ਮੂੰਹ ਤੇ ਉਂਗਲ ਰੱਖਕੇ ਚੁੱਪਚਾਪ ਟਰੰਪ ਨੂੰ ਸੁਣਦੇ ਰਹੇ ਮੋਦੀ : ਕਾਂਗਰਸ

ਨਵੀਂ ਦਿੱਲੀ, 28 ਫਰਵਰੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਰਾਬਰ ਟੈਰਿਫ ਲਾਉਣ ਦੀ ਧਮਕੀ ’ਤੇ ਚਿੰਤਾ ਪ੍ਰਗਟਾਉਦਿਆਂ ਕਾਂਗਰਸ ਨੇ ਵੀਰਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤਰ੍ਹਾਂ ਦੀ ਜ਼ਲਾਲਤ ਖਿਲਾਫ ਸਟੈਂਡ ਲੈਣ, ਕਿਉਕਿ ਇਸ ਨਾਲ ਭਾਰਤ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਪਾਰਟੀ ਆਗੂ ਅਜੋਏ ਕੁਮਾਰ ਨੇ ਪ੍ਰੈੱਸ ਕਾਨਫਰੰਸ ਵਿੱਚ ਫਰਾਂਸੀਸੀ ਰਾਸ਼ਟਰਪਤੀ ਐਮਨੁਏਲ ਮੈਕ੍ਰੋਂ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਰੰਪ ਨਾਲ ਮੁਲਾਕਾਤਾਂ ਦੀਆਂ ਵੀਡੀਓਜ਼ ਸ਼ੇਅਰ ਕਰਦਿਆਂ ਕਿਹਾਫਰਕ ਸਾਫ ਨਜ਼ਰ ਆ ਰਿਹਾ ਹੈ। ਯੂਰਪ ਦਾ ਪੱਖ ਰੱਖਦਿਆਂ ਮੈਕ੍ਰੋਂ ਨੇ ਟਰੰਪ ਨੂੰ ਟੋਕ ਕੇ ਆਪਣਾ ਬਿਆਨ ਸਭ ਦੇ ਸਾਹਮਣੇ ਰੱਖਿਆ। ਕੁਝ ਦਿਨ ਪਹਿਲਾਂ ਉਸੇ ਕਮਰੇ ਵਿੱਚ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਭਾਰਤ ਖਿਲਾਫ ਟੈਰਿਫ ਲਾਉਣ ਦੀ ਗੱਲ ਕਹੀ, ਤਦ 56 ਇੰਚ ਵਾਲੇ ਮੋਦੀ ਜੀ ਨੇ ਭਾਰਤ ਦਾ ਬਚਾਅ ਨਹੀਂ ਕੀਤਾ।

ਹੁਣ ਤੁਸੀਂ ਹੀ ਦੱਸੋ। ਕਮਜ਼ੋਰ ਕੌਣ? ਅਸੀਂ ਦੇਖਿਆ ਹੈ ਕਿ ਮੈਕ੍ਰੋਂ ਟਰੰਪ ਨੂੰ ਵਿੱਚੇ ਟੋਕ ਕੇ ਇਹ ਦੱਸ ਰਹੇ ਹਨ ਕਿ ਤੁਸੀਂ ਗਲਤ ਬੋਲ ਰਹੇ ਹੋ, ਪਰ ਮੋਦੀ ਦੇ ਸਾਹਮਣੇ ਟਰੰਪ ਭਾਰਤ ਦੀ ਬੁਰਾਈ ਕਰਦੇ ਰਹੇ। ਭਾਰਤ ਨੂੰ ਟੈਰਿਫ ਵਾਇਲੇਟਰ ਦੱਸਦੇ ਰਹੇ ਤੇ ਮੋਦੀ ਖਾਮੋਸ਼ ਰਹੇ। ਮੋਦੀ ਇਸੇ ਟਰੰਪ ਨੂੰ ਆਪਣਾ ‘ਬੈੱਸਟ ਫਰੈਂਡ’ ਦੱਸਦੇ ਹਨ, ਜੋ ਲਗਾਤਾਰ ਭਾਰਤ ਨੂੰ ਜ਼ਲੀਲ ਕਰਦੇ ਰਹਿੰਦੇ ਰਹਿੰਦੇ ਹਨ। ਭਾਜਪਾ ਦੇ ਲੋਕ ਮੋਦੀ ਨੂੰ ‘ਵਿਸ਼ਵ ਗੁਰੂ’ ਦੱਸਦੇ ਨਹੀਂ ਥੱਕਦੇ, ਪਰ ਜਦੋਂ ਮੋਦੀ ਅਮਰੀਕਾ ਦੌਰੇ ’ਤੇ ਗਏ ਤਾਂ ਟਰੰਪ ਮੋੋਦੀ ਨੂੰ ਰਿਸੀਵ ਕਰਨ ਤੱਕ ਨਹੀਂ ਆਏ। ਕੁਮਾਰ ਨੇ ਕਿਹਾ ਕਿ ਜੇ ਸੇਬ ਵਰਗੀਆਂ ਅਮਰੀਕੀ ਚੀਜ਼ਾਂ ’ਤੇ ਟੈਰਿਫ ਹਟਾਇਆ ਤਾਂ ਹਿਮਾਚਲ ਦੇ ਸੇਬ ਵਪਾਰੀਆਂ ਦਾ ਨੁਕਸਾਨ ਹੋਵੇਗਾ। ਜੇ ਅੰਗੂਰਾਂ ’ਤੇ ਟੈਰਿਫ ਹਟਾਇਆ ਤਾਂ ਮਹਾਰਾਸ਼ਟਰ ਤੇ ਆਂਧਰਾ ਦਾ ਨੁਕਸਾਨ ਹੋਵੇਗਾ। ਜੇ ਵਾਹਨਾਂ ’ਤੇ ਟੈਰਿਫ ਹਟਾਇਆ ਤਾਂ ਭਾਰਤੀ ਕਾਰ ਮਾਰਕਿਟ ਦਾ ਭਾਰੀ ਨੁਕਸਾਨ ਹੋਵੇਗਾ। ਅੱਜ ਇਲੈਕਟ੍ਰਾਨਿਕ ਮਾਲ ਵੀ ਸਾਡੇ ਦੇਸ਼ ਵਿੱਚ ਚੀਨ ਤੋਂ ਆ ਰਿਹਾ ਹੈ।

ਜੇ ਹੋਰ ਮਾਲ ਬਾਹਰੋਂ ਆਉਣ ਲੱਗਾ ਤਾਂ ਦੇਸ਼ ਵਿੱਚ ਕੀ ਬਣਾਇਆ ਜਾਵੇਗਾ? ਕੁਮਾਰ ਨੇ ਕਿਹਾ ਕਿ ਮੋਦੀ ਦੇ ਅਮਰੀਕਾ ਜਾਣ ਤੋਂ ਪਹਿਲਾਂ ਹਾਰਲੇ ਡੇਵਿਡਸਨ ਮੋਟਰਸਾਈਕਲ ਤੇ ਟੈਸਲਾ ਕਾਰਾਂ ’ਤੇ ਕਸਟਮਜ਼ ਡਿਊਟੀ ਘਟਾ ਦਿੱਤੀ ਗਈ। ਸਟਾਕ ਮਾਰਕਿਟ ਦੀ ਹਾਲਤ ਖਰਾਬ ਹੋ ਚੁੱਕੀ ਹੈ। ਲੋਕ ਉੱਥੇ ਹੀ ਆ ਗਏ ਹਨ, ਜਿੱਥੋਂ ਉਨ੍ਹਾਂ ਨਿਵੇਸ਼ ਕਰਕੇ ਸ਼ੁਰੂਆਤ ਕੀਤੀ ਸੀ। ਉਹ ਮਾਰਕਿਟ ਵਿੱਚ ਧੜਾਧੜ ਪੈਸੇ ਕਢਾ ਰਹੇ ਹਨ। ਬਰਾਬਰ ਦੇ ਟੈਰਿਫ ਨਾਲ ਦੇਸ਼ ਦੀ ਜੀ ਡੀ ਪੀ 0.5 ਤੋਂ 0.6 ਫੀਸਦੀ ਤੱਕ ਡਿੱਗ ਪਵੇਗੀ, ਜਿਸ ਨਾਲ ਦੇਸ਼ ਦੀ ਹਾਲਤ ਹੋਰ ਵਿਗੜੇਗੀ। ਮੋਦੀ ਆਰਥਿਕਤਾ ਦੇ ਦੁਸ਼ਮਣ ਬਣ ਗਏ ਹਨ। ਪਹਿਲਾਂ ਨੋਟਬੰਦੀ, ਫਿਰ ਖਾਮੀਆਂ ਭਰਪੂਰ ਜੀ ਐੱਸ ਟੀ ਤੇ ਲਾਕਡਾਊਨ ਤੇ ਹੁਣ ਟੈਰਿਫ। ਮੋਦੀ ਦੇਸ਼ ਦੀ ਤਬਾਹੀ ਯਕੀਨੀ ਬਣਾ ਰਹੇ ਹਨ।

ਜੇ ਆਰਥਿਕਤਾ ਦਾ ਇਹੀ ਹਾਲ ਰਿਹਾ ਤਾਂ ਦੇਸ਼ ਅੰਦਰੂਨੀ ਤੌਰ ’ਤੇ ਕਮਜ਼ੋਰ ਹੋਵੇਗਾ। ਤੁਸੀਂ ਦੇਖਿਆ ਹੈ ਕਿ ਕੈਨੇਡਾ ਤੇ ਮੈਕਸੀਕੋ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਤਾਂ ਟਰੰਪ ਨੇ ਉਨ੍ਹਾਂ ਖਿਲਾਫ ਟੈਰਿਫ ਲਾਉਣ ਤੋਂ ਟਾਲਾ ਵੱਟ ਲਿਆ। ਭਾਰਤ ਨੂੰ ਵੀ ਟਰੰਪ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਉਸ ਦੀ ਮਨਮਾਨੀ ਨਹੀਂ ਚੱਲਣ ਦੇਵੇਗਾ। ਕੁਮਾਰ ਨੇ ਇਹ ਵੀ ਕਿਹਾ ਕਿ ਮੋਦੀ ਦੇ ਅਮਰੀਕਾ ਤੋਂ ਪਰਤਣ ਦੇ ਬਾਅਦ ਅਮਰੀਕਾ ਨੇ ਐਲਾਨ ਕੀਤਾ ਕਿ ਉਹ ਐੱਫ-16 ਲੜਾਕੇ ਜਹਾਜ਼ਾਂ ਦੇ ਰੱਖ-ਰਖਾਅ ਲਈ ਪਾਕਿਸਤਾਨ ਨੂੰ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੇਵੇਗਾ, ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਦਾ ਜਵਾਬ ਨਹੀਂ ਦਿੱਤਾ।

ਸਾਂਝਾ ਕਰੋ

ਪੜ੍ਹੋ

ਹਕੀਮਪੁਰ ਪੁਰੇਵਾਲ ਖੇਡ ਮੇਲੇ ਦੀਆਂ ਰੌਣਕਾਂ ਫੋਟੋਆਂ

ਹਕੀਮਪੁਰ ਪੁਰੇਵਾਲ ਖੇਡ ਮੇਲੇ ਵਿੱਚ ਸ਼ਾਮਲ ਹੋਏ ਸਾਹਿਤਕਾਰ ਪ੍ਰਿੰਸੀਪਲ ਸਰਵਣ...