
ਚੰਡੀਗੜ੍ਹ, 27 ਫਰਵਰੀ – ਪੰਜਾਬ ਦੇ ਸਕੂਲਾਂ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੂਬੇ ਦੇ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ, ਜੋ 1 ਮਾਰਚ 2025 ਤੋਂ ਲਾਗੂ ਕੀਤਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸੂਬੇ ਸਾਰੇ ਸਰਕਾਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ। ਨਵੀਂ ਜਾਰੀ ਕੀਤੀ ਗਈ ਸਮਾਂ ਸਾਰਣੀ ‘ਚ ਸਵੇਰ ਦੀ ਸਭਾ ਸਮਾਂ ਸਵੇਰੇ 8.30 ਵਜੇ ਹੋਵੇਗੀ। ਸਕੂਲ ‘ਚ ਪਹਿਲਾ ਪੀਰੀਅਡ 8.55 ਤੋਂ 9.35, ਦੂਜਾ ਪੀਰੀਅਡ 9.35 ਤੋਂ 10.15, ਤੀਜਾ ਪੀਰੀਅਡ 10.15 ਤੋਂ 10.55, ਚੌਥਾ ਪੀਰੀਅਡ 10.55 ਤੋਂ 11.35 ਜਦੋਂ ਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ।
ਇਸ ਤੋਂ ਬਾਅਦ ਅੱਧੇ ਸਮੇਂ ਦੀ ਬ੍ਰੇਕ ਦਾ ਸਮਾਂ ਹੋਵੇਗਾ, ਜਿਸ ਦੌਰਾਨ ਬੱਚੇ ਆਪਣਾ ਖਾਣਾ-ਪੀਣਾ ਲੈ ਸਕਦੇ ਹਨ। ਇਹ ਸਮਾਂ 12.15 ਤੋਂ 12.50 ਤੱਕ ਰਹੇਗਾ। ਇਸ ਤੋਂ ਬਾਅਦ ਛੇਵਾਂ ਪੀਰੀਅਡ 12.50 ਤੋਂ 1.30 ਤੱਕ, ਸੱਤਵਾਂ ਪੀਰੀਅਡ 1.30 ਤੋਂ 2.10 ਤੱਕ, ਅੱਠਵਾਂ 2.10 ਤੋਂ 2.50 ਤੱਕ ਹੋਵੇਗਾ। ਇਸਦਾ ਮਤਲਬ ਹੈ ਕਿ ਸਕੂਲ ਦੀ ਛੁੱਟੀ ਦੁਪਹਿਰ 2:50 ਵਜੇ ਹੋਵੇਗਾ।
ਦੂਜੇ ਪਾਸੇ, ਜੇਕਰ ਅਸੀਂ ਮੌਸਮ ਦੀ ਗੱਲ ਕਰੀਏ, ਤਾਂ ਭਾਰਤੀ ਮੌਸਮ ਵਿਗਿਆਨ ਕੇਂਦਰ ਨੇ 26 ਤੋਂ 28 ਫਰਵਰੀ ਤੱਕ ਗਰਜ-ਤੂਫ਼ਾਨ ਦੇ ਨਾਲ-ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਗੜੇਮਾਰੀ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਵਿਭਾਗ ਨੇ ਇਨ੍ਹਾਂ ਦਿਨਾਂ ਲਈ ਕਈ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ 1 ਮਾਰਚ ਨੂੰ ਵੀ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ. ਨਗਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।