
ਲੁਧਿਆਣਾ, 3 ਮਾਰਚ – ਬੀਤੇ ਦਿਨੀਂ ਵਿਜੀਲੈਂਸ ਵਿਭਾਗ ਵੱਲੋਂ ਰੈਵਨਿਊ ਵਿਭਾਗ ਵਿੱਚ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਰੈਵਨਿਊ ਵਿਭਾਗ ਦੇ ਅਧਿਕਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਸਦੇ ਚੱਲਦਿਆਂ ਅੱਜ ਪੰਜਾਬ ਭਰ ਵਿੱਚ ਰੈਵਨਿਊ ਵਿਭਾਗ ਦੇ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਅਤੇ ਇੱਕ ਵੱਡੀ ਮੀਟਿੰਗ ਲੁਧਿਆਣਾ ਵਿੱਚ ਕੀਤੀ ਜਾ ਰਹੀ ਹੈ। ਜਿਸ ਦੇ ਵਿੱਚ ਡੀਸੀ ਦਫਤਰ ਦੇ ਕਰਮਚਾਰੀ ਵੀ ਕਲਮ ਛੋੜ ਹੜਤਾਲ ਕਰਕੇ ਸ਼ਾਮਿਲ ਹੋ ਰਹੇ ਹਨ। ਇਸ ਨੂੰ ਲੈ ਕੇ ਜਦੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਵੱਡੇ ਫੈਸਲੇ ਲਏ ਜਾ ਸਕਦੇ ਹਨ।
ਛਾਪੇਮਾਰੀ ਕਾਰਨ ਖੌਫ ਦਾ ਮਾਹੌਲ
ਇਸ ਮੌਕੇ ਉੱਤੇ ਬੋਲਦੇ ਹੋਏ ਲਛਮਣ ਸਿੰਘ ਤਹਿਸੀਲਦਾਰ ਨੇ ਕਿਹਾ ਕਿ ਬਿਨਾਂ ਕਾਰਨ ਵਿਭਾਗਾਂ ਵਿੱਚ ਕੀਤੀ ਜਾ ਰਹੀ ਛਾਪੇਮਾਰੀ ਕਾਰਨ ਖੌਫ ਦਾ ਮਾਹੌਲ ਹੈ ਅਤੇ ਵਿਭਾਗ ਆਹਮੋ-ਸਾਹਮਣੇ ਨਜ਼ਰ ਆ ਰਹੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਮਾਨ ਸਨਮਾਨ ਨੂੰ ਵੀ ਠੇਸ ਪਹੁੰਚ ਰਹੀ ਹੈ। ਰੈਵਨਿਊ ਵਿਭਾਗ ਵਿੱਚ ਅੱਜ ਹੜਤਾਲ ਰਹੇਗੀ ਪੂਰਨ ਤੌਰ ਉੱਤੇ ਕੰਮ ਬੰਦ ਰਹੇਗਾ। ਉਨ੍ਹਾਂ ਦਾ ਸਮਰਥਨ ਹੋਰ ਵੀ ਕਈ ਜਥੇਬੰਦੀਆਂ ਨੇ ਕੀਤਾ ਹੈ ਜਿਸ ਤਰ੍ਹਾਂ ਕਿ ਡੀਸੀ ਦਫਤਰ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਕਲਮ ਛੋੜ ਹੜਤਾਲ ਉੱਤੇ ਹਨ।