ਇਲਤੀ ਨਾਮਾ/ਪਰਲੋਂ ਆਉਣ ਵਾਲੀ ਹੈ/ਇਲਤੀ ਬਾਬਾ

ਜਦੋਂ ਜੰਗਲ ਨੂੰ ਅੱਗ ਲਗਾਈ ਸੀ ਤਾਂ ਕੋਈ ਰੁੱਖ, ਪਸ਼ੂ, ਪੰਛੀ ਤੇ ਮਨੁੱਖ ਨਹੀਂ ਬੋਲਿਆ। ਸ਼ੈਤਾਨ ਤੇ ਮੌਕਾਪ੍ਰਸਤਾਂ ਨੇ ਦਾਅ ਲਗਾਏ, ਮਾਲ ਬਣਾਇਆ ਤੇ ਵੇਚਿਆ। ਉਹਨਾਂ ਕੋਲ ਧਰਮ ਦਾ ਵੱਡਾ ਹਥਿਆਰ ਸੀ। ਉਹਨਾਂ ਧਰਮ ਵੇਚਿਆ ਤੇ ਅਸੀਂ ਸਵਰਗ ਜਾਣ ਦੀ ਆਸ ਵਿੱਚ ਖਰੀਦਿਆ। ਉਹ ਧਰਮ ਵੇਚਦੇ ਵੇਚਦੇ, ਖ਼ੁਮਾਰੀ ਵੇਚਣ ਲੱਗੇ। ਧਰਮ ਦੇ ਬੁਰਕੇ ਹੇਠ ਉਹਨਾਂ ਮੋਟੀਆਂ ਕਮਾਈਆਂ ਕੀਤੀਆਂ। ਜਦੋਂ ਵਪਾਰੀ, ਆੜਤੀਏ ਫ਼ੜੇ ਗਏ ਤਾਂ ਉਹ ਦੜ ਵੱਟ ਗਏ। ਹੋਲੀ ਹੋਲੀ ਅੱਗ ਉਹਨਾਂ ਤੱਕ ਪੁੱਜੀ ਤਾਂ ਉਹ ਵੀ ਫੜੇ ਗਏ। ਲੈਣ ਦੇ ਕੇ ਜਮਾਨਤਾਂ ਕਰਵਾ ਕੇ ਆ ਗਏ। ਜਦੋਂ ਕੰਘੀ ਅਪ੍ਰੇਸ਼ਨ ਹੋਇਆ, ਸਭ ਰਗੜੇ ਗਏ, ਬੀਬੀਆਂ ਦਾੜੀਆਂ ਵਾਲੇ ਸੱਥਾਂ, ਘਰਾਂ ਤੇ ਕਸਾਈ ਘਰਾਂ ਵਿੱਚ ਪੁੱਠੇ ਲਟਕਦੇ ਰਹੇ। ਅਸੀਂ ਚੁੱਪ ਰਹੇ ਤੇ ਤਮਾਸ਼ਾ ਤੱਕਦੇ ਰਹੇ। ਹੁਣ ਅੱਗ ਫੇਰ ਲੱਗੀ ਹੈ, ਹੁਣ ਇਹ ਅੱਗ ਘਰ ਘਰ ਪੁੱਜੇਗੀ।ਹਰ ਇੱਕ ਦੀ ਬੂਥੀ ਸੁਜੇਗੀ, ਪਰ ਇਹ ਅੱਗ ਉਹਨਾਂ ਘਰਾਂ ਤੱਕ ਕਦੇ ਨਹੀਂ ਜਾਵੇਗੀ, ਜਿਹਨਾਂ ਨੇ ਲਗਾਈ ਸੀ। ਅਸੀਂ ਲੰਗਰ ਲਗਾਉਣ ਤੇ ਛਕਾਉਣ ਵਾਲੇ ਐਵੇਂ ਦਾਨੀ ਬਣੇ ਰਹੇ। ਉਹਨਾਂ ਨੂੰ ਜਦੋਂ ਵੀ ਮੌਕਾ ਮਿਲਿਆ ਉਹਨਾਂ ਆਪਣੀ ਔਕਾਤ ਦਿਖਾ ਦਿੱਤੀ ਹੈ। ਤੁਹਾਨੂੰ ਅਕਲ ਨਾ ਆਈ, ਉਹਨਾਂ ਤੁਹਾਨੂੰ ਬਹੁਤ ਸਮਝਾਇਆ ਤੇ ਤੁਹਾਡੇ ਪੱਲੇ ਨਾ ਪਿਆ। ਤੁਹਾਨੂੰ ਆਪਣਿਆਂ ਹੱਥੋਂ ਮਰਵਾਇਆ ਤੇ ਤੁਸੀਂ ਗਾਈ ਗਏ, ਆਪਣੇ ਹੱਥੀਂ ਆਪੇ ਕਾਜ ਸੁਆਰੀਏ। ਤੁਸੀਂ ਇਹ ਨਹੀਂ ਪੜ੍ਹਿਆ, ਜਦੋਂ ਸਿਰੋਂ ਪਾਣੀ ਲੰਘੇ ਤਾਂ ਤਰੋ ਤੇ ਲੜੋ, ਲਹਿਰਾਂ ਤੇ ਕਹਿਰਾਂ ਨਾਲ। ਤੁਸੀਂ ਕੜਾਹ ਛਕਣ ਵਾਲੇ ਅਫਰੀਕਨ ਬਣ ਗਏ ਓ। ਵਾਹ ਜੀ ਵਾਹ, ਨਹੀਂ ਰੀਸਾਂ ਤੁਹਾਡੀਆਂ। ਅੱਗ ਦੀ ਉਡੀਕ ਕਰੋ, ਕੱਢੋ ਆਪੋ ਆਪਣੀਆਂ ਦੁਸ਼ਮਣੀਆਂ। ਭਰੋ ਲਾਲੜੀਆਂ ਦੇ ਮੂੰਹ। ਆਪਣੇ ਖੂਨ ਨਾਲ ਖੇਡੋ। ਲਵੋ ਨਜ਼ਾਰੇ, ਇਹ ਮੌਕਾ ਵਾਰ ਵਾਰ ਨਹੀਂ ਆਉਣਾ। ਤੁਹਾਡੀ ਚੁੱਪ ਹੀ ਤੁਹਾਡੀ ਮੌਤ ਬਣੇਗੀ। ਚੁੱਪ ਚਾਪ ਤਮਾਸ਼ਾ ਤੱਕਦੇ ਰਹੋ। ਮਕਾਨ ਢਾਹੁਣ ਤੇ ਘਰ ਬਣਾਉਣ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਰਹੋ। ਦੇ ਜਿਉਂਦੇ ਵਸਦੇ ਓ ਤਾਂ ਆਪਣੇ ਗਿਰੇਬਾਨ ਵਿੱਚ ਝਾਤੀ ਮਾਰੋ। ਆਪਣੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜੋ। ਮੜੀਆਂ ਉਡੀਕ ਰਹੀਆਂ ਹਨ। ਅੱਗ ਦੀ ਕੋਈ ਜਾਤ ਤੇ ਧਰਮ ਨਹੀਂ, ਉਸਨੇ ਸਭ ਫ਼ਨਾਹ ਕਰਨਾ ਹੈ। ਪਰਲੋ ਆਉਣ ਵਾਲੀ ਹੈ, ਪਰਲੋਕ ਉਡੀਕ ਵਿੱਚ ਹੈ। ਇੰਤਜ਼ਾਰ ਕਰੋ ਤੇ ਰੱਬ ਰੱਬ ਕਰਦੇ ਰਹੋ। ਕੀ ਪਤਾ ਅੱਗ ਬੁਝਾਉਣ ਲਈ ਕੋਈ ਆ ਜਾਵੇ, ਤੁਸੀਂ ਆਪਣੇ ਕੀਮਤੀ ਸਮਾਨ ਤੇ ਔਲਾਦ ਨੂੰ ਸੁਰੱਖਿਅਤ ਰੱਖਣ ਲਈ ਆਲੇ ਦੁਆਲੇ ਪਾਣੀ ਦੀ ਝੀਲ ਬਣਾ ਲਵੋ। ਕੀ ਪਤਾ ਪਰਲੋ ਦਿਸ਼ਾ ਬਦਲ ਜਾਵੇ। ਆਸਵੰਦ ਰਹੋ।
ਮੀਂਹ ਹਨੇਰੀ ਆਉਣ ਤੋਂ ਪਹਿਲਾਂ ਕਹਿਰ ਦੀ ਗਰਮੀਂ ਹੁੰਦੀ ਹੈ। ਪੁਰਾ ਚੱਲਦਾ ਹੈ, ਹੁੰਮਸ ਵੱਧਦੀ ਹੈ। ਪੁਰਾ ਰੁਕਦਾ, ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ। ਹਨੇਰੀ ਆਉਂਦੀ ਹੈ। ਲੋਕ ਆਪੋ ਆਪਣਾ ਸਮਾਨ ਸੰਭਾਲਣ ਲੱਗਦੇ। ਅਸਮਾਨ ਵਿੱਚ ਚਿੱਟੇ ਬਗਲੇ ਗੇੜੀਆਂ ਮਾਰਦੇ ਨੇ ਮੋਰ ਚੀਕ ਚਿਹਾੜਾ ਪਾਉਣ ਲੱਗਦੇ ਹਨ। ਬਜ਼ੁਰਗ ਵਿਚਾਰਾ ਕਰਦੇ, ਸੁੱਖ ਹੋਵੇ। ਮਾਵਾਂ ਜੁਆਕਾਂ ਨੂੰ ਟਿੱਕ ਕੇ ਬਹਿ ਜਾਣ ਲਈ ਆਖਦੀਆਂ ਨੇ, ਡੰਗਰ ਵੱਛਾ ਅੰਦਰ ਬੰਨ੍ਹ ਕੇ ਰੱਖਿਆ ਜਾਂਦਾ ਐ। ਜ਼ੋਰਦਾਰ ਝੱਖੜ੍ਹ ਆਉਂਦਾ ਹੈ। ਹਵਾ ਗੂੰਜ ਦੀ ਹੈ। ਬੱਦਲ ਗਰਜਦਾ ਹੈ। ਬਿਜਲੀ ਲਿਸ਼ਕਦੀ ਹੈ। ਜ਼ੋਰਦਾਰ ਮੀਂਹ ਪੈਣ ਲੱਗਦਾ ਹੈ। ਬਿਜਲੀ ਲਿਸ਼ਕਣ ਤੇ ਬੱਦਲਾਂ ਦੀ ਗੜਗੜਾਹਟ ਕਾਲਜੇ ਲੂੰਹਦੀ ਐ। ਹਾਲਾਤ ਹੁਣ ਵੀ ਇਹੋ ਜਿਹੇ ਬਣ ਗਏ ਹਨ। ਉਲਟੀ ਗੰਗਾ ਪਹੇਵੇ ਨੂੰ ਤੁਰ ਪਈ ਹੈ। ਬਘਿਆੜ ਨੇ ਭੇਡ ਦੀਆਂ ਖੱਲ ਪਾ ਲਈ ਐ। ਉਸਨੇ ਐਲਾਨ ਕਰ ਦਿੱਤਾ ਹੈ ਕਿ ਉਸਨੇ ਮਾਸ ਖਾਣਾ ਛੱਡ ਦਿੱਤਾ ਹੈ। ਉਹ ਸ਼ਾਕਾਹਾਰੀ ਹੋ ਗਿਆ ਹੈ। ਉਸਨੇ ਖੂੰਖਾਰ ਜਾਨਵਰਾਂ ਨਾਲ ਮੇਲ ਮਿਲਾਪ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨੇ ਜ਼ਿੰਦਗੀ ਲਈ ਪਿਛਲੇ ਦੁੱਖ ਦਰਦ ਭੁੱਲਾ ਦਿੱਤੇ ਹਨ। ਉਸਨੇ ਜੰਗਲ ਵਿੱਚ ਅਮਨ ਸ਼ਾਂਤੀ ਲਈ ਹਵਨ, ਪੂਜਾ, ਪਾਠ ਤੇ ਅਰਦਾਸਾਂ ਕਰਨ ਲਈ ਪੁਜਾਰੀਆਂ ਨੂੰ ਹੁਕਮ ਕਰ ਦਿੱਤਾ ਹੈ। ਪਿਆਰ ਮੁਹੱਬਤ ਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਮੇਲ਼ ਮਿਲਾਪ ਕਰਨਾ ਸ਼ੁਰੂ ਕਰ ਦਿੱਤਾ। ਜੰਗਲ ਨੂੰ ਹਰਿਆ ਭਰਿਆ ਬਣਾਉਣ ਲਈ ਫੁੱਲ ਬੂਟੇ ਲਗਾਏ ਜਾ ਰਹੇ ਹਨ। ਨਰਸਰੀਆਂ ਦੇ ਹਰ ਤਰ੍ਹਾਂ ਬੂਟੇ ਖਰੀਦ ਕੇ ਲਗਾਉਣੇ ਸ਼ੁਰੂ ਕਰ ਦਿੱਤੇ। ਇੰਝ ਲੱਗਦਾ ਐ ਹੁਣ ਸ਼ਾਂਤੀ ਆਵੇਗੀ। ਪਿਆਰ ਮੁਹੱਬਤ ਦਾ ਜਾਲ਼ ਵਿਛਾਇਆ ਹੋਇਆ ਹੈ। ਕੋਈ ਆਪ ਤੇ ਕੋਈ ਫਸਾਇਆ ਜਾ ਰਿਹਾ ਹੈ। ਹਰ ਤਰੀਕਾ ਵਰਤਿਆ ਜਾ ਰਿਹਾ ਹੈ। ਸਪੇਰੇ ਬੀਨ ਵਜਾਉਣ ਲੱਗੇ ਹਨ। ਖੁੰਡਾਂ ਵਿੱਚੋਂ ਨਾਗ ਬਾਹਰ ਆਉਣ ਲੱਗੇ ਹਨ। ਸੱਪਾਂ ਨੂੰ ਫੜਨ ਫੜ ਕੇ ਪਟਾਰੀ ਵਿੱਚ ਪਾਇਆ ਜਾਣ ਲੱਗਾ ਹੈ। ਸਪੇਰੇ ਵਾਂਗੂੰ ਬੀਨ ਵਜਾਈ ਜਾਂਦੀ ਹੈ। ਘਰ ਵਾਲਿਆਂ ਨੂੰ ਉਹ ਦੱਸਦਾ ਹੈ ਕਿ ਤੁਹਾਡੇ ਘਰ ਸੱਪਾਂ ਦੀ ਆਵਾਜ਼ ਆਉਂਦੀ ਹੈ। ਘਰਵਾਲੇ ਡਰਦੇ ਹਨ ਤੇ ਸੱਪਾਂ ਨੂੰ ਫੜਨ ਲਈ ਮਿੰਨਤਾਂ ਕਰਦੇ ਹਨ। ਸੱਪ ਪਹਿਲਾਂ ਹੀ ਛੱਡੇ ਗਏ ਹਨ, ਫੇਰ ਸੱਪਾਂ ਨੂੰ ਦੁੱਧ ਪਿਲਾਇਆ ਜਾਂਦਾ ਹੈ। ਫੇਰ ਫ਼ੜਨ ਦਾ ਢੌਂਗ ਹੁੰਦਾ ਹੈ। ਸੱਪਾਂ ਫ਼ੜ ਕੇ ਉਹਨਾਂ ਦੇ ਦੰਦ ਕੱਢੇ ਜਾਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਸੱਪ ਹੁਣ ਡੰਗ ਨਹੀਂ ਮਾਰਦਾ। ਜਿਹੜਾ ਕੋਈ ਸੱਪ ਫਰਾਟੇ ਮਾਰਦਾ ਉਸਦੇ ਲੱਕ ਨੂੰ ਭੰਨ ਦਿੱਤਾ ਜਾਂਦਾ। ਉਹ ਹੌਲੀ ਹੌਲੀ ਰੀਂਗਣ ਲੱਗਦਾ ਹੈ। ਸਪੇਰੇ ਨੂੰ ਪਤਾ ਸੱਪ ਮਾਰਿਆ ਗਿਆ ਤਾਂ ਚੀਕ ਚਿਹਾੜਾ ਪਵੇਗਾ। ਉਹਨਾਂ ਨੇ ਸੱਪਾਂ ਦੇ ਦੰਦ ਖੱਟੇ ਕਰ ਦਿੱਤੇ ਤੇ ਲੱਕ ਭੰਨ ਦਿੱਤਾ ਹੈ। ਜੰਗਲ ਹੁਣ ਮੁਰਦਾ ਸ਼ਾਂਤੀ ਨਾਲ ਭਰ ਗਿਆ ਹੈ। ਉੱਡਣ ਵਾਲੇ ਪੰਛੀਆਂ ਨੇ ਦੂਜੇ ਜੰਗਲਾਂ ਵਿੱਚ ਪਨਾਹ ਲਈ ਐ। ਜੰਗਲ ਵਿੱਚ ਆਲ੍ਹਣੇ ਦਿਨੋਂ ਦਿਨ ਖ਼ਾਲੀ ਹੋ ਰਹੇ ਹਨ। ਚਿੜੀਆਂ ਤੇ ਕਬੂਤਰਾਂ ਨੇ ਉਡਾਰੀਆਂ ਮਾਰ ਦਿਤੀਆਂ ਹਨ। ਹੁੰਮਸ ਵੱਧਦੀ ਜਾ ਰਹੀ ਹੈ। ਹਨੇਰੀ ਆਉਂਦੀ ਦਿਖਦੀ ਹੈ। ਝੱਖੜ ਝੁਲਣ ਵਾਲਾ ਹੈ। ਬਗਲੇ ਉਂਡਦੇ ਹਵਾ ਵਿੱਚ ਤਾਰੀਆਂ ਲਾਉਂਦੇ ਹਨ। ਜੰਗਲ ਦੇ ਰਾਜੇ ਨੇ ਗੁਫ਼ਾ ਬਦਲ ਦਿੱਤੀ ਹੈ।ਹੁਣ ਅਗਲੇ ਸਮਿਆਂ ਵਿੱਚ ਸਿਆਸੀ ਹਨੇਰੀ ਆਵੇਗੀ। ਤੂਫ਼ਾਨ ਤੋਂ ਪਹਿਲਾਂ ਵਰਗੀ ਸ਼ਾਂਤੀ ਐ। ਮਾਹੌਲ ਬਣਦਾ ਜਾ ਰਿਹਾ ਹੈ ਤੇ ਬਣਾਇਆ ਜਾ ਰਿਹਾ ਹੈ। ਹੁਣ ਪਰਲੋਂ ਕਦੋਂ ਆਵੇਗੀ ਤੇ ਕੀ ਰੰਗ ਵਿਖਾਵੇਗੀ ਪਤਾ ਨਹੀਂ। ਆਉਣ ਵਾਲੇ ਭੂਚਾਲ ਤੇ ਤੂਫ਼ਾਨ ਦੀ ਗੂੰਜ ਆ ਰਹੀ ਹੈ। ਕੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ। ਤੁਹਾਨੂੰ ਕੁੱਝ ਦਿਖਦਾ ਤੇ ਸੁਣਦਾ ਹੈ? ਪਰਲੋਂ ਆਉਣ ਵਾਲੀ ਹੈ। ਸਾਵਧਾਨ ਤੇ ਹੁਸ਼ਿਆਰ ਰਹੋ। ਪਰਲੋਂ ਆਉਣ ਵਾਲੀ ਹੈ।
ਇਲਤੀ ਬਾਬਾ
9464370823
ਸਾਂਝਾ ਕਰੋ

ਪੜ੍ਹੋ

ਹਿੰਦੂ ਨੇਤਾ ਦਾ ਗੋਲੀਆਂ ਮਾਰ ਕੇ ਕਤਲ

ਜਮਸ਼ੇਦਪੁਰ, 21 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਜ਼ਿਲ੍ਹੇ ਤੋਂ ਇੱਕ...