
ਵਿਨੀਪੈੱਗ, 27 ਫਰਵਰੀ – ਪੰਜਾਬ ਭਵਨ ਸਰੀ ਵਿਚ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਬੁਲਾਰਿਆਂ ਨੇ ਜਿੱਥੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ, ਉੱਥੇ ਜਰਨੈਲ ਸਿੰਘ ਦੀ ਯਾਦ ਵਿਚ ਵਿਸ਼ੇਸ਼ ਐਵਾਰਡ ਸ਼ੁਰੂ ਕਰਨ ਜਾਂ ਯਾਦਗਾਰ ਉਸਾਰਨ ਦੇ ਸੁਝਾਅ ਵੀ ਦਿੱਤੇ। ਸਮਾਗਮ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਨੇ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ’ਚ ਉਠਾਏ ਜਾਣ ਵਾਲੇ ਕਿਸੇ ਵੀ ਕਦਮ ਲਈ 10 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਜਰਨੈਲ ਸਿੰਘ ਚਿੱਤਰਕਾਰੀ ਦਾ ਉਹ ‘ਜਰਨੈਲ’ ਸੀ, ਜਿਸ ਨੇ ਪੂਰੀ ਜ਼ਿੰਦਗੀ ਸਿੱਖ ਇਤਿਹਾਸ, ਪੰਜਾਬੀ ਸੱਭਿਆਚਾਰ ਅਤੇ ਸਾਡੇ ਆਲ਼ੇ ਦੁਆਲੇ ਪਏ ਸੂਖਮ ਭਾਵਾਂ ’ਚ ਰੰਗ ਭਰੇ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਇਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦੀ ਚੁੱਪੀ ਵੀ ਬੋਲਦੀ ਸੀ। ਬਾਠ ਨੇ ਉਨ੍ਹਾਂ ਦੀਆਂ ਪੰਜਾਬ ਭਵਨ ਲਈ ਸੇਵਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਚਿੱਤਰਕਾਰ ਜਰਨੈਲ ਸਿੰਘ ਦੇ ਪਰਿਵਾਰ ਦੀ ਕੈਨੇਡਾ ਵਾਪਸੀ ਤੇ ਉਨ੍ਹਾਂ ਦਾ ਚਿੱਤਰ ਪੰਜਾਬ ਭਵਨ ‘ਚ ਸਥਾਪਤ ਕਰਨ ਦੀ ਜਾਣਕਾਰੀ ਦਿੱਤੀ। ਲੇਖਕ ਅਮਰੀਕ ਪਲਾਹੀ ਨੇ ਚਿੱਤਰਕਾਰ ਜਰਨੈਲ ਸਿੰਘ ਦੀ ਜੀਵਨੀ ’ਤੇ ਝਾਤ ਪਾਈ।
ਲੇਖਕ ਪ੍ਰਿਤਪਾਲ ਸਿੰਘ ਸੋਹੀ ਨੇ ਕਿਹਾ ਕਿ ਜਰਨੈਲ ਸਿੰਘ ਦੀਆਂ ਬਣਾਈਆਂ ਤਸਵੀਰਾਂ ਹਮੇਸ਼ਾ ਸਾਨੂੰ ਉਨ੍ਹਾਂ ਦੀ ਯਾਦ ਨਾਲ ਜੋੜੀ ਰੱਖਣਗੀਆਂ ਤੇ ਉਨ੍ਹਾਂ ਦੇ ਪਾਏ ਪੂਰਨੇ ਨਵੀਆਂ ਪੀੜ੍ਹੀਆਂ ਲਈ ਆਦਰਸ਼ ਹੋਣਗੇ। ਉੱਘੇ ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਜਰਨੈਲ ਸਿੰਘ ਚਿੱਤਰਕਾਰੀ ਦਾ ਉਹ ਜਰਨੈਲ ਸੀ, ਜਿਸ ਵੱਲੋਂ ਚਿੱਤਰਾਂ ਰਾਹੀਂ ਸਿਰਜਿਆ ਇਤਿਹਾਸ ਨਵੀਆਂ ਪੀੜ੍ਹੀਆਂ ਨੂੰ ਵਿਰਾਸਤ ਨਾਲ ਜੋੜੇਗਾ। ਇਸੇ ਤਰ੍ਹਾਂ ਪੱਤਰਕਾਰ ਹਰਪ੍ਰੀਤ ਸਿੰਘ, ਗੁਰਦੀਪ ਭੁੱਲਰ, ਮੈਡਮ ਹਰਿੰਦਰ ਕੌਰ, ਲੇਖਕ ਕਵਿੰਦਰ ਚਾਂਦ, ਗੁਰਬਾਜ਼ ਸਿੰਘ ਬਰਾੜ, ਲੇਖਕ ਸੁਰਜੀਤ ਮਾਧੋਪੁਰੀ, ਰੇਡੀਓ ਐਂਕਰ ਨਵਜੋਤ ਢਿੱਲੋਂ, ਪ੍ਰਿਤਪਾਲ ਸਿੰਘ ਗਿੱਲ, ਮੈਡਮ ਬਿੰਦੂ ਅਤੇ ਜਸਵੀਰ ਕੌਰ, ਲੇਖਕ ਹਰਚੰਦ ਬਾਗੜੀ, ਰੇਡੀਓ ਪੱਤਰਕਾਰ ਸੁੱਖੀ, ਲੇਖਕ ਮਹਿੰਦਰਪਾਲ, ਬਲਰਾਜ ਬਾਸੀ ਅਤੇ ਪਰਮਿੰਦਰ ਝੱਜ ਨੇ ਜਰਨੈਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।