ਮਨੁੱਖ ਦੀ ਸਭ ਤੋਂ ਪ੍ਰਮੁੱਖ, ਪਹਿਲੀ ਤੇ ਅਹਿਮ ਜ਼ਰੂਰਤ ਖੁਰਾਕ ਹੈ ਅਤੇ ਕੁਦਰਤ ਦਾ ਕਮਾਲ ਹੈ ਕਿ ਜੋ ਵੀ ਜੀਵ ਇਸ ਧਰਤੀ ਦੇ ਜਿਸ ਵੀ ਹਿੱਸੇ ਵਿਚ ਪੈਦਾ ਕੀਤੇ, ਉਨ੍ਹਾਂ ਲਈ ਖੁਰਾਕ ਦਾ ਬੰਦੋਬਸਤ ਨਾਲ ਹੀ ਕੀਤਾ ਜਾਂ ਪਹਿਲਾਂ ਕੀਤਾ। ਬੱਚੇ ਦੇ ਜਨਮ ਸਮੇਂ ਮਾਂ ਦੀ ਛਾਤੀ ਵਿਚ ਦੁੱਧ ਪਹਿਲਾਂ ਹੀ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ। ਅੱਜ ਜਦੋਂ ਮਨੁੱਖ ਦੀ ਸਿਹਤ ਅਤੇ ਬਿਮਾਰੀ ਪੱਖੋਂ ਗੱਲ ਹੁੰਦੀ ਹੈ ਤਾਂ ਸਭ ਤੋਂ ਵੱਧ, ਬਿਮਾਰੀਆਂ ਪਿੱਛੇ ਸਿੱਧੇ ਅਸਿੱਧੇ ਰੂਪ ਵਿਚ ਖੁਰਾਕ ਦਾ ਹੱਥ ਹੁੰਦਾ ਹੈ। ਕਹਿ ਸਕਦੇ ਹਾਂ ਕਿ ਜੇ ਸਭ ਨੂੰ ਲੋੜ ਮੁਤਾਬਕ ਖੁਰਾਕ ਮਿਲੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ।
ਮਨੁੱਖ ਅਜਿਹਾ ਇਕੱਲਾ ਪ੍ਰਾਣੀ ਹੈ ਜੋ ਪੂਰੀ ਧਰਤੀ ’ਤੇ, ਧਰਤੀ ਦੇ ਹਰ ਕੋਨੇ ਵਿਚ, ਪਹਾੜਾਂ, ਦਰਿਆਵਾਂ, ਰੇਗਿਸਤਾਨਾਂ, ਬਰਫ਼ੀਲੇ ਇਲਾਕਿਆਂ ਵਿਚ ਜਾ ਵਸਿਆ ਹੈ। ਉਸ ਨੇ ਜੇ ਕੁਦਰਤ ਤੋਂ ਖਾਣ ਲਈ ਕੁਝ ਵੀ ਹਾਸਲ ਨਹੀਂ ਕੀਤਾ ਤਾਂ ਵੀ ਉਸ ਨੇ ਆਪਣੇ ਵਾਂਗ ਹੀ, ਦੁਨੀਆ ਦੇ ਜਿਸ ਕੋਨੇ ਵਿਚ ਜੋ ਪੈਦਾ ਹੋਇਆ ਹੈ, ਉਸ ਨੂੰ ਆਪਣੇ ਕੋਲ ਮੁਹੱਈਆ ਕੀਤਾ/ਕਰਵਾਇਆ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਸਮਾਜਿਕ ਪ੍ਰਬੰਧ ਵਿਚ ਜਿਸ ਤਰ੍ਹਾਂ ਦਾ ਵਿਤਕਰਾ ਅਤੇ ਨਾ-ਬਰਾਬਰੀ ਪੈਦਾ ਕੀਤੇ, ਉਸੇ ਤਰਜ਼ ’ਤੇ ਹੀ ਖੁਰਾਕ ਦੀ ਵੰਡ ਨੂੰ ਵੀ ਗੈਰ-ਕੁਦਰਤੀ ਬਣਾਇਆ ਹੈ।
ਖੁਰਾਕ ਦੀ ਗੱਲ ਹੁੰਦੀ ਹੈ ਤਾਂ ਉਸ ਨਾਲ ਖੁਰਾਕ ਪ੍ਰਤੀ ਜਾਗਰੂਕਤਾ ਅਹਿਮ ਹੈ। ਕਾਰਨ ਵੀ ਸਪਸ਼ਟ ਹੈ; ਜਦੋਂ ਬਹੁਤੀਆਂ ਬਿਮਾਰੀਆਂ ਖੁਰਾਕ ਕਾਰਨ ਹਨ ਤਾਂ ਜ਼ਰੂਰੀ ਬਣ ਜਾਂਦਾ ਹੈ- ਲੋਕ ਜਾਣਨ ਕਿ ਉਹ ਕੀ ਖਾਣ, ਇਨ੍ਹਾਂ ਵਸਤਾਂ ਦਾ ਅਨੁਪਾਤ ਕੀ ਹੋਵੇ। ਇਹ ਸਵਾਲ ਖੁਰਾਕ ਨਾਲ ਜੁੜੀਆਂ ਹਾਲਤਾਂ ਦੇ ਹਨ ਪਰ ਇਸ ਤੋਂ ਵੀ ਅਹਿਮ ਸਵਾਲ ਹੈ ਕਿ ਖਾਣ ਨੂੰ ਮਿਲੇ ਤਾਂ ਸਹੀ। ਜੇ ਸੰਸਾਰ ਪੱਧਰ ’ਤੇ ਗੱਲ ਕਰੀਏ ਤਾਂ ਤਕਰੀਬਨ 10 ਫੀਸਦੀ (81 ਕਰੋੜ) ਲੋਕ ਭੁੱਖੇ ਸੌਂਦੇ ਹਨ। ਇਹ ਹਾਲਤ ਭਾਰਤ ਵਿਚ ਤਕਰੀਬਨ 15 ਫੀਸਦੀ (20 ਕਰੋੜ) ਬਣਦੀ ਹੈ। ਇਹ ਗੱਲ ਵੀ ਹਾਲਾਤ ਨੂੰ ਪੂਰੀ ਤਰ੍ਹਾਂ ਸਾਬਤ ਨਹੀਂ ਕਰਦੀ; ਪੂਰਾ ਨਾ ਖਾਣਾ ਵੱਖਰੀ ਹਾਲਤ ਹੈ ਤੇ ਥੋੜ੍ਹਾ ਬਹੁਤ ਕਦੇ ਕਦੇ ਖਾ ਕੇ ਜੋ ਹਾਲਤ ਸਰੀਰ ਦੀ ਬਣਦੀ ਹੈ, ਉਸ ਦੇ ਨਤੀਜੇ ਹੋਰ ਹੁੰਦੇ ਹਨ। ਇਹ ਕਈ ਤਰ੍ਹਾਂ ਦੇ ਖ਼ਤਰੇ ਪੈਦਾ ਕਰਦੇ ਹਨ।
ਬਿਮਾਰੀਆਂ ਦੀ ਹਾਲਤ ਅਤੇ ਉਨ੍ਹਾਂ ਦੀ ਗੰਭੀਰਤਾ ਨੂੰ ਸਮਝਣ ਲਈ ਇਕ ਪੈਮਾਨਾ ਹੈ ਕਿ ਕਿਸੇ ਵੀ ਬਿਮਾਰੀ ਦਾ ‘ਡੇਲੀ’ ਕੀ ਹੈ? ਡੇਲੀ ਮਤਲਬ ਡਿਸਅਬਿਲਿਟੀ ਐਡਜਸਟਡ ਲਾਈਫ ਈਅਰਜ਼- ਕਿਸੇ ਬਿਮਾਰੀ ਕਾਰਨ ਕਿੰਨਾ ਸਮਾਂ ਕੰਮ-ਯੋਗ ਨਹੀਂ ਸੀ। ਉਹ ਭਾਵੇਂ ਸਕੂਲ ਦੀ ਪੜ੍ਹਾਈ ਹੈ ਜਾਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰੀ ਹੈ। ਜਦੋਂ ਵੱਖ ਵੱਖ ਹਾਲਾਤ ਲਈ ਇਹ ਨਾਪਿਆ ਗਿਆ ਤਾਂ ਖੁਰਾਕ ਦੀ ਘਾਟ ਦਾ ਦਰਜਾ ਪਹਿਲੇ ਸਥਾਨ ’ਤੇ ਰਿਹਾ। ਸਪਸ਼ਟ ਹੈ: ਪਹਿਲੀ ਗੱਲ ਤਾਂ ਸਰੀਰ ਦੀ ਊਰਜਾ, ਤੁਰਨ ਫਿਰਨ ਲਈ ਤਾਕਤ ਅਤੇ ਸਰੀਰ ਦੀਆਂ ਕਿਰਿਆਵਾਂ ਦੇ ਸੁਚਾਰੂ ਢੰਗ ਨਾਲ ਚਲਣ ਲਈ ਜੋ ‘ਕੱਚਾ ਮਾਲ’ ਚਾਹੀਦਾ ਹੈ, ਉਹ ਖੁਰਾਕੀ ਤੱਤਾਂ ਤੋਂ ਮਿਲਣਾ ਹੈ। ਇਸ ਲਈ ਖੁਰਾਕ ਦੀ ਕੁਲ ਲੋੜ ’ਚ ਘਾਟ, ਕਿਸੇ ਵਿਸ਼ੇਸ਼ ਤੱਤ ਦੀ ਘਾਟ ਜਾਂ ਵੱਖ ਵੱਖ ਤੱਤਾਂ ਦੇ ਸੰਤੁਲਨ ’ਚ ਵਿਗਾੜ, ਬਿਮਾਰੀਆਂ ਨੂੰ ਜਨਮ ਦਿੰਦੇ ਹਨ ਜਾਂ ਸਰੀਰ ਨੂੰ ਇੰਨਾ ਕਮਜ਼ੋਰ ਕਰ ਦਿੰਦੇ ਹਨ ਕਿ ਜੀਵਾਣੂਆਂ ਦਾ ਹਮਲਾ ਆਸਾਨ ਹੋ ਜਾਂਦਾ ਹੈ। ਇਸ ਨੂੰ ਸੁਰੱਖਿਆ ਪ੍ਰਣਾਲੀ ਜਾਂ ਇਮਿਊਨਿਟੀ ਕਹਿੰਦੇ ਹਨ।
ਖੁਰਾਕ ਪ੍ਰਤੀ ਜਾਗਰੂਕਤਾ ਦਾ ਆਪਣਾ ਮਹੱਤਵ ਹੈ, ਖਾਸਕਰ ਅੱਜ ਦੇ ਇਸ਼ਤਿਹਾਰੀ ਯੁੱਗ ਵਿਚ। ਅੱਜ ਖੁਰਾਕੀ ਚੀਜ਼ਾਂ ਨੂੰ ਬਾਜ਼ਾਰ ਵਿਚ ਉਤਾਰਿਆ ਗਿਆ ਹੈ। ਖੁਰਾਕ ਦੀ ਬਹੁਤਾਤ ਵਾਲਾ ਇਹ ਦ੍ਰਿਸ਼ ਸਭ ਦੀ ਪਹੁੰਚ ਵਿਚ ਨਹੀਂ। ਦੂਸਰਾ ਪਾਸਾ ਵੀ ਅਹਿਮ ਹੈ ਜੋ ਖੁਰਾਕ ਨਾ ਮਿਲਣ ਦਾ, ਖੁਰਾਕ ਘੱਟ ਮਿਲਣ ਦਾ ਹੈ।
ਖੁਰਾਕ ਨੂੰ ਲੈ ਕੇ ਸੁਰੱਖਿਅਤ ਖੁਰਾਕ ਦੀ ਗੱਲ ਹੁੰਦੀ ਹੈ ਜਿਸ ਤੋਂ ਭਾਵ ਕੀਟਾਣੂ/ਜੀਵਾਣੂ ਰਹਿਤ ਖੁਰਾਕ। ਖੁਰਾਕ ਨੇ ਜਿਥੇ ਰਸੋਈ ਤੋਂ ਬਾਹਰ ਰੈਸਟੋਰੈਂਟ ਮੱਲੇ ਹਨ, ਉਥੇ ਹਵਾਦਾਰ ਲਿਫਾਫਿਆਂ ਵਿਚ ਬੰਦ ਖਾਣ-ਪੀਣ ਦੀ ਸਨਅਤ ਵੀ ਕਾਫੀ ਫੈਲ ਰਹੀ ਹੈ ਜੋ ਖੁਰਾਕ ਦੇ ਸੁਰੱਖਿਆ ਵਾਲੇ ਪੱਖ ਤੋਂ ਘੇਰੇ ਵਿਚ ਆਉਂਦੀ ਹੈ ਪਰ ਸਵਾਲ ਉਥੇ ਹੀ ਖੜ੍ਹਾ ਹੈ ਕਿ ਖੁਰਾਕੀ ਸਮੱਗਰੀ ਸਭ ਤਕ ਲੋੜ ਮੁਤਾਬਕ ਪਹੁੰਚ ਨਹੀਂ ਰਹੀ ਹੈ।
ਕੀ ਦੁਨੀਆ ਭਰ ਵਿਚ ਜਾਂ ਦੇਸ਼ ਅੰਦਰ ਖੁਰਾਕ ਦੀ ਘਾਟ ਹੈ? ਕੀ ਇਹ ਘੱਟ ਪੈਦਾ ਹੋ ਰਹੀ ਹੈ ਜੋ ਸਭ ਤਕ ਪਹੁੰਚ ਨਹੀਂ ਰਹੀ? ਅਸੀਂ ਅਜਿਹੀਆਂ ਖ਼ਬਰਾਂ ਅਕਸਰ ਪੜ੍ਹਦੇ ਹਾਂ ਕਿ ਅਨਾਜ ਗੋਦਾਮਾਂ ਵਿਚ ਪਿਆ ਸੜ ਰਿਹਾ ਹੈ, ਸਰਕਾਰ ਕੋਲ ਅਨਾਜ ਰੱਖਣ ਦੀ ਥਾਂ ਨਹੀਂ ਹੈ ਆਦਿ। ਜੇ ਕਹੀਏ ਕਿ ਖੁਰਾਕੀ ਵਸਤੂਆਂ ਤਾਂ ਹਨ ਪਰ ਇਨ੍ਹਾਂ ਦੀ ਵੰਡ ਸਹੀ ਨਹੀਂ। ਖੁਰਾਕੀ ਵਸਤੂਆਂ ਬਾਜ਼ਾਰ ਦੀ ਚੀਜ਼ ਹਨ ਤੇ ਸਭ ਤੋਂ ਅਹਿਮ ਪੱਖ ਹੈ ਕਿ ਉਸ ਦਾ ਸਬੰਧ ਜੇਬ ਵਿਚ ਪਏ ਪੈਸਿਆਂ ਨਾਲ ਹੈ। ਜੇਬ ਵਿਚ ਪਏ ਜਾਂ ਆਉਣ ਵਾਲੇ ਪੈਸਿਆਂ ਦਾ ਸਬੰਧ ਰੁਜ਼ਗਾਰ ਨਾਲ ਹੈ, ਦਿਹਾੜੀ ਨਾਲ ਹੈ।
ਇਸ ਹਾਲਤ ਨੂੰ ਲੈ ਕੇ ਪੰਜਾਬ ਦੀ ਗੱਲ ਕਰੀਏ ਤਾਂ ਹਾਲਤ ਨਿਰਾਸ਼ਾਜਨਕ ਹੈ। ਜੋ ਸੂਬਾ ਆਪਣੀ ਜਵਾਨੀ, ਆਪਣੇ ਲੋਕਾਂ ਦੀ ਵੱਖਰੀ ਪਛਾਣ ਅਤੇ ਸ਼ਾਨ ਕਰਕੇ ਦੁਨੀਆ ਵਿਚ ਮਸ਼ਹੂਰ ਹੈ; ਇਥੋਂ ਦੇ ਨੌਜਵਾਨਾਂ ਦੀ ਗੱਲ ਪੂਰੀ ਦੁਨੀਆ ਵਿਚ ਚਲਦੀ ਹੈ; ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਿਚ ਕਿਸੇ ਦੀ ਟੈਂਅ ਨਾ ਮੰਨਣ ਦੀ ਗੱਲ ਹੈ, ਪਰ ਇਹ ਕਵਿਤਾ ਸੌ ਸਾਲ ਪੁਰਾਣੀ ਹੋ ਚੱਲੀ ਹੈ ਤਾਂ ਹੁਣ ਪੰਜਾਬ ਦੀ ਜਵਾਨੀ ਨਾਲ ਮੇਲ ਨਹੀਂ ਖਾਂਦੀ।
ਜਵਾਨੀ ਸਭ ਤੋਂ ਤੇਜ਼ ਵਿਕਾਸ ਦਾ ਸਮਾਂ ਹੈ, ਜਦੋਂ ਮੁੰਡੇ-ਕੁੜੀ ਨੇ ਕੱਦ ਕੱਢਣਾ ਹੁੰਦਾ ਹੈ। ਸਰੀਰ ਦੀਆਂ ਹੋਰ ਪ੍ਰਣਾਲੀਆਂ ਵੀ ਵਿਕਸਿਤ ਹੋ ਰਹੀਆਂ ਹੁੰਦੀਆਂ ਹਨ। ਆਮ, ਸਹਿਜ ਸ਼ਖ਼ਸ ਦੇ ਮੁਕਾਬਲੇ ਇਸ ਉਮਰ ਦੇ ਬੱਚਿਆਂ ਨੂੰ ਵੱਧ ਖੁਰਾਕ ਅਤੇ ਕੁਝ ਖਾਸ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਜੇ ਰੋਟੀ-ਦਾਲ ਦੀ ਗੱਲ ਕਰੀਏ ਤਾਂ ਉਹ ਵੀ ਵੱਧ ਅਤੇ ਨਾਲ ਹੀ ਘੱਟੋ-ਘੱਟ ਕੈਲਸ਼ੀਅਮ ਤੇ ਆਇਰਨ ਵੱਧ ਚਾਹੀਦਾ ਹੁੰਦਾ ਹੈ।
ਹੁਣੇ ਆਈ ਰਿਪੋਰਟ ਵਿਚ 11.9% ਮੁਟਿਆਰਾਂ ਅਤੇ 10.9% ਗੱਭਰੂਆਂ ਵਿਚ ਖੂਨ ਦੀ ਘਾਟ (ਅਨੀਮੀਆ) ਹੈ ਜੋ ਖੁਰਾਕ ਦੀ ਘਾਟ ਨੂੰ ਪੇਸ਼ ਕਰਦੀ ਤਸਵੀਰ ਹੈ। ਇਸੇ ਤਰ੍ਹਾਂ ਦੇ ਵਿਕਾਸ ਦਾ ਸਮਾਂ ਪੰਜ ਸਾਲ ਤੱਕ ਦੇ ਬੱਚਿਆਂ ਦਾ ਹੁੰਦਾ ਹੈ। ਉਨ੍ਹਾਂ ਦੀ ਹਾਲਤ ਇਹ ਹੈ ਕਿ 25.7 ਫੀਸਦੀ ਗਿੱਠੇ ਅਤੇ 15.6% ਸੁੱਕੜ ਹਨ। ਇਨ੍ਹਾਂ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਵਿਚੋਂ 51.7% ਔਰਤਾਂ ਨੂੰ ਖੂਨ ਦੀ ਕਮੀ ਦੀ ਸ਼ਿਕਾਇਤ ਹੈ ਤੇ ਇਸ ਦਾ ਕਾਰਨ ਹੈ, ਗਰਭ ਦੌਰਾਨ ਲੋੜੀਂਦੀ ਖੁਰਾਕ ਨਾ ਮਿਲਣਾ। ਬੱਚਾ ਪੈਦਾ ਹੋਣ ਮਗਰੋਂ ਪੰਜ ਸਾਲ ਤੱਕ ਸਿਰਫ਼ 12 ਫੀਸਦੀ ਬੱਚਿਆਂ ਨੂੰ ਹੀ ਪੂਰੀ ਖੁਰਾਕ ਮਿਲਦੀ ਹੈ।
ਜਿੱਥੇ ਕੁਦਰਤ ਨੇ ਹਰ ਜੀਵ ਲਈ ਖਾਣ ਦੀ ਵਿਵਸਥਾ ਬਣਾਈ ਹੈ, ਮਨੁੱਖ ਨੇ ਕੁਦਰਤ ਨੂੰ ਚੁਣੌਤੀ ਦੇ ਕੇ ਆਪਣੀ ਪ੍ਰਣਾਲੀ ਬਣਾਈ। ਅੱਜ ਇਸ ਦਾ ਜੋ ਰੂਪ ਵੱਡੇ ਪੱਧਰ ’ਤੇ ਅਪਣਾਇਆ ਗਿਆ ਹੈ, ਉਹ ਹੈ ਲੋਕਤੰਤਰੀ ਵਿਵਸਥਾ। ਇਸ ਤਹਿਤ ਦੇਸ਼ ਸੰਵਿਧਾਨ ਨਾਲ ਚਲਦਾ ਹੈ। ਸਾਡੇ ਸੰਵਿਧਾਨ ਵਿਚ ਜੀਣ ਦੇ ਅਧਿਕਾਰ ਤਹਿਤ ਖੁਰਾਕ ਖੁਦ-ਬਖੁਦ ਸ਼ਾਮਲ ਹੋ ਜਾਂਦੀ ਹੈ। ਸਰਕਾਰ ਨੇ ਸਭ ਤਕ ਸਸਤਾ ਅਨਾਜ ਪਹੁੰਚਾਉਣ ਲਈ ਪਿੰਡ ਪਿੰਡ ਖੁਰਾਕ ਦੇ ਡਿਪੂ ਖੋਲ੍ਹੇ। ਇਹ ਮੁਸ਼ਤੈਦੀ ਨਾਲ ਚੱਲੇ ਵੀ। ਇਸੇ ਤਰ੍ਹਾਂ ਸਿਹਤ ਵਿਭਾਗ, ਔਰਤਾਂ ਤੇ ਬੱਚਾ ਪਾਲਣ ਵਿਭਾਗ ਅਤੇ ਸਮਾਜਿਕ ਸੁਰਖਿਆ ਵਿਭਾਗ ਨੇ ਵੱਖ ਵੱਖ ਸਮੇਂ ਖੁਰਾਕ ਨੂੰ ਲੈ ਕੇ ਕੌਮੀ ਪੱਧਰ ਦੀਆਂ ਯੋਜਨਾਵਾਂ ਬਣਾਈਆਂ ਪਰ ਅਫਸੋਸ ਕਿ ਬੱਚਿਆਂ ਅਤੇ ਕਿਸ਼ੋਰਾਂ ਲਈ ਚਲਾਏ ਪ੍ਰੋਗਰਾਮਾਂ ਵਿਚ ਵੀ ਘਪਲੇ ਅਤੇ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ।
ਇਸੇ ਦਾ ਦੂਸਰਾ ਪੱਖ, ਰੁਜ਼ਗਾਰ ਗਰੰਟੀ ਯੋਜਨਾ ਮਗਨਰੇਗਾ ਅਤੇ ਖੁਰਾਕ ਸੁਰੱਖਿਆ ਕਾਨੂੰਨ ਵੀ ਬਣੇ ਪਰ ਜ਼ਮੀਨੀ ਹਕੀਕਤ ਤੇ ਉਨ੍ਹਾਂ ਦੀ ਕਾਰਗੁਜਾਰੀ ਵੀ ਲੋਕਾਂ ਵਿਚ ਉਜਾਗਰ ਹੁੰਦੀ ਰਹਿੰਦੀ ਹੈ। ਮਗਨਰੇਗਾ ਨੂੰ ਲੈ ਕੇ ਨਾ ਸੱਤਾ ਗੰਭੀਰ ਹੈ ਤੇ ਨਾ ਹੀ ਥੱਲੇ ਪਿੰਡ ਪੱਧਰ ’ਤੇ ਕੰਮ ਕਰ ਰਹੇ, ਕੰਮ ਲੈ ਰਹੇ ਕਾਰਕੁਨ। ਇਹ ਵੀ ਵੱਡੇ ਘੁਟਾਲਿਆਂ ਦਾ ਪ੍ਰੋਗਰਾਮ ਬਣ ਰਿਹਾ ਹੈ।
ਸਿਹਤ ਵਿਭਾਗ ਸਿਹਤ ਪ੍ਰਤੀ ਜਾਗਰੂਕਤਾ ਨੂੰ ਲੈ ਕੇ ਪ੍ਰੋਗਰਾਮ ਉਲੀਕਦਾ ਹੈ। ਉਨ੍ਹਾਂ ਕੋਲ ਵੱਖਰਾ ਵਿਭਾਗ ਹੈ। ਸੰਸਾਰ ਸਿਹਤ ਸੰਸਥਾ ਤੋਂ ਵੀ ਦਿਸ਼ਾ ਨਿਰਦੇਸ਼ ਆਉਂਦੇ ਹਨ ਤੇ ਦਿੱਲੀ ਤੋਂ ਵੀ; ਇਹ ਭਾਵੇਂ ਡੇਂਗੂ-ਮਲੇਰੀਆ ਹੋਵੇ ਜਾਂ ਕੈਂਸਰ ਜਾਂ ਫਿਰ ਸ਼ੂਗਰ ਰੋਗ। ਉਸੇ ਲੜੀ ਵਿਚ ਖੁਰਾਕ ਪ੍ਰਤੀ ਜਾਗਰੂਕਤਾ ਹਫ਼ਤਾ ਰੱਖਿਆ ਗਿਆ ਹੈ ਜਿਸ ਵਿਚ ਮਾਂ ਦੇ ਦੁੱਧ ਪਿਲਾਉਣ ਦੇ ਮਹੱਤਵ ਤੋਂ ਲੈ ਕੇ ਸੁਰੱਖਿਅਤ ਖੁਰਾਕ ਤੱਕ ਗੱਲ ਹੁੰਦੀ ਹੈ। ਸਿਹਤ ਵਿਭਾਗ ਨੁਮਾਇਸ਼ਾਂ ਵੀ ਲਗਾਉਂਦਾ ਹੈ ਤੇ ਪਿੰਡ ਪਿੰਡ ਜਾ ਕੇ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਵੀ। ਇਨ੍ਹਾਂ ਦਾ ਆਪਣਾ ਮਹੱਤਵ ਹੋਣ ਦੇ ਬਾਵਜੂਦ ਵੱਡਾ ਅਤੇ ਅਹਿਮ ਸਵਾਲ ਹੈ ਕਿ ਖੁਰਾਕ ਦੀ ਸਭ ਤੱਕ ਪਹੁੰਚ
ਯਕੀਨੀ ਕਿਉਂ ਨਹੀਂ? ਕਿਉਂ ਇਸ ਗੱਲ ਦੀ ਚਰਚਾ ਨਹੀਂ ਹੁੰਦੀ ਕਿ ਸਾਡਾ ਦੇਸ਼ ਭੁੱਖਮਰੀ ਦੀ ਕਤਾਰ ਵਿਚ ਦੁਨੀਆ ਭਰ ਵਿਚੋਂ 102ਵੇਂ ਨੰਬਰ ’ਤੇ ਹੈ।
ਡਾ. ਸ਼ਿਆਮ ਸੁੰਦਰ ਦੀਪਤੀ
ਸੰਪਰਕ: 98158-08506