ਲਿਆ ਹੁੰਦਾ ਹੈ।ਪਰ ਏਥੇ ਚਲਾਕ ਲੋਕ ਭੋਲੇ-ਭਾਲੇ ਲੋਕਾਂ ਨੂੰ ਝੱਟ ਭਰਮਾ ਲੈਂਦੇ ਹਨ। ਜਦੋਂ ਤੱਕ ਲੋਕ ਉਹਨਾਂ ਦੀ ਚਾਲ ਸਮਝਦੇ ਹਨ ਉਹ ਮੁਹਾਰਨੀ ਬਦਲ ਲੈਂਦੇ ਹਨ। ਵਪਾਰੀ ਤੇ ਚਲਾਕ ਬਿਰਤੀ ਵਾਲੇ ਮਨੁੱਖ ਨੇ ਤਾਂ ਕੁਦਰਤ ਦਾ ਅਨਮੋਲ ਤੋਹਫਾ ਪਾਣੀ ਵੀ ਬੋਤਲਾਂ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਹੈ ਤੇ ਸਾਹ ਲੈਣ ਵਾਲੀ ਮੁੱਫਤ ਹਵਾ (ਆਕਸੀਜਨ) ਵੀ ਵੇਚਣੀ ਸ਼ੁਰੂ ਕਰ ਦਿੱਤੀ ਹੈ।ਇਸ ਕੋਰੋਨਾ ਮਹਾਂਮਾਰੀ ਦੌਰਾਨ ਇਸ ਆਕਸੀਜਨ ਦੀ ਕਿਲਤ ਕਾਰਨ ਅਣਗਿਣਤ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ।
ਅੱਜਕੱਲ ਵਾਧੂ ਪੈਕਿੰਗ ਦੇ ਲੇਬਲ ਲੋਕਾਂ ਨੂੰ ਮੋਹ ਰਹੇ ਹਨ।ਸੇਲ!ਸੇਲ!ਦੀਆਂ ਅਵਾਜਾਂ ਹਰ ਗਲੀ,ਮੁਹੱਲੇ ਤੇ ਬਜ਼ਾਰ ਵਿੱਚ ਲੋਕਾਂ ਦਾ ਧਿਆਨ ਖਿੱਚਦੀਆਂ ਹਨ।ਸੇਲ ਦਾ ਲ਼ਫ਼ਜ਼ ਇੰਜ ਸ਼ਿੰਗਾਰ ਕੇ ਪ੍ਰੋਸਿਆ ਜਾਂਦਾ ਹੈ ਕਿ ਲੰਘਣ ਵਾਲਾ ਸੁੱਕਾ ਲੰਘ ਹੀ ਨਹੀਂ ਸਕਦਾ?ਬੰਦਾ ਇਨ੍ਹਾਂ ਨੂੰ ਪੁੱਛੇ-ਭਲਿਓ ਮਾਣਸੋ!ਇਹ ਦੁਕਾਨਾਂ ਸੇਲ(ਵਿਕਰੀ) ਲਈ ਹੀ ਤਾਂ ਬਣੀਆਂ ਹਨ।ਫਿਰ ਇਹ ਰੌਲਾ ਕਿਉਂ? ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ! ਰਾਜਨੀਤੀ ਦੇ ਮਾਹਰ,ਸਿਆਸਤਦਾਨ ਭਲਾ ਪਿੱਛੇ ਕਿੰਜ ਰਹਿੰਦੇ? ਲਭਾਉਣੇ ਵਾਅਦੇ,ਲਾਰੇ ਅਤੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਇਨ੍ਹਾਂ ਦਾ ਏਕਾਧਿਕਾਰ ਬਣ ਗਿਆ ਹੈ।ਜੁਮਲੇਬਾਜੀ ਵਰਗੇ ਲ਼ਫਜ਼ ਇਨ੍ਹਾਂ ਨੇ ਹਰ ਇਤਰਾਜ ਤੋਂ ਸੁਰਖਰੂ ਹੋਣ ਲਈ ਲੱਭ ਲਏ ਹਨ। ਪੰਜਾਬ ਵਿੱਚ ਮੁੱਫਤ ਬਿਜ਼ਲੀ ਤੇ ਪਾਣੀ ਦੇ ਤੋਹਫੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਪੰਜ ਪਾਰੀਆਂ ਸੱਤਾ ਹੰਢਾਈ ਹੈ। ਕਾਂਗਰਸ ਪਾਰਟੀ ਦੂਸਰਾ ਕਾਰਜਕਾਲ ਪੂਰਾ ਕਰਨ ਵਾਲੀ ਹੈ।ਹੁਣ ਇਹ ਸਹੂਲਤ ਵਾਪਸ ਲੈਣੀ ਔਖਾ ਸਵਾਲ ਬਣ ਗਿਆ ਹੈ।ਪਰ ਨੰਬਰ ਇੱਕ ਪੰਜਾਬ ਦੀ ਹਾਲਤ ਖਸਤਾ ਹੋ ਗਈ ਹੈ।ਹੁਣ ਤਾਂ ਪੰਜਾਬ ਸਿਰ ਕਰਜੇ ਦਾ ਬੋਝ ਵੀ ਤਿੰਨ ਲੱਖ ਕਰੋੜ ਦੇ ਨੇੜੇ ਤੇੜੇ ਪੁਜਣ ਵਾਲਾ ਹੋ ਗਿਆ ਹੈ।ਮੁੱਫਤ ਦੀ ਚਾਹਨਾ ਵਿੱਚ ਪੰਜਾਬ ਦਾ ਧਰਤੀ ਹੇਠਲਾ ਪਾਣੀ ਵੀ ਮੁੱਕਣ ਵਾਲਾ ਹੋ ਗਿਆ।ਅੱਗੇ ਕੀ ਬਣੂ? ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ!ਲੋਕਾਂ ਨੂੰ ਸਮਝ ਹੀ ਨਹੀਂ ਆਈ ਕਿ ਘਰੇਲੂ ਬਿਜ਼ਲੀ ਦੇ ਰੇਟ ਅਸਮਾਨੇ ਕਿਉਂ ਜਾ ਚੜੇ ਨੇ?ਬਿਜ਼ਲੀ ਦੇ ਨਾਗੇ ਤੇ ਕੱਟ ਕਿਉਂ ਲਗਦੇ ਨੇ ਤੇ ਪੰਜਾਬ ਵਿੱਚ ਬਿਜ਼ਲੀ ਸਾਰੇ ਭਾਰਤ ਨਾਲੋਂ ਮਹਿੰਗੀ ਕਿਉਂ ਹੈ?
ਮੁੱਫਤ ਕਲਚਰ ਨੇ ਗੁਣਵਤਾ ਨੂੰ ਅੱਖੋਂ-ਪਰੋਖੇ ਕਰ ਦਿੱਤਾ ਹੈ।ਗੁਣਵਤਾ ਅਤੇ ਮੁੱਫਤ ਦਾ ਚੁੰਬਕ ਦੇ ਉੱਤਰੀ ਅਤੇ ਦੱਖਣੀ ਧੁਰੇ ਵਾਂਗ ਉਲਟਾ ਨਾਤਾ ਹੈ।ਮੁੱਫਤ ਭਾਲੋਗੇ ਤਾਂ ਗੁਣਵਤਾ ਤੋਂ ਕਿਨਾਰਾ ਹੋ ਜਾਵੇਗਾ।ਜੋ ਵੀ ਚੰਗਾ ਮੰਦਾ ਪ੍ਰੋਸਿਆ ਜਾਵੇਗਾ ਕਬੂਲ ਕਰਨਾ ਪਵੇਗਾ।ਅਧਿਕਾਰਾਂ ਅਤੇ ਫਰਜਾਂ ਵਾਂਗ ਜੇ ਫਰਜ ਨਾ ਨਿਭਾਏ ਜਾਣ ਤਾਂ ਅਧਿਕਾਰ ਪ੍ਰਾਪਤ ਨਹੀਂ ਹੋ ਸਕਦੇ।ਮਿਆਰੀ ਵਸਤਾਂ ਅਤੇ ਸੇਵਾਵਾਂ ਲੈਣ ਲਈ ਮੁੱਫਤ ਦੇ ਚੁੰਗਲ ਵਿੱਚੋਂ ਨਿਕਲਣਾ ਪਵੇਗਾ।ਸਗਨ ਸਕੀਮਾਂ,ਸਮਾਰਟ ਫੋਨ, ਮੁੱਫਤ ਸਾਈਕਲ ,ਆਟਾ- ਦਾਲ ਤੇ ਬੁਢਾਪਾ ਪੈਨਸ਼ਨਾਂ ਚੋਣ ਮੁੱਦੇ ਨਹੀਂ ਸਨ ਬਣਨੇ ਚਾਹੀਦੇ। ਕਲਿਆਣਕਾਰੀ ਸਰਕਾਰ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਨਾਗਰਿਕਾਂ ਕੋਲੋਂ ਉਗਰਾਹੇ ਟੈਕਸਾਂ ਬਦਲੇ ਉਹਨਾਂ ਦੇ ਬੁਢਾਪੇ ਅਤੇ ਜਿੰਦਗੀ ਦੀਆਂ ਹੋਰ ਲੋੜਾਂ ਦਾ ਖਿਆਲ ਰੱਖੇ।ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਇੰਜ ਹੀ ਕਰਦੀਆਂ ਹਨ।ਲੋਕ ਪੜੇ੍ਹ ਲਿਖੇ,ਸਮਝਦਾਰ ਅਤੇ ਜਾਗਰੂਕ ਹਨ।ਸ਼ਰਾਬ ਦੀਆਂ ਬੋਤਲਾਂ ਤੇ ਰੀਝ ਕੇ ਵੋਟਾਂ ਨਹੀਂ ਪਾਂਉਦੇ? ਏਥੇ ਵੱਡੀਆਂ ਤਨਖਾਹਾਂ,ਭੱਤੇ,ਪੈਨਸ਼ਨਾਂ ਅਤੇ ਹੋਰ ਸਹੂਲਤਾਂ ਤਾਂ ਰਾਖਵੀਆਂ ਹੋ ਗਈਆਂ ਸਿਆਸਤਦਾਨਾਂ ਲਈ।ਬਾਕੀਆਂ ਲਈ ਰੋਜ਼ਗਾਰ ਵੀ ਠੇਕੇ ਤੇ।
ਰਾਜਾਂ ਅਤੇ ਕੇਂਦਰ ਦੀਆਂ ਸਰਕਾਰਾਂ ਪੰਜ ਸਾਲਾਂ ਲਈ ਚੁਣੀਆਂ ਜਾਂਦੀਆਂ ਹਨ।ਜੇ ਉਹ ਮੁੱਢਲੇ ਚਾਰ ਸਾਲ ਜੀਅ ਜਾਨ ਨਾਲ ਅਸਲੀ ਸੇਵਾਦਾਰ ਬਣ ਕੇ ਇਮਾਨਦਾਰੀ ਨਾਲ ਦੇਸ਼ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਉਹਨਾਂ ਨੂੰ ਆਪਣੀ ਅਗਲੀ ਚੋਣ ਦੀ ਚਿੰਤਾ ਹੋਵੇ।ਏਥੇ ਤਾਂ ਵੋਟਾਂ ਵਾਲੇ ਸਾਲ ਦੇ ਨੇੜੇ ਆ ਕੇ ਹੀ ਲੋਕ ਅਤੇ ਦੇਸ਼ ਚੇਤੇ ਆਉਂਦਾ ਹੈ ਤੇ ਨਾਲ ਹੀ ਵੱਢ ਵੱਢ ਖਾਣ ਲੱਗ ਪੈਂਦੀ ਹੈ ਅਗਲੀ ਚੋਣ ਦੀ ਚਿੰਤਾ।ਫਿਰ ਲਭਾਉਣੇ ਵਾਅਦਿਆਂ ਦੀ ਝੜੀ ਅਤੇ ਮੁੱਫਤ ਵਰਗੇ ਹਥਿਆਰ ਚੋਣ ਬਗਲੀ ਵਿੱਚੋਂ ਬਾਹਰ ਨਿੱਕਲਣ ਲੱਗਦੇ ਹਨ। ਹੁਣ ਤਾਂ ਚੋਣ ਨੀਤੀਕਾਰ ਵੀ ਕਿਰਾਏ ਤੇ ਸੇਵਾਂਵਾਂ ਪ੍ਰਦਾਨ ਕਰਨ ਲੱਗ ਪਏ ਨੇ। ਖਰਚਾ ਉਹਨਾਂ ਦਾ ਵੀ ਲੋਕਾਂ ਨੇ ਹੀ ਭਰਨਾ ਹੈ।ਪੰਜਾਬ ਸਰਕਾਰ ਨੇ ਹੁਣ ਸਰਕਾਰੀ ਬੱਸਾਂ ਵਿੱਚ ਪੰਜਾਬ ਭਰ ਦੀਆਂ ਔਰਤਾਂ ਨੂੰ ਆਪਣੇ ਅਧਾਰ ਕਾਰਡ ਦੇ ਅਧਾਰ ਤੇ ਮੁੱਫਤ ਸਫਰ ਕਰਨ ਦੀ ਸਹੂਲਤ ਦਾ ਐਲਾਨ ਕੀਤਾ ਹੈ।ਆਟਾ ਦਾਲ ਬਦਲੇ ਪੰਜਾਬ ਸਿਰ ਚੜੇ੍ਹ ਕਰਜੇ ਦੀ ਵੱਡੀ ਪੰਡ ਵਾਂਗ ਇਹਦਾ ਬੋਝ ਵੀ ਵੱਧ ਜਾਵੇਗਾ?ਫਿਰ ਵਿਕਾਸ ਕਿੱਥੋਂ ਹੋਵੇਗਾ?ਰੇਤ ਅਤੇ ਬੱਜਰੀ ਸੋਨੇ ਵਾਂਗ ਮਹਿੰਗੀ ਹੋਈ ਪਈ ਹੈ।ਅੱਛੇ ਦਿਨ ਤੇ ਕਾਲੇ ਧਨ ਬਦਲੇ ਲਹਿਰਾਂ ਬਹਿਰਾਂ 8 ਸਾਲਾਂ ਬਾਦ ਵੀ ਨਜ਼ਰ ਨਹੀਂ ਆਈਆਂ?ਉਲਟਾ ਪੈਟਰੋਲ ਸੈਂਚਰੀ ਮਾਰ ਗਿਆ ਹੈ।ਵਿਸ਼ਵ ਦਾ ਵੱਡਾ ਲੋਕਤੰਤਰ ਸਭ ਤੋਂ ਮਹਿੰਗੇ ਪੈੇਟਰੋਲ ਡੀਜ਼ਲ ਵਾਲਾ ਦੇਸ਼ ਬਣ ਗਿਆ ਹੈ।
ਵਿੱਸ਼ਵ ਦੇ ਹਾਣੀ ਬਣ ਕੇ ਵਿੱਚਰਨ ਲਈ ਸਾਨੂੰ ਆਪਣੇ ਸਮਾਜ ਨੂੰ ਉੱਚਾ ਚੁੱਕਣ ਦੀ ਸਖਤ ਲੋੜ ਹੈ।ਇਹ ਲੋੜ ਮੁੱਫਤਖੋਰੀਆਂ ਚਾਲਾਂ ਤੇ ਲਾਲਚ ਨਾਲ ਪੂਰੀ ਨਹੀਂ ਹੋਵੇਗੀ।ਬਲਕਿ ਉੱਚ-ਪਾਇ ਦੀਆਂ ਵਿਦਿਅੱਕ ਅਤੇ ਡਾਕਟਰੀ ਸਹੂਲਤਾਂ ਈਮਾਨਦਾਰੀ ਨਾਲ ਹਰ ਨਾਗਰਿਕ ਦੀ ਪਹੁੰਚ ਤੱਕ ਕਰਕੇ ਹੀ ਸੰਭਵ ਹੋਵੇਗਾ। ਲੋਕ ਸਿਹਤਮੰਦ,ਜਾਗਰੂਕ ਅਤੇ ਆਪਣਾ ਭਲਾ ਬੁਰਾ ਸੋਚਣ ਦੇ ਸਮਰੱਥ ਹੋਣ ਤਾਂ ਹੀ ਭਵਿੱਖ ਉਜਲ ਹੋਵੇਗਾ।ਇਹ ਦੋਵੇਂ ਸੇਵਾਵਾਂ ਸਰਕਾਰੀ,ਮਿਆਰੀ ਅਤੇ ਮੁੱਫਤ ਜਾਂ ਸਸਤੀਆਂ ਚਾਹੀਦੀਆਂ ਹਨ।ਇਨ੍ਹਾਂ ਬਾਰੇ ਕੋਈ ਬੋਲਣ ਨੂੰ ਤਿਆਰ ਨਹੀਂ ਹੈ।ਮੰਤਰੀ ਅਤੇ ਉਹਨਾਂ ਦੇ ਪ੍ਰੀਵਾਰ ਜਿੱਥੋਂ ਮਰਜੀ ਸਰਕਾਰੀ ਖਰਚੇ ਤੇ ਇਲਾਜ ਕਰਵਾ ਲੈਣ। ਆਮ ਲੋਕਾਂ ਦੀ ਛਿੱਲ ਲਾਹੁਣ ਲਈ ਬੀਮਾ ਕੰਪਨੀਆਂ ਦੇ ਵੱਡੇ ਚੰਦੇ ਹਨ।
ਮੁੱਫਤ ਇੱਕ ਬਹੁਤ ਵੱਡੀ ਲਾਇਲਾਜ਼ ਬੀਮਾਰੀ ਹੈ।ਇੱਕ ਵਾਰ ਲੱਗ ਜਾਵੇ ਫਿਰ ਪਿੱਛਾ ਨਹੀਂ ਛੱਡਦੀ।ਇਸਨੇ ਤਾਂ ਮੁਸਲਿਮ ਧਰਮ ਦੇ ਕਾਜ਼ੀ ਨੂੰ ਵੀ ਨਹੀਂ ਬਖਸ਼ਿਆ।ਮੁੱਫਤ ਦੀ ਸ਼ਰਾਬ ਇੱਕ ਕਹਾਵਤ ਬਣਕੇ ਉਸਦੇ ਨਾਮ ਨਾਲ ਐਸੀ ਚਿੰਬੜੀ ਹੈ ਕਿ ਛੱਡਣ ਦਾ ਨਾਮ ਹੀ ਨਹੀਂ ਲੈਂਦੀ।ਮੁੱਫਤ ਦੀ ਚਾਹਨਾ ਵਿੱਚ ਜਿੰਮੇਵਾਰ ਨਾਗਰਿਕ ਆਪਣੇ ਬਹੁਮੁੱਲੇ ਵੋਟ ਅਧਿਕਾਰ ਦਾ ਸੱਤਿਆਨਾਸ ਕਰ ਬਹਿੰਦੇ ਹਨ।ਬਰੀਕੀ ਨਾਲ ਵੇਖਿਆ ਜਾਵੇ ਤਾਂ ਸਭ ਤੋਂ ਵੱਡੇ ਮੁੱਫਤਖੋਰੇ ਤਾਂ ਸਿਆਸਤਦਾਨ ਹਨ ।ਵਿਚਾਰੇ ਨਾਗਰਿਕ ਤਾਂ ਕਾਜ਼ੀ ਵਾਂਗ ਬਦਨਾਮ ਹੀ ਹਨ।ਸੰਸਦੀ ਸਰਕਾਰ ਚਲਾਉਣ ਵਿੱਚ ਅਫਸਰਸ਼ਾਹੀ ਦਾ ਵੱਡਾ ਰੋਲ ਹੁੰਦਾ ਹੈ।ਉਹ ਨਿਯਮਾਂ ਅਨੁਸਾਰ ਰੋਕ ਤੇ ਸੰਤੁਲਨ ਦੀ ਵਿਵੱਸਥਾ ਕਾਇਮ ਰੱਖਦੇ ਸਨ।ਹੁਣ ਤਾਂ ਸੇਵਾ ਮੁਕਤੀ ਉਪਰੰਤ ਸਨਮਾਨਜਨਕ ਅਹੁਦੇ ਤੇ ਸਿਆਸੀ ਪਿੱਚ ਦੀ ਖਿੱਚ ਨੇ ਉਹਨਾਂ ਦਾ ਮੁਹਾਂਦਰਾ ਵੀ ਬਦਲ ਦਿੱਤਾ ਹੈ।ਲੋਕ ਮੁੱਫਤ ਭਾਲਣ ਦੇ ਆਦੀ ਬਣ ਗਏ ਹਨ ਤੇ ਰਾਜਨੀਤਕ ਲੋਕਾਂ ਨੇ ਉਹਨਾਂ ਦੀ ਕਮਜੋਰੀ ਭਾਂਪ ਲਈ ਹੈ।ਏਸੇ ਲਈ ਨਿਜਾਮ ਕੋਈ ਵੀ ਹੋਵੇ ਤੱਕੜੇ ਦਾ ਸੱਤੀਂ ਵੀਂਹੀ ਸੌ ਕਾਇਮ ਰਹਿੰਦਾ ਹੈ।ਮੁੱਫਤ ਕਲਚਰ ਤੋਂ ਖਹਿੜਾ ਛਡਾਉਣ ਲਈ ਸਿਆਸੀ ਲੋਕ ਇਮਾਨਦਾਰ,ਅਨੂਸ਼ਾਸ਼ਤ ਤੇ ਮਿਆਰੀ ਰਾਜ ਪ੍ਰਬੰਧ ਦੇ ਮਾਡਲ ਕਿਉਂ ਨਹੀਂ ਪੇਸ਼ ਕਰਦੇ?ਲੋੜ ਸਭ ਲਈ ਵਧੀਆ ਅਤੇ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਹੈ।ਕੋਰੋਨਾ ਕਾਲ ਨੇ ਇਹ ਸਬਕ ਵੀ ਸਿਖਾਇਆ ਹੈ।ਨੇਕ-ਨੀਅਤ ,ਦ੍ਰਿੜ ਇੱਛਾ ਸ਼ਕਤੀ ਅਤੇ ਲੋਕ-ਭਲਾਈ ਦੇ ਪ੍ਰਣ ਬਿਨਾਂ ਗੁੱਥੀ ਸੁਲਝਣ ਵਾਲੀ ਨਹੀਂ ਹੈ।

ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੋ:9316311677

ਸਾਂਝਾ ਕਰੋ

ਪੜ੍ਹੋ