
ਮੱਧਵਰਗੀ ਭਾਰਤ ਦੇ ਆਜ਼ਾਦ ਵਿਚਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਤਿਰੂਵਨੰਤਪੁਰਮ ਦੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਇਨ੍ਹੀਂ ਦਿਨੀਂ ਆਪਣੇ ਇੱਕ ਵਾਕ ਕਰ ਕੇ ਹਲਕੀ ਜਿਹੀ ਮੁਸੀਬਤ ’ਚ ਘਿਰੇ ਹੋਏ ਹਨ ਜਿਹੜਾ ਇੰਡੀਅਨ ਐਕਸਪ੍ਰੈੱਸ ਨਾਲ ਮਲਿਆਲਮ ’ਚ ਕੀਤੇ 45 ਮਿੰਟਾਂ ਦੇ ਉਨ੍ਹਾਂ ਦੇ ਪੌਡਕਾਸਟ ਦਾ ਹਿੱਸਾ ਹੈ: “ਮੇਰੇ ਕੋਲ ਹੋਰ ਰਾਹ ਵੀ ਹਨ। ਚਾਰ ਵਾਰ ਦੇ ਸੰਸਦ ਮੈਂਬਰ ਥਰੂਰ 2009 ਦੇ ਆਪਣੇ ਉਸ ਟਵੀਟ ਤੋਂ ਕਾਫ਼ੀ ਅੱਗੇ ਨਿਕਲ ਆਏ ਹਨ (“ਸਾਡੀਆਂ ਸਾਰੀਆਂ ਪਵਿੱਤਰ ਗਊਆਂ ਨਾਲ ਇਕਜੁੱਟਤਾ ਦਿਖਾਉਣ ਲਈ ਮੈਂ ‘ਕੈਟਲ ਕਲਾਸ’ (ਇਕਾਨਮੀ ਸ਼੍ਰੇਣੀ) ਵਿੱਚ ਯਾਤਰਾ ਕਰਾਂਗਾ”) ਜਿਸ ਨੇ ਆਪਣੀ ਹਾਜ਼ਰ ਜਵਾਬੀ ਤੇ ਕਿਰਸ ਦੁਆਲੇ ਘੁੰਮਦੇ ਨਾਅਰਿਆਂ ਦੇ ਦੋਗਲੇਪਨ ਦਾ ਅਨੋਖੇ ਢੰਗ ਨਾਲ ਪਰਦਾਫਾਸ਼ ਕਰ ਕੇ ਦੇਸ਼ ਨੂੰ ਆਨੰਦਿਤ ਕੀਤਾ ਸੀ- ਭਾਵੇਂ ਸੋਨੀਆ ਗਾਂਧੀ ਨੇ ਇੱਥੇ ਵਰਤੀ ਗਈ ਭਾਸ਼ਾ ਲਈ ਖ਼ੁਦ ਉਨ੍ਹਾਂ ਨੂੰ ਝਾੜਿਆ ਸੀ।
ਥਰੂਰ ਦੀਆਂ ਟਿੱਪਣੀਆਂ ਦੁਆਲੇ ਖੜ੍ਹਾ ਹੋਇਆ ਤਾਜ਼ਾ ਵਿਵਾਦ ਸ਼ਾਇਦ ਹਫ਼ਤਾ ਮੁੱਕਣ ਦੇ ਨਾਲ ਹੀ ਮੁੱਕ ਗਿਆ ਹੈ, ਖ਼ਾਸ ਕਰ ਕੇ ਉਦੋਂ ਜਦੋਂ ਕੇਰਲਾ ਚੋਣਾਂ (2026) ਦੀ ਤਿਆਰੀ ਸਬੰਧੀ ਪਾਰਟੀ ਹਾਈ ਕਮਾਨ ਤੇ ਪ੍ਰਦੇਸ਼ ਕਾਂਗਰਸ ਦੀ ਮੀਟਿੰਗ ਨੇ ਛਿੱਥੇ ਪਏ ਸੰਸਦ ਮੈਂਬਰ ਨੂੰ ਸ਼ਾਂਤ ਕਰ ਦਿੱਤਾ। ਪਾਰਟੀ ਦੇ ਸਾਰੇ ਧਡਿ਼ਆਂ ਦਰਮਿਆਨ ਇਕਜੁੱਟਤਾ ਅਗਾਊਂ ਹੀ ਜ਼ਾਹਿਰ ਕਰ ਦਿੱਤੀ ਗਈ ਹੈ। ਵਾਇਨਾਡ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਅਤੇ ਉਸ ਦਾ ਭਰਾ ਤੇ ਵਾਇਨਾਡ ਦਾ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਕਾਂਗਰਸ ਜਨਰਲ ਸਕੱਤਰ (ਜਥੇਬੰਦਕ ਢਾਂਚਾ) ਅਤੇ ਅਲਾਪੁੱਝਾ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ (ਪਾਰਟੀ ਦੀ ਸਭ ਤੋਂ ਤਾਕਤਵਰ ਤਿਕੜੀ) ਇਹ ਕਹਿਣ ’ਚ ਬਿਲਕੁਲ ਸਭ ਤੋਂ ਮੂਹਰੇ ਹੈ ਕਿ ‘ਗੌਡਜ਼ ਆਨ ਕੰਟਰੀ’ ਵਿੱਚ ਸਭ ਕੁਝ ਠੀਕ-ਠਾਕ ਹੈ ਤੇ ਕਾਂਗਰਸ ਦਾ ਅਗਲੇ ਸਾਲ ਸੱਤਾ ਵਿੱਚ ਆਉਣਾ ਨਿਸ਼ਚਿਤ ਹੈ।
ਇਸ ਨੂੰ ਛੱਡ ਕੇ ਇਸ ਦੱਖਣੀ ਰਾਜ ’ਚ ਮੰਥਨ ਹੋ ਰਿਹਾ ਹੈ ਤੇ ਅਰਬ ਸਾਗਰ ਦੇ ਪਾਣੀ ਵੀ ਇਨ੍ਹੀਂ ਦਿਨੀਂ ਐਨੇ ਸਾਫ਼ ਨਹੀਂ ਹਨ। ਪਿਛਲੇ ਹਫ਼ਤੇ ਕੋਚੀ ਦੇ ਨਿਵੇਸ਼ਕ ਸੰਮੇਲਨ ’ਚ ਭਾਜਪਾ ਆਗੂ ਪਿਊਸ਼ ਗੋਇਲ ਅਤੇ ਕੇਰਲਾ ਦੇ ਮੁੱਖ ਮੰਤਰੀ ਤੇ ਸੀਪੀਐੱਮ ਆਗੂ ਪਿਨਾਰਈ ਵਿਜਯਨ ਇੱਕ ਦੂਜੇ ਨਾਲ ਖੁੱਲ੍ਹ ਕੇ ਹਸਦੇ-ਵਿਚਰਦੇ ਦਿਸੇ। ਕੁਝ ਦਿਨਾਂ ’ਚ ਹੀ ਸੀਪੀਐੱਮ ਨੇ ਪੂਰੇ ਕੇਰਲਾ ’ਚ ਆਪਣੀਆਂ ਸਾਰੀਆਂ ਪਾਰਟੀ ਇਕਾਈਆਂ ਨੂੰ ਪੱਤਰ ਭੇਜ ਕੇ ਇਹ ਸਪੱਸ਼ਟ ਕੀਤਾ ਕਿ ਕਿਉਂ ਪਾਰਟੀ ਮੋਦੀ ਸਰਕਾਰ ਨੂੰ “ਫਾਸ਼ੀਵਾਦੀ ਜਾਂ ਨਵ-ਫਾਸ਼ੀਵਾਦੀ” ਨਹੀਂ ਬਿਆਨਦੀ। ਇਹ ਕਥਨ ਕੋਲਮ ’ਚ 6 ਮਾਰਚ ਨੂੰ ਹੋ ਰਹੀ ਸੀਪੀਐੱਮ ਦੀ 24ਵੀਂ ਕਾਂਗਰਸ ’ਚ ਧਿਆਨ ਦਾ ਕੇਂਦਰ ਬਣਨਗੇ। ਕੁਝ ਦਾ ਕਹਿਣਾ ਹੈ ਕਿ ਇਹ ਪਾਰਟੀ ਦੇ ਤਾਕਤਵਰ ਪ੍ਰਕਾਸ਼ ਕਰਾਤ ਧੜੇ ਵੱਲੋਂ ਮੁੜ ਕਾਂਗਰਸ ਵਿਰੋਧੀ ਕਰੜਾ ਰੁਖ਼ ਅਖ਼ਤਿਆਰ ਕੀਤੇ ਜਾਣ ਦੀ ਨਿਸ਼ਾਨੀ ਹੈ- ਵਿਸ਼ੇਸ਼ ਤੌਰ ’ਤੇ ਪਿਛਲੇ ਸਾਲ ਸਤੰਬਰ ’ਚ ਸੀਤਾਰਾਮ ਯੇਚੁਰੀ ਦੇ ਦੇਹਾਂਤ ਤੋਂ ਬਾਅਦ ਜਿਨ੍ਹਾਂ ਹਮੇਸ਼ਾ ਵਿਰੋਧੀ ਧਿਰ ਦੇ ਏਕੇ ਉੱਤੇ ਜ਼ੋਰ ਦਿੱਤਾ ਤੇ ਮੰਨਿਆ ਕਿ ਕਾਂਗਰਸ ਪਾਰਟੀ ਇਸ ਦਾ ਦਿਲ ਹੈ।
ਇਸ ਲਈ ਕੇਰਲਾ ’ਚ ਥਰੂਰ ਦੀਆਂ ਖ਼ਾਹਿਸ਼ਾਂ ਤੋਂ ਵੀ ਵੱਡਾ ਸਵਾਲ ਫ਼ਿਲਹਾਲ ਇਹ ਹੈ ਕਿ ਕੀ ਖੱਬੀ ਧਿਰ ਭਾਜਪਾ ਨਾਲ ਨਰਮੀ ਵਰਤ ਰਹੀ ਹੈ? ਤੇ ਕੀ ਕੋਲਮ ’ਚ ਪਾਰਟੀ ਦੇ ਸੰਮੇਲਨ ਦੀ ਵਾਪਸੀ ਭਾਜਪਾ ਨੂੰ ਨਹੀਂ ਬਲਕਿ ਕਾਂਗਰਸ ਨੂੰ ਖੱਬੇ ਪੱਖੀਆਂ ਦਾ ਮੁੱਖ ਸਿਆਸੀ ਦੁਸ਼ਮਣ ਬਣਾਉਣ ਲਈ ਹੋ ਰਹੀ ਹੈ ਕਿਉਂਕਿ ਕਾਂਗਰਸ ਦੀ ਅਗਵਾਈ ਵਾਲਾ ਯੂਡੀਐੱਫ ਕੇਰਲਾ ਵਿੱਚ ਇਸ ਦਾ ਮੁੱਖ ਵਿਰੋਧੀ ਹੈ? ਕਲਪਨਾ ਕਰੋ, ਫਿਰ ਇਸ ਸੰਭਾਵਨਾ ਦੀ ਕਿੰਨੀ ਸੰਭਾਵਨਾ ਹੈ, ਖ਼ਾਸ ਤੌਰ ’ਤੇ ਜਦੋਂ ਭਾਜਪਾ ਦੱਖਣੀ ਭਾਰਤ ’ਚ ਪੂਰਾ ਜ਼ੋਰ ਲਾ ਰਹੀ ਹੈ। ਕੀ ਵਿਜਯਨ ਤੇ ਨਰਿੰਦਰ ਮੋਦੀ ਸੱਚੀਓਂ ਜੁੜਨਗੇ, ਚਾਹੇ ਪੂਰੀ ਤਰ੍ਹਾਂ ਪਰਦੇ ਪਿੱਛੇ ਹੀ ਸਹੀ, ਕੇਰਲਾ ’ਚ ਕਾਂਗਰਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਲਈ?
ਪਿਆਰੇ ਪਾਠਕੋ ਜ਼ਰਾ ਰੁਕੋ, ਕੁਝ ਹੋਰ ਵੀ ਹੈ। ਹਾਲੀਆ ‘ਇੰਡੀਆ ਟੂਡੇ ਮੂਡ ਆਫ ਦਿ ਨੇਸ਼ਨ’ (ਐੱਮਓਟੀਐੱਨ) ਸਰਵੇਖਣ ਯੂਡੀਐੱਫ ਦਾ ਹੱਥ ਉੱਪਰ ਦੱਸਦਿਆਂ, ਇਹ ਭਖਵੀਂ ਬਹਿਸ ਛੇੜ ਰਿਹਾ ਹੈ ਕਿ ਕੇਰਲਾ ਵਿੱਚ ਭਾਜਪਾ ਦਾ ਵੋਟ ਸ਼ੇਅਰ ਦਿਨੋ-ਦਿਨ ਵਧ ਰਿਹਾ ਹੈ; ਜੇ ਅੱਜ ਚੋਣ ਹੋ ਜਾਵੇ ਤਾਂ ਇਹ 24 ਪ੍ਰਤੀਸ਼ਤ ਹੋਵੇਗਾ, ਲੋਕ ਸਭਾ ’ਚ ਇਸ ਨੂੰ 17 ਪ੍ਰਤੀਸ਼ਤ ਵੋਟਾਂ ਹਾਸਿਲ ਹੋਈਆਂ ਸਨ; ਦੂਜੇ, ਖੱਬੇ ਪੱਖੀ ਧਿਰ ਦੋ ਪ੍ਰਤੀਸ਼ਤ ਦੀ ਦਰ ਨਾਲ ਡਿੱਗੇਗੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਜਪਾ ਐਨੀ ਖ਼ੁਸ਼ ਕਿਉਂ ਹੈ। ਰਾਜਧਾਨੀ ਸਣੇ ਜ਼ਿਆਦਾਤਰ ਉੱਤਰੀ ਭਾਰਤ ਜਿੱਤਣ ਤੋਂ ਬਾਅਦ- ਹਿਮਾਚਲ ਪ੍ਰਦੇਸ਼ ਦੀਆਂ ਚਾਰ ਤੇ ਪੰਜਾਬ ਦੀਆਂ 13 ਸੀਟਾਂ ਲਈ ਪਹਿਲਾਂ ਹੀ ਸਚੇਤ- ਭਾਜਪਾ ਜਾਣਦੀ ਹੈ ਕਿ ਇਸ ਨੂੰ ਹੁਣ ਦੱਖਣੀ ਮੋਰਚਾ ਤੋੜਨਾ ਹੀ ਪੈਣਾ ਹੈ। ਤਾਮਿਲਨਾਡੂ ’ਤੇ ਤਾਂ ਧਿਆਨ ਕੁਝ ਸਮੇਂ ਤੋਂ ਦਿੱਤਾ ਹੀ ਜਾ ਰਿਹਾ ਹੈ ਪਰ ਕੇਰਲਾ ਵਾਲੇ ਪਾਸੇ ਤੁਰਨ ਦੀ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਰਹੀ ਸੀ।
ਅਦਾਕਾਰ ਰਹੇ ਸੁਰੇਸ਼ ਗੋਪੀ ਨੇ ਪਿਛਲੇ ਸਾਲ ਕੇਰਲਾ ਦੇ ਮਸ਼ਹੂਰ ਗੁਰੂਵਯੂਰ ਮੰਦਰ ਦੀ ਧਰਤੀ ਤ੍ਰਿਸੂਰ ਤੋਂ ਜਿੱਤ ਦਰਜ ਕਰ ਕੇ ਰਾਜ ’ਚ ਭਾਜਪਾ ’ਤੇ ਲੱਗੀਆਂ ਰੋਕਾਂ ਚੁੱਕ ਦਿੱਤੀਆਂ ਸਨ। ਪਾਰਟੀ ਮੰਨਦੀ ਹੈ ਕਿ ਨਾਇਰ ਬਿਰਾਦਰੀ, ਜੋ ਕਿਸੇ ਸਮੇਂ ਖੱਬੇ ਪੱਖੀਆਂ ਦੀ ਰੀੜ੍ਹ ਸੀ, ਪਹਿਲਾਂ ਤੋਂ ਵੱਧ ਤੇਜ਼ੀ ਨਾਲ ਇਸ ਦੇ ਪੱਖ ’ਚ ਆਵੇਗੀ। ਇਹ ਉਮੀਦ ਰੱਖਦਿਆਂ ਭਾਜਪਾ ਗ਼ਲਤੀ ਨਹੀਂ ਕਰ ਰਹੀ। ਕੇਰਲਾ ਦੇ ਮੱਧਵਰਗ ਨੂੰ ਵੀ ਪਿਛਲੇ ਕਈ ਦਹਾਕਿਆਂ ਤੋਂ ਕੱਟੜ ਖੱਬੇ ਪੱਖੀ ਬਣਨ ਅਤੇ ਨਾਲ-ਨਾਲ ਲਾਗਲੇ ਮੰਦਰ ਜਾ ਕੇ ਦੀਵਾ ਬਾਲਣ ’ਚ ਕੁਝ ਗ਼ਲਤ ਨਜ਼ਰ ਨਹੀਂ ਆ ਰਿਹਾ।
ਵੱਡੀ ਸਮੱਸਿਆ ਇਹ ਹੈ ਕਿ ਭਾਜਪਾ ਕੋਲ ਅਗਵਾਈ ਲਈ ਅਜੇ ਵੀ ਢੁੱਕਵਾਂ ਚਿਹਰਾ ਨਹੀਂ ਹੈ- ਸਾਬਕਾ ਆਈਟੀ ਮੰਤਰੀ ਰਾਜੀਵ ਚੰਦਰਸ਼ੇਖਰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਪੱਖ ਰੱਖਣ ਦੇ ਸਮਰੱਥ ਹਨ ਤੇ ਸ਼ਾਇਦ ਥਰੂਰ ਤੋਂ ਤਿਰੂਵਨੰਤਪੁਰਮ ਖੋਹ ਸਕਦੇ ਸਨ ਪਰ ਉਹ ਖੋਹ ਨਹੀਂ ਸਕੇ। ਇਸ ਲਈ ਜਦੋਂ ਚਾਰ ਵਾਰ ਦੇ ਕਾਂਗਰਸੀ ਸੰਸਦ ਮੈਂਬਰ ਨੇ ਪਿਛਲੇ ਹਫ਼ਤੇ ਕਿਹਾ, ‘‘ਜੇ ਪਾਰਟੀ ਮੇਰੇ ਗੁਣਾਂ ਨੂੰ ਵਰਤਣਾ ਚਾਹੁੰਦੀ ਹੈ ਤਾਂ ਮੈਂ ਹਾਜ਼ਰ ਰਹਾਂਗਾ, ਜੇ ਨਹੀਂ ਤਾਂ ਮੇਰੇ ਕੋਲ ਹੋਰ ਬਦਲ ਵੀ ਹਨ”, ਤਾਂ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਦੇਸ਼ ਭਰ ਵਿੱਚ ਲੋੜੋਂ ਵੱਧ ਚਰਚਾ ਹੋਈ।
ਕੀ ਥਰੂਰ ਕਾਂਗਰਸ ਛੱਡਣਗੇ ਤੇ ਭਾਜਪਾ ਜਾਂ ਖੱਬੀ ਧਿਰ ’ਚ ਜਾਣਗੇ? ਕੀ ਉਹ ਕਾਂਗਰਸ ਅੰਦਰ ਵਡੇਰੀ ਭੂਮਿਕਾ ਲਈ ਜ਼ੋਰ ਲਾ ਰਹੇ ਹਨ, ਮਿਸਾਲ ਦੇ ਤੌਰ ’ਤੇ ਮੁੱਖ ਮੰਤਰੀ ਉਮੀਦਵਾਰ ਬਣਾਏ ਜਾਣ ਲਈ ਯਤਨ ਕਰ ਰਹੇ ਹਨ। ਕੇਰਲਾ ਦੀ ਤਿਕੜੀ (ਗਾਂਧੀ, ਗਾਂਧੀ ਤੇ ਵੇਣੂਗੋਪਾਲ) ਦੀ ਥਰੂਰ ਨੂੰ ਮਨਾਉਣ ’ਚ ਕੀ ਭੂਮਿਕਾ ਹੋਵੇਗੀ? ਕੀ ਸਾਬਕਾ ਸੰਯੁਕਤ ਰਾਸ਼ਟਰ ਡਿਪਲੋਮੈਟ ਭਾਰਤੀ ਮੱਧਵਰਗ ਦਾ ਮੋਹ ਛੱਡ ਨਿਊਯਾਰਕ ਪਰਤ ਜਾਵੇਗਾ ਤੇ ਆਪਣੀ 30ਵੀਂ ਕਿਤਾਬ ਲਿਖੇਗਾ? ਸੱਚ ਇਹ ਹੈ ਕਿ ਕੇਰਲਾ ’ਚ ਭਾਵੇਂ ਜ਼ਮੀਨੀ ਪੱਧਰ ’ਤੇ ਥਰੂਰ ਦੀ ਪਕੜ ਰਮੇਸ਼ ਚੇਨੀਤਲਾ, ਵੀਡੀ ਸਤੀਸ਼ਨ ਤੇ ਕੇਸੀ ਵੇਣੂਗੋਪਾਲ ਜਿੰਨੀ ਮਜ਼ਬੂਤ ਨਹੀਂ ਹੈ ਪਰ ਰਾਸ਼ਟਰੀ ਪੱਧਰ ’ਤੇ ਉਸ ਦੀ ਚੰਗੀ ਪਛਾਣ ਹੈ ਜੋ ਇਨ੍ਹਾਂ ਆਗੂਆਂ ਦੀ ਨਹੀਂ ਹੈ, ਵੇਣੂਗੋਪਾਲ ਦੀ ਵੀ ਨਹੀਂ, ਹਾਲਾਂਕਿ ਗਾਂਧੀਆਂ ਦਾ ਉਸ ਨੂੰ ਚੰਗਾ ਥਾਪੜਾ ਹੈ। ਅਜੇ ਕੁਝ ਕਹਿਣਾ ਬਹੁਤ ਜਲਦਬਾਜ਼ੀ ਹੈ ਪਰ ਜੇ ਰਾਮਚੰਦਰ ਗੁਹਾ ਵਰਗੇ ਬੁੱਧੀਜੀਵੀ ਥਰੂਰ ਦੇ ਮਗਰ ਹਨ ਤਾਂ ਕੇਰਲਾ ਵਿੱਚ ਵੀ ਜ਼ਮੀਨ ਭਾਵੇਂ ਥੋੜ੍ਹੀ ਹੀ ਸਹੀ, ਖ਼ਿਸਕ ਜ਼ਰੂਰ ਰਹੀ ਹੈ।
ਇੱਕ ਤਰਕ, ਜੋ ਥਰੂਰ ਦੇ ਹੱਕ ’ਚ ਭੁਗਤਦਾ ਹੈ, ਕਿ ਉਹ ਅਜਿਹਾ ਸ਼ਖ਼ਸ ਹੈ ਜਿਹੜਾ 2009 ’ਚ ਬਾਹਰੋਂ ਆ ਕੇ ਪਾਰਟੀ ਦਾ ਹਿੱਸਾ ਬਣਿਆ ਤੇ ਹੁਣ ਤੱਕ ਚਾਰ ਵਾਰ ਲੋਕ ਸਭਾ ਦੀ ਸੀਟ ਜਿੱਤਣ ’ਚ ਸਫਲ ਰਿਹਾ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈ। ਇਸ ਤੋਂ ਇਲਾਵਾ ਥਰੂਰ ਕੋਈ ਵੇਣੂਗੋਪਾਲ ਤਾਂ ਹੈ ਨਹੀਂ ਜਿਸ ਦੇ ਸਿਰ ’ਤੇ ਰੱਬ ਦਾ ਹੱਥ ਹੋਵੇ। ਨਿਸ਼ਚਿਤ ਤੌਰ ’ਤੇ ਕਾਂਗਰਸ ਨੂੰ ਖਾਸ ਪਰਿਵਾਰ ਦੀ ਗ੍ਰਿਫਤ ਵਿੱਚੋਂ ਨਿਕਲਣਾ ਪਏਗਾ ਜਿਸ ਕਾਰਨ ਪਾਰਟੀ ਦੇ ਰੋਜ਼ਮੱਰਾ ਦੇ ਸਿਆਸੀ ਫ਼ੈਸਲੇ ਅਸਰਅੰਦਾਜ਼ ਹੋ ਰਹੇ ਹਨ। ਸ਼ਸ਼ੀ ਥਰੂਰ ਨੂੰ ਹਾਲਾਂਕਿ ਰਸੂਖ਼ਵਾਨ ਇਸਾਈ ਤੇ ਹਿੰਦੂ ਫ਼ਿਰਕਿਆਂ ਦੀ ਓਨੀ ਹਮਾਇਤ ਹਾਸਿਲ ਨਹੀਂ ਹੈ, ਪਰ ਫਿਰ ਵੀ ਉਸ ਦੀ ਖ਼ਾਹਿਸ ਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ।