ਚਾਹੇ ਦੁੱਖਾਂ ਵਿੱਚ ਫਸੀ ਸਾਡੀ ਜਾਨ ਹੈ ,
ਫਿਰ ਵੀ ਸਾਡੇ ਹੋਠਾਂ ਉੱਤੇ ਮੁਸਕਾਨ ਹੈ ।
ਰਹਿੰਦੇ ਹਾਂ ਚੜ੍ਹਦੀ ਕਲਾ ਦੇ ਵਿੱਚ ਹਰ ਸਮੇਂ ,
ਦੋਸਤੋ , ਸਾਡੀ ਤਾਂ ਇਹ ਹੀ ਪਹਿਚਾਨ ਹੈ ।
ਮੰਗ ਕੇ ਖਾਂਦੇ ਨੇ ਕੇਵਲ ਬੇਗੈਰਤੇ ,
ਕੰਮ ਕਰਕੇ ਖਾਣ ਵਿੱਚ ਸਾਡੀ ਸ਼ਾਨ ਹੈ ।
ਕੱਠੇ ਰਹਿ ਕੇ ਕੁਝ ਨਹੀਂ ਸਾਡਾ ਵਿਗੜਨਾ ,
ਕੱਲੇ ਕੱਲੇ ਰਹਿ ਕੇ ਹੋਣਾ ਨੁਕਸਾਨ ਹੈ ।
ਸਮਝਦੈ ਜੋ ਕਾਮਿਆਂ ਨੂੰ ਆਪਣੇ ਜਹੇ ,
ਉਹ ਉਨ੍ਹਾਂ ਨੂੰ ਲੱਗਦਾ ਅੱਛਾ ਇਨਸਾਨ ਹੈ ।
ਲੋਕ ਉਸ ਅਫ਼ਸਰ ਦਾ ਕਰਦੇ ਸਤਿਕਾਰ ਨੇ ,
ਜਿਸ ਨੂੰ ਦਫ਼ਤਰ ਵਿੱਚ ਮਿਲਣਾ ਆਸਾਨ ਹੈ ।
ਪੜ੍ਹਦੇ ਨੇ ਉਹ ਸ਼ੌਕ ਨਾ’ ਉਸ ਦੇ ਸ਼ਿਅਰਾਂ ਨੂੰ ,
ਪਾਠਕਾਂ ਨੂੰ ਜਿਹੜਾ ਸ਼ਾਇਰ ਪਰਵਾਨ ਹੈ ।
*****
ਪੀੜਾਂ ਹਿੰਮਤ ਨਾਲ/ਗ਼ਜ਼ਲ
ਪੀੜਾਂ ਹਿੰਮਤ ਨਾਲ ਜੋ ਨੇ ਜਰਦੀਆਂ , ਮੌਤ ਤੋਂ ਉਹ ਜ਼ਿੰਦਾਂ ਕਦ ਨੇ ਡਰਦੀਆਂ ।
ਮਿਹਨਤੀ ਤੇ ਸਾਹਸੀ ਆਦਮੀਆਂ ਦਾ ,
ਦੋਸਤੋ, ਜਿੱਤਾਂ ਨੇ ਪਾਣੀ ਭਰਦੀਆਂ ।
ਜ਼ਾਲਮਾਂ ਦੇ ਅੱਗੇ ਜੋ ਨਾ ਝੁਕਦੀਆਂ, ਯਾਰੋ, ਉਹ ਕੌਮਾਂ ਕਦੇ ਨ੍ਹੀ ਮਰਦੀਆਂ ।
ਹਾਲੇ ਵੀ ਮਾਂ-ਬਾਪ ਲੋਚਣ ਪੁੱਤਾਂ ਨੂੰ,
ਤਾਂ ਹੀ ਕੁੱਖਾਂ ਵਿਚ ਧੀਆਂ ਨੇ ਮਰਦੀਆਂ ।
ਜੇ ਤੁਸੀਂ ਟਹਿਣੀ ਤੋਂ ਫੁਲ ਨਾ ਤੋੜਦੇ,
ਤਾਂ ਇਨ੍ਹਾਂ ਵਿੱਚੋਂ ਨਾ ਮਹਿਕਾਂ ਮਰਦੀਆਂ।
ਕੱਟੀ ਜਾਵੇ ਬੰਦਾ ਉਹ ਹੀ ਟਹਿਣੀਆਂ,
ਛਾਵਾਂ ਧੁਪ ਵਿਚ ਉਸ ਨੂੰ ਜੋ ਨੇ ਕਰਦੀਆਂ।
ਮਾਨ ਮਹਿੰਗੇ ਨਸ਼ਿਆਂ ਨੂੰ ਜੋ ਲਗ ਗਏ,
ਉਹ ਗੁਆ ਬੈਠੇ ਜ਼ਮੀਨਾਂ ਘਰਦੀਆਂ।
ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)