
ਨਵੀਂ ਦਿੱਲੀ, 27 ਫਰਵਰੀ – ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 58ਵੇਂ ਸੈਸ਼ਨ ਦੀ ਸੱਤਵੀਂ ਬੈਠਕ ’ਚ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਅਤੇ ਉਸ ਨੂੰ ਅੰਤਰਰਾਸ਼ਟਰੀ ਸਹਾਇਤਾ ’ਤੇ ਨਿਰਭਰ ਨਾਕਾਮ ਦੇਸ਼ ਦਸਿਆ। ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਸ਼ਿਤਿਜ ਤਿਆਗੀ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਪਾਕਿਸਤਾਨ ਦੇ ਨੇਤਾ ਆਪਣੇ ਫ਼ੌਜੀ-ਅਤਿਵਾਦੀ ਕੰਪਲੈਕਸ ਤੋਂ ਝੂਠ ਫੈਲਾਉਂਦੇ ਰਹਿੰਦੇ ਹਨ। ਸ਼ਿਤਿਜ ਤਿਆਗੀ ਨੇ ਕਿਹਾ, ‘‘ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਪਾਕਿਸਤਾਨ ਦੇ ਨੇਤਾ ਅਤੇ ਨੁਮਾਇੰਦੇ ਆਪਣੇ ਫ਼ੌਜੀ-ਅਤਿਵਾਦੀ ਕੰਪਲੈਕਸ ਤੋਂ ਝੂਠ ਫੈਲਾਉਂਦੇ ਰਹਿੰਦੇ ਹਨ। ਪਾਕਿਸਤਾਨ ਓ.ਆਈ.ਸੀ. ਨੂੰ ਅਪਣਾ ਮੁੱਖ ਪੱਤਰ ਦੱਸ ਕੇ ਉਸ ਦਾ ਮਜ਼ਾਕ ਉਡਾ ਰਿਹਾ ਹੈ। ਇਹ ਮੰਦਭਾਗਾ ਹੈ ਕਿ ਅਸਥਿਰਤਾ ਅਤੇ ਅੰਤਰਰਾਸ਼ਟਰੀ ਸਹਾਇਤਾ ’ਤੇ ਜਿਉਂਦੇ ਰਹਿਣ ਵਾਲੇ ਅਸਫ਼ਲ ਦੇਸ਼ ਦੁਆਰਾ ਇਸ ਕੌਂਸਲ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ।
ਭਾਰਤ ਦੇ ਰੁਖ ਦੀ ਪੁਸ਼ਟੀ ਕਰਦੇ ਹੋਏ, ਤਿਆਗੀ ਨੇ ਜ਼ੋਰ ਦੇ ਕੇ ਕਿਹਾ ਕਿ ਜੰਮੂ ਅਤੇ ਕਸ਼ਮੀਰ, ਲੱਦਾਖ ਹਮੇਸ਼ਾ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਰਹੇਗਾ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਤਰੱਕੀ ਵੱਲ ਇਸ਼ਾਰਾ ਕੀਤਾ। ਤਿਆਗੀ ਨੇ ਕਿਹਾ, ‘‘ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਅੰਗ ਬਣੇ ਰਹਿਣਗੇ। ਪਿਛਲੇ ਕੁੱਝ ਸਾਲਾਂ ’ਚ ਜੰਮੂ ਅਤੇ ਕਸ਼ਮੀਰ ਵਿੱਚ ਬੇਮਿਸਾਲ ਰਾਜਨੀਤਕ, ਸਮਾਜਕ ਅਤੇ ਆਰਥਕ ਤਰੱਕੀ ਅਪਣੇ ਆਪ ਵਿੱਚ ਬੋਲਦੀ ਹੈ। ਇਹ ਸਫ਼ਲਤਾਵਾਂ ਪਾਕਿਸਤਾਨ ਦੇ ਅਤਿਵਾਦ ਤੋਂ ਪੀੜਤ ਖੇਤਰ ਵਿੱਚ ਆਮ ਸਥਿਤੀ ਲਿਆਉਣ ਲਈ ਸਰਕਾਰ ਦੀ ਵਚਨਬੱਧਤਾ ਵਿੱਚ ਲੋਕਾਂ ਦੇ ਵਿਸ਼ਵਾਸ ਦਾ ਪ੍ਰਮਾਣ ਹਨ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਪ੍ਰਤੀ ਆਪਣੇ ਬਿਮਾਰ ਜਨੂੰਨ ਤੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਜੋ ਇਸਦੇ ਨਾਗਰਿਕਾਂ ਨੂੰ ਪ੍ਰਭਾਵਤ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ, ‘‘ਭਾਰਤ ਲੋਕਤੰਤਰ, ਤਰੱਕੀ ਅਤੇ ਆਪਣੇ ਲੋਕਾਂ ਦਾ ਸਨਮਾਨ ਯਕੀਨੀ ਬਣਾਉਣ ’ਤੇ ਕੇਂਦਰਿਤ ਹੈ। ਇਹ ਉਹ ਕਦਰਾਂ-ਕੀਮਤਾਂ ਹਨ ਜਿਨ੍ਹਾਂ ਤੋਂ ਪਾਕਿਸਤਾਨ ਨੂੰ ਸਿੱਖਣਾ ਚਾਹੀਦਾ ਹੈ।’’ ਤਿਆਗੀ ਦੀਆਂ ਟਿੱਪਣੀਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਪਾਰਵਤਨੇਨੀ ਹਰੀਸ਼ ਦੇ ਬਾਅਦ ਆਈਆਂ ਹਨ, ਜਿਨ੍ਹਾਂ ਨੇ 19 ਫ਼ਰਵਰੀ ਨੂੰ ਮੁੜ ਪੁਸ਼ਟੀ ਕੀਤੀ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਹਮੇਸ਼ਾ ਰਹੇਗਾ, ਜਦਕਿ ਉਨ੍ਹਾਂ ਨੇ ਪਾਕਿਸਤਾਨ ਦੀਆਂ ਗ਼ਲਤ ਸੂਚਨਾ ਮੁਹਿੰਮਾਂ ਦੀ ਸਖ਼ਤ ਨਿੰਦਾ ਕੀਤੀ।