ਬਠਿੰਡਾ
ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਐਤਵਾਰ ਟੀ ਵੀ ਟਾਵਰ ਦੇ ਸਾਹਮਣੇ ਪੁਲ ਦੇ ਹੇਠਾਂ ਬਠਿੰਡਾ ਵਿਖੇ ਸੂਬਾ ਪੱਧਰੀ ਲਲਕਾਰ ਰੈਲੀ ਕੀਤੀ ਗਈ | ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਮਨਜ਼ੂਰ ਨਹੀਂ | ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਕੋ ਕਨਵੀਨਰ ਜਗਸੀਰ ਸਿੰਘ ਸਹੋਤਾ, ਅਜੀਤ ਪਾਲ ਸਿੰਘ ਜੱਸੋਵਾਲ, ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਸਿੰਘ ਭੌਰ, ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਐੱਨ ਪੀ ਐੱਸ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ‘ਤੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ | ਸਰਕਾਰ ਦੇ ਬਣਿਆਂ ਸਾਢੇ ਚਾਰ ਸਾਲ ਹੋ ਗਏ, ਅਜੇ ਤੱਕ ਸਾਡੀ ਇਸ ਇੱਕੋ-ਇੱਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ | ਖਜ਼ਾਨਾ ਮੰਤਰੀ ਦੀਆਂ ਡੰਗ-ਟਪਾਊ ਅਤੇ ਲਾਰਾ ਲਾਊ ਨੀਤੀਆਂ ਕਾਰਨ ਵੋਟਾਂ ਲੈਣ ਦੀ ਫਿਤਰਤ ਨੂੰ ਨੰਗਾ ਕਰਨ ਲਈ ਸਾਨੂੰ ਇਹ ਰੈਲੀ ਮਜਬੂਰਨ ਬਠਿੰਡਾ ਵਿਖੇ ਰੱਖਣੀ ਪਈ | ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਇਸ ਵਾਰ ਲੋਕਾਂ ਵਿੱਚ ਆ ਕੇ ਇਹਨਾਂ ਵਿਧਾਇਕਾਂ ਨੂੰ ਵੋਟਾਂ ਮੰਗਣੀਆਂ ਮੁਸ਼ਕਲ ਕਰ ਦੇਵਾਂਗੇ | ਜਰਨੈਲ ਸਿੰਘ ਪੱਟੀ ਜਨਰਲ ਸਕੱਤਰ ਅਤੇ ਜਾਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਨੇ ਕਿਹਾ ਕਿ ਪੰਜਾਬ ਵਿੱਚ ਐੱਨ ਪੀ ਐੱਸ ਅਧੀਨ ਆਉਂਦੇ ਦੋ ਲੱਖ ਕਰਮਚਾਰੀਆਂ ਦਾ ਬੁਢਾਪਾ ਰੁਲਦਾ ਨਜ਼ਰ ਆ ਰਿਹਾ ਹੈ | ਅੱਜ ਜਦੋਂ ਐੱਨ ਪੀ ਐਸ ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ, ਇਹਨਾਂ ਤੋਂ ਸਬਕ ਲੈਂਦਿਆਂ ਸਰਕਾਰ ਨੂੰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰਕੇ ਲੋਕ-ਪੱਖੀ ਸਰਕਾਰ ਹੋਣ ਦਾ ਸਬੂਤ ਦੇਣਾ ਬਣਦਾ ਹੈ | ਅੱਜ ਦੇ ਸਮੇਂ ਐੱਨ ਪੀ ਐੱਸ ਤਹਿਤ ਰਿਟਾਇਰ ਹੋ ਰਹੇ ਕਰਮਚਾਰੀ ਨਿਗੁਣੀਆਂ ਪੈਨਸ਼ਨਾਂ ਨਾਲ ਦਵਾਈਆਂ ਦਾ ਖਰਚਾ ਵੀ ਨਹੀਂ ਉਠਾ ਪਾ ਰਹੇ | ਸਾਰੀ ਉਮਰ ਸਰਕਾਰੀ ਸਰਵਿਸ ਦੇ ਲੇਖੇ ਲਾ ਕੇ ਗੁਰਬਤ ਦੀ ਜ਼ਿੰਦਗੀ ਜੀਣ ਲਈ ਮਜਬੂਰ ਹਨ | ਕੈਪਟਨ ਸਰਕਾਰ ਇੱਕ ਅਜਿਹੀ ਸਰਕਾਰ ਹੈ, ਜੋ ਸਾਰੀ ਉਮਰ ਕੰਮ ਕਰਨ ਵਾਲੇ ਕਰਮਚਾਰੀ ਨੂੰ ਸਨਮਾਨਜਨਕ ਬੁਢਾਪੇ ਦੀ ਗਰੰਟੀ ਨਹੀਂ ਦੇ ਪਾ ਰਹੀ | ਨਿਰਮਲ ਸਿੰਘ ਮੋਗਾ, ਵਰਿੰਦਰ ਵਿੱਕੀ, ਸੱਤਪ੍ਰਕਾਸ਼ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਵਿੱਚ ਵੀ ਪੁਰਾਣੀ ਪੈਨਸ਼ਨ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ, ਇਸ ਦੇ ਉਲਟ ਤਨਖਾਹ ਨੂੰ ਵੀ ਖੋਰਾ ਲੱਗ ਰਿਹਾ ਹੈ | ਇਸ ਲੰਗੜੇ ਪੇ-ਕਮਿਸ਼ਨ ਨੂੰ ਮੁਲਾਜ਼ਮਾਂ ਨੇ ਮੱੁਢੋਂ ਨਕਾਰ ਦਿੱਤਾ ਹੈ | ਪੰਜਾਬ ਸਰਕਾਰ ਦੇ ਵਾਅਦਿਆਂ ਤੇ ਲਾਰਿਆਂ ਤੋਂ ਅੱਕੇ ਮੁਲਾਜ਼ਮ ਹੁਣ ਪੁਰਾਣੀ ਪੈਨਸ਼ਨ ਦੇ ਮੁੱਦੇ ‘ਤੇ ਫੈਸਲਾਕੁੰਨ ਲੜਾਈ ਲੜਨਗੇ, ਕਿਉਕਿ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਨਾਲ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਤੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਖੋਹ ਲਈ ਹੈ, ਜਿਸ ਕਾਰਨ ਕਰਮਚਾਰੀ ਸੇਵਾਮੁਕਤੀ ਸਮੇਂ ਇਕ ਹਜ਼ਾਰ ਜਾਂ ਪੰਦਰਾਂ ਸੌ ਰੁਪਏ ਪੈਨਸ਼ਨ ਲੈ ਰਹੇ ਹਨ, ਜਿਸ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਹੀ ਨਹੀਂ ਨਾ-ਮੁਮਕਿਨ ਹੈ | ਇਸ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ‘ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਦਿਗਵਿਜੇ ਪਾਲ ਸ਼ਰਮਾ, ਹਰਵਿੰਦਰ ਸਿੰਘ ਬਿਲਗਾ, ਸੁਖਵਿੰਦਰ ਸਿੰਘ ਚਾਹਲ ਤੇ ਬਲਜੀਤ ਸਲਾਣਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ‘ਤੇ ਸਰਕਾਰ ‘ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ, ਉਲਟਾ ਪ੍ਰਾਈਵੇਟ ਫੰਡਾਂ ਵਿੱਚ ਪਏ ਲੱਗਭੱਗ 13 ਹਜ਼ਾਰ ਕਰੋੜ ਸਰਕਾਰ ਕੋਲ ਵਾਪਸ ਆ ਜਾਣਗੇ ਅਤੇ ਇਸ ਪੈਸੇ ਨੂੰ ਕੋਵਿਡ ਮਹਾਂਮਾਰੀ ਕਾਰਨ ਆਈ ਮੰਦੀ ਨਾਲ ਨਜਿੱਠਣ ਲਈ ਪੁਰਾਣੀ ਪੈਨਸ਼ਨ ਬਹਾਲ ਕਰਕੇ ਸਰਕਾਰ ਵਰਤ ਸਕਦੀ ਹੈ | ਸਮੂਹ ਮੁਲਾਜ਼ਮ ਜਥੇਬੰਦੀਆਂ ਅਤੇ ਐੱਨ ਪੀ ਐੱਸ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਜਸਵੀਰ ਤਲਵਾੜਾ ਅਤੇ ਜਗਸੀਰ ਸਹੋਤਾ ਨੇ ਕਿਹਾ ਕਿ ਕਿ ਜੇਕਰ ਰੈਡੀ ਕਮੇਟੀ ਨਾਲ ਰੱਖੀ ਗਈ ਮੀਟਿੰਗ ਦੇ ਸਾਰਥਕ ਨਤੀਜੇ ਨਹੀਂ ਆਉਂਦੇ ਤਾਂ ਮੁਲਾਜ਼ਮ ਹੋਰ ਵੀ ਤਿੱਖੇ ਸੰਘਰਸ਼ ਲਈ ਤਿਆਰ ਰਹਿਣ