ਸਾਡਾ ਦਾਨ ਇਨਸਾਨੀਅਤ ਤੇ ਲੋੜਬੰਦਾਂ ਲਈ ਹੋਣਾ ਚਾਹੀਦਾ ਹੈ, ਗੁਰੂਆਂ ਦੀ ਇਹੋ ਸਿੱਖਿਆ ਹੈ – ਧਾਲੀਵਾਲ

* ਸਾਨੂੰ ਸਮਾਜਿਕ ਜ਼ੁੰਮੇਵਾਰੀ ਸਮਝਦਿਆਂ ਮਨੁੱਖਵਾਦੀ ਪਹੁੰਚ ਅਪਨਾਉਣੀ ਚਾਹੀਦੀ ਹੈ- ਕਾਲਾ ਟਰੈਸੀ

* ਸਾਂਝਾ ਪੰਜਾਬ ਐਸੋਸੀਏਸ਼ਨ ਵੱਲੋਂ  ਲਗਵਾਏ ਮੈਗਾ ਕੈਂਸਰ ਕੈਂਪ ‘ਚ ਹਜ਼ਾਰਾਂ ਮਰੀਜ਼ਾਂ ਨੇ ਲਾਭ ਲਿਆ

ਫਗਵਾੜਾ, 28 ਫਰਵਰੀ ( ਏ.ਡੀ.ਪੀ. ਨਿਊਜ਼ ) – ਪੰਜਾਬ ਵਿੱਚੋਂ ਕੈਂਸਰ ਦੇ ਮੁਕੰਮਲ ਖ਼ਾਤਮੇ ਦਾ ਸੰਕਲਪ ਲੈਣ ਵਾਲੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ (ਰਜਿ:) ਦੇ ਗਲੋਬਲ ਐਂਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਦੁਆਬੇ ਦੇ ਪ੍ਰਸਿੱਧ ਪਿੰਡ ਅਤੇ ਫੁੱਟਬਾਲ ਦੀ ਨਰਸਰੀ ਰੁੜਕਾ ਖੁਰਦ ਵਿਖੇ ਲਖਬੀਰ ਸਿੰਘ ਸਹੋਤਾ ਕਾਲਾ ਟਰੈਸੀ ਦੀ ਅਗਵਾਈ ‘ਚ ਲਗਵਾਏ ਗਏ ਵਿਸ਼ਾਲ ਮੈਗਾ ਕੈਂਸਰ ਜਾਗਰੂਕਤਾ ਕੈਂਪ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕੁੱਲ 12581 ਪਿੰਡਾਂ ਵਿੱਚੋਂ ਉਹ ਲਗਭਗ 10,000 ਪਿੰਡਾਂ ‘ਚ ਕੈਂਸਰ ਰੋਗ ਦੀ ਜਾਂਚ ਤੇ ਹੋਰ ਟੈਸਟ ਕਰਨ ਲਈ ਐਨ.ਆਰ.ਆਈ. ਵੀਰਾਂ ਦੀ ਸਹਾਇਤਾ ਨਾਲ ਮੁਫ਼ਤ ਕੈਂਪ ਲਗਾ ਚੁੱਕੇ ਹਨ ਅਤੇ ਲਗਭਗ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਅਜਿਹਾ ਕੈਂਪ ਜ਼ਰੂਰ ਲੱਗਾ ਹੁੰਦਾ ਹੈ।  ਉਹਨਾ ਕਿਹਾ ਕਿ ਸਾਨੂੰ ਨਵੀਂ ਪੀੜੀ ਨੂੰ ਵਿਦਿਆ ਤੇ ਗਿਆਨ ਦਾ ਤੋਹਫ਼ਾ  ਦੇਣ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ। ਉਹਨਾ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਦਾਨ ਦੀ ਦਿਸ਼ਾ ਬਦਲਣੀ ਚਾਹੀਦੀ ਹੈ। ਸਾਡਾ ਦਾਨ ਇਨਸਾਨੀਅਤ ਤੇ ਲੋੜਬੰਦਾਂ ਲਈ ਹੋਣਾ ਚਾਹੀਦਾ ਹੈ, ਇਹੋ ਗੁਰੂਆਂ ਦੀ ਸਿੱਖਿਆ ਹੈ।

ਵਰਨਣਯੋਗ ਹੈ ਕਿ ਇਸ ਕੈਂਪ ਦਾ ਨਜ਼ਾਰਾ ਹੀ ਵਿਲੱਖਣ ਹੁੰਦਾ ਹੈ। ਉਥੇ ਵਿਸ਼ੇਸ਼ ਬੱਸਾਂ ਆਉਂਦੀਆਂ ਹਨ, ਜਿਹਨਾ ਵਿੱਚ ਕਰੋੜਾਂ ਦੀਆਂ ਮਸ਼ੀਨਾਂ ਫਿੱਟ ਹੁੰਦੀਆਂ ਹਨ ਅਤੇ ਉਹਨਾ ਰਾਹੀਂ ਇਹਨਾ ਕੈਂਪਾਂ ਦੇ ਮੁਫ਼ਤ ਟੈਸਟ ਹੁੰਦੇ ਹਨ ਅਤੇ ਮਰੀਜ਼ਾਂ ਨੂੰ ਮੌਕੇ ‘ਤੇ ਅਤੇ ਕੁਝ ਇੱਕ ਵਿਸ਼ੇਸ਼ ਟੈਸਟਾਂ ਲਈ ਬਾਅਦ ‘ਚ ਰਿਪੋਰਟਾਂ ਦਿੱਤੀਆਂ ਜਾਂਦੀਆਂ ਹਨ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

ਸਾਂਝਾ ਪੰਜਾਬ ਐਸੋਸੀਏਸ਼ਨ ਵੱਲੋਂ ਰੁੜਕਾ ਖੁਰਦ ਦੇ ਮੈਗਾ ਕੈਂਪ ਵਿੱਚ 18 ਅਤਿ-ਆਧੁਨਿਕ ਮੋਬਾਇਲ  ਯੁਨਿਟਾਂ ਨਾਲ ਕੰਮ ਲਗਵਾਇਆ ਗਿਆ, ਜਿਸ ਲਈ ਐਨ.ਆਰ.ਆਈ. ਕਾਲਾ ਟਰੈਸੀ, ਬਲਬੀਰ ਸਿੰਘ ਸਹੋਤਾ, ਹਿਪੀ ਰੁੜਕਾ, ਮਨੂੰ ਨਾਰਵੇ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ਵਿੱਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਅੱਖਾਂ ਦਾ ਚੈੱਕ-ਅੱਪ ਹੋਇਆ ਅਤੇ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ।

ਇਸ ਸਮੇਂ ਗੱਲਬਾਤ ਕਰਦਿਆਂ ਅਮਰੀਕਾ ਪ੍ਰਸਿੱਧ ਕਾਰੋਬਾਰੀ ਲਖਬੀਰ ਸਿੰਘ ਸਹੋਤਾ ਕਾਲਾ ਟਰੈਸੀ ਨੇ ਕਿਹਾ ਕਿ ਸਾਨੂੰ ਸਮਾਜਿਕ ਜ਼ੁੰਮੇਵਾਰੀ ਸਮਝਦਿਆਂ ਮਨੁੱਖਵਾਦੀ ਪਹੁੰਚ ਅਪਨਾਉਣੀ ਚਾਹੀਦੀ ਹੈ ਤੇ ਲੋਕਾਂ ਦੇ ਭਲੇ ਲਈ ਸਮਾਜ ਸੇਵਾ ‘ਚ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਵੱਡੀ ਗਿਣਤੀ ‘ਚ ਨਗਰ ਅਤੇ ਇਲਾਕੇ ਦੇ ਸਖ਼ਸ਼ੀਅਤਾਂ ਸ਼ਾਮਲ ਹੋਈਆਂ।ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਇਸ ਕੈਂਪ ਤੋਂ ਲਾਭ ਉਠਾਇਆ।

ਸਾਂਝਾ ਕਰੋ

ਪੜ੍ਹੋ

ਹਕੀਮਪੁਰ ਪੁਰੇਵਾਲ ਖੇਡ ਮੇਲੇ ਦੀਆਂ ਰੌਣਕਾਂ ਫੋਟੋਆਂ

ਹਕੀਮਪੁਰ ਪੁਰੇਵਾਲ ਖੇਡ ਮੇਲੇ ਵਿੱਚ ਸ਼ਾਮਲ ਹੋਏ ਸਾਹਿਤਕਾਰ ਪ੍ਰਿੰਸੀਪਲ ਸਰਵਣ...