
ਨਵੀਂ ਦਿੱਲੀ, 27 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਹਾਕੁੰਭ ਦੇ ਵਿਸ਼ਾਲ ਇਕੱਠ ਦੀ ਤੁਲਨਾ ਗੁਲਾਮੀ ਦੀ ਮਾਨਸਿਕਤਾ ਦੀਆਂ ਜ਼ੰਜੀਰਾਂ ਤੋੜ ਕੇ ਆਜ਼ਾਦ ਸਾਹ ਲੈਣ ਵਾਲੇ ਰਾਸ਼ਟਰ ਦੀ ਨਵੀਂ ਜਾਗਦੀ ਚੇਤਨਾ ਨਾਲ ਕੀਤੀ। ਉਨ੍ਹਾਂ ਕਿਹਾ, ‘‘ਮਹਾਕੁੰਭ ਸਮਾਪਤ ਹੋ ਗਿਆ ਹੈ। ਏਕਤਾ ਦਾ ‘ਮਹਾਯਗਨ’ ਸਮਾਪਤ ਹੋ ਗਿਆ ਹੈ। ਮੋਦੀ ਨੇ ਕਿਹਾ ਕਿ ਸੋਚ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਵਿੱਚ ਪਵਿੱਤਰ ਇਸ਼ਨਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਹੁਣ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਯੁੱਗ ਦੇ ਬਦਲਾਅ ਵੱਲ ਇਸ਼ਾਰਾ ਕਰਦਾ ਹੈ ਜੋ ਭਾਰਤ ਲਈ ਇੱਕ ਨਵਾਂ ਭਵਿੱਖ ਲਿਖੇਗਾ। ਉਨ੍ਹਾਂ ਜ਼ਿਕਰ ਕੀਤਾ ਕਿ ਇੰਨਾ ਵਿਸ਼ਾਲ ਪ੍ਰਬੰਧ ਕਰਨਾ ਆਸਾਨ ਨਹੀਂ ਸੀ। ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਹੈ ਕਿ 13 ਜਨਵਰੀ ਨੂੰ ਮਹਾਕੁੰਭ ਸ਼ੁਰੂ ਹੋਣ ਤੋਂ ਬਾਅਦ 65 ਕਰੋੜ ਤੋਂ ਵੱਧ ਲੋਕਾਂ ਨੇ ਪ੍ਰਯਾਗਰਾਜ ਵਿੱਚ ਪਵਿੱਤਰ ਸਥਾਨ ਦਾ ਦੌਰਾ ਕੀਤਾ।