ਮਹਾਂਸ਼ਿਵਰਾਤਰੀ ਮੌਕੇ ਮੰਦਰਾਂ ’ਚ ਲੱਗੀਆਂ ਰੌਣਕਾਂ

ਬਠਿੰਡਾ, 27 ਫਰਵਰੀ – ਬਠਿੰਡਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਅੱਜ ਮਹਾਂਸ਼ਿਵਰਾਤਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸ਼ਰਧਾਲੂਆਂ ਦੀ ਭੀੜ ਸਵੇਰ ਤੋਂ ਹੀ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਮੰਦਰਾਂ ’ਚ ਉਮੜ ਪਈ। ਬਠਿੰਡਾ ਦੇ ਪ੍ਰਮੁੱਖ ਮੰਦਰਾਂ, ਜਿਵੇਂ ਕਿ ਸ਼ਿਵ ਮੰਦਰ ਪਾਵਰ ਹਾਊਸ ਰੋਡ, ਪ੍ਰਾਚੀਨ ਮੰਦਰ ਮਹਿਣਾ ਚੌਕ, ਅਤੇ ਚਿੰਤਾਪੁਰਣੀ ਮਾਤਾ ਮੰਦਰ, ਵਿਖੇ ਪੂਜਾ ਲਈ ਸ਼ਰਧਾਲੂਆਂ ਦੀ ਲੰਮੀ ਲਾਈਨਾਂ ਲੱਗੀਆਂ ਰਹੀਆਂ। ਇਸ ਦੌਰਾਨ ਮੰਦਰਾਂ ’ਚ ਵਿਸ਼ੇਸ਼ ਭਜਨ-ਕੀਰਤਨ, ਸ਼ਿਵ ਅਭਿਸੇਕ ਅਤੇ ਹਵਨ-ਯੱਗ ਕੀਤੇ ਗਏ। ਪੁਜਾਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ’ਤੇ ਭਗਵਾਨ ਸ਼ਿਵ ਦੀ ਵਿਸ਼ੇਸ਼ ਅਰਾਧਨਾ ਕਰਨਾ ਅਤਿ ਸ਼ੁਭ ਮੰਨੀ ਜਾਂਦੀ ਹੈ। ਇਸ ਦੌਰਾਨ ਕਈ ਸੇਵਾ ਸੰਸਥਾਵਾਂ ਨੇ ਭੰਡਾਰੇ ਤੇ ਲੰਗਰ ਲਗਾਏ। ਸ਼ਰਧਾਲੂਆਂ ਨੂੰ ਦੁੱਧ, ਚਾਹ, ਖੀਰ, ਤੇ ਹੋਰ ਪ੍ਰਸਾਦਿ ਵੰਡਿਆ ਗਿਆ।

ਮਾਨਸਾ (ਜੋਗਿੰਦਰ ਸਿੰਘ ਮਾਨ): ਸ਼ਹਿਰ ਦੇ ਵੱਖ-ਵੱਖ ਮੰਦਿਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਸਾਰੇ ਮੰਦਰਾਂ ਨੂੰ ਦੁਲਹਣ ਵਾਂਗ ਸਜਾਏ ਗਏ। ਇਸੇ ਦੌਰਾਨ ਸ਼ਹਿਰ ਵਿੱਚ ਸ਼ਿਵਰਾਤਰੀ ਨੂੰ ਲੈ ਕੇ ਸ਼ਰਧਾਲੂਆਂ ਵੱਲੋਂ ਇੱਕ ਯਾਤਰਾ ਵੀ ਕੱਢੀ ਗਈ, ਜਿਸ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਰਵਾਨਾ ਕੀਤਾ ਗਿਆ। ਬੁੱਧਵਾਰ ਦੀ ਸਵੇਰ ਹੁੰਦੇ ਹੀ ਮੰਦਿਰਾਂ ’ਚ ਔਰਤਾਂ, ਲੜਕੀਆਂ ਅਤੇ ਸ਼ਿਵ ਭਗਤਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ। ਗੀਤਾ ਭਵਨ ’ਚ ਆਚਾਰੀਆ ਅਮਿਤ ਸ਼ਾਸਤਰੀ ਨੇ ਪੂਜਾ ਕਰਵਾਈ।

ਫਰੀਦਕੋਟ (ਜਸਵੰਤ ਜੱਸ): ਅੱਜ ਫਰੀਦਕੋਟ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਮਹਾਂਸ਼ਿਵਰਾਤਰੀ ਮੌਕੇ 100 ਤੋਂ ਵੱਧ ਸਮਾਗਮ ਹੋਏ ਜਿਨ੍ਹਾਂ ਵਿੱਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ।

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਸ਼ਿਵਰਾਤਰੀ ਮੌਕੇ ਸ਼ਹਿਣਾ ਦੇ ਸਾਰੇ ਮੰਦਰਾਂ ’ਚ ਭੀੜ ਰਹੀ। ਲਾਗਲੇ ਪਿੰਡ ਚੀਮਾ, ਉਗੋਕੇ, ਭਗਤਪੁਰਾ, ਮੌੜ ’ਚ ਵੀ ਸਮਾਗਮ ਹੋਏ। ਸ਼ਿਵ ਪ੍ਰਤਾਪੀ ਮੰਦਰ ਸਣੇ ਅੱਧੀ ਦਰਜ਼ਨ ਥਾਵਾਂ ’ਤੇ ਲੰਗਰ ਵੀ ਲਾਏ ਗਏ।

ਤਪਾ ਮੰਡੀ (ਰੋਹਿਤ ਗੋਇਲ): ਮਹਾਂਸ਼ਿਵਰਾਤਰੀ ਮੌਕੇ ਅੱਜ ਤਪਾ ਦੇ ਮੰਦਰਾਂ ’ਚ ਸ਼ਰਧਾਲੂਆਂ ਨੇ ਪੂਰਾ ਦਿਨ ਭਗਵਾਨ ਸ਼ਿਵ ਦਾ ਗੁਣਗਾਨ ਤੇ ਪੂਜਾ ਕੀਤੀ। ਸ਼ਹਿਰ ਵਾਸੀਆਂ ਨੇ ਹਰਿਦੁਆਰ ਤੋਂ ਪੈਦਲ ਯਾਤਰਾ ਰਾਹੀਂ ਗੰਗਾ ਜਲ ਲੈ ਕੇ ਪੁੱਜੇ ਕਾਂਵੜੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਅਤੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ।

ਸਾਂਝਾ ਕਰੋ

ਪੜ੍ਹੋ

ਹਕੀਮਪੁਰ ਪੁਰੇਵਾਲ ਖੇਡ ਮੇਲੇ ਦੀਆਂ ਰੌਣਕਾਂ ਫੋਟੋਆਂ

ਹਕੀਮਪੁਰ ਪੁਰੇਵਾਲ ਖੇਡ ਮੇਲੇ ਵਿੱਚ ਸ਼ਾਮਲ ਹੋਏ ਸਾਹਿਤਕਾਰ ਪ੍ਰਿੰਸੀਪਲ ਸਰਵਣ...