ਸਿਆਸੀ ਬਿਆਨਬਾਜ਼ੀ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਾਫ਼ੀ ਅਰਸੇ ਤੋਂ ਇਹ ਦਾਅਵਾ ਕਰਦੇ ਰਹੇ ਹਨ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਹਰ ਵਾਰ ਇਹ ਕਹਿ ਕੇ ਟਾਲਾ ਵੱਟ ਜਾਂਦੇ ਹਨ ਕਿ ਕਾਂਗਰਸ ਪਾਰਟੀ ਦਾ ‘ਆਪ’ ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ ਹੈ। ਦਿੱਲੀ ਵਿੱਚ ਜਿਸ ਦਿਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਸਨ ਤਾਂ ਟੀਵੀ ਐਂਕਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਜਵਾ ਨੇ ਆਪਣਾ ਪੁਰਾਣਾ ਬਿਆਨ ਦਾਗ਼ ਦਿੱਤਾ ਕਿ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਰਹਿਣਗੇ ਅਤੇ ‘ਆਪ’ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਹੁਣ ਵਿਧਾਨ ਸਭਾ ਦੇ ਦੋ ਦਿਨਾਂ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਫਿਰ ਦੁਹਰਾਇਆ ਹੈ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ।

ਸ੍ਰੀ ਬਾਜਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਹਨ, ਕਈ ਜ਼ਿੰਮੇਵਾਰ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਸ ਸਮੇਂ ਵੀ ਉਹ ਵਿਰੋਧੀ ਧਿਰ ਦੇ ਆਗੂ ਦੇ ਜ਼ਿੰਮੇਵਾਰ ਅਹੁਦੇ ’ਤੇ ਬਿਰਾਜਮਾਨ ਹਨ। ਉਨ੍ਹਾਂ ਨੂੰ ਕਿਸੇ ਵੀ ਸਿਆਸੀ ਜਾਂ ਗ਼ੈਰ-ਸਿਆਸੀ ਮਾਮਲੇ ਬਾਰੇ ਬਿਆਨ ਦੇਣ ਜਾਂ ਚੁੱਪ ਰਹਿਣ ਦਾ ਪੂਰਾ ਹੱਕ ਹੈ ਪਰ ਬੇਤੁਕੀ ਬਿਆਨਬਾਜ਼ੀ ਨਾਲ ਕਿਸੇ ਪਾਰਟੀ ਜਾਂ ਆਗੂ ਨੂੰ ਕੁਝ ਵੀ ਹਾਸਿਲ ਨਹੀਂ ਹੁੰਦਾ ਸਗੋਂ ਇਸ ਨਾਲ ਪੰਜਾਬ ਦਾ ਸਿਆਸੀ ਸਭਿਆਚਾਰ ਹੋਰ ਗੰਧਲਾ ਹੀ ਹੁੰਦਾ ਹੈ। ਜੇ ਉਨ੍ਹਾਂ ਦਾ ਦਾਅਵਾ ਸਹੀ ਵੀ ਮੰਨ ਲਿਆ ਜਾਵੇ ਤਾਂ ਵੀ ਇਸ ਨਾਲ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸਮੱਰਥ ਨਹੀਂ ਹੋ ਸਕੇਗੀ। ਜੇ ਬਾਕੀ ਦੀਆਂ ਪਾਰਟੀਆਂ ਦੇ ਮੈਂਬਰ ਅਤੇ ਆਜ਼ਾਦ ਵਿਧਾਇਕ ਵੀ ਉਨ੍ਹਾਂ ਨਾਲ ਆ ਜਾਣ ਤਾਂ ਵੀ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਜੁਟਾਉਣ ਵਾਸਤੇ ਚਾਰ ਪੰਜ ਹੋਰ ਵਿਧਾਇਕ ਤੋੜਨੇ ਪੈਣਗੇ।

ਦੂਜੇ ਪਾਸੇ, ਸੱਤਾਧਾਰੀ ਪਾਰਟੀ ਦੇ ਆਗੂ ਵੀ ਅਜਿਹੇ ਦਾਅਵਿਆਂ ਤੋਂ ਤੈਸ਼ ਵਿੱਚ ਆ ਕੇ ਜਵਾਬੀ ਦਾਅਵੇ ਕਰਨ ਲੱਗ ਪੈਂਦੇ ਹਨ ਜਿਸ ਨਾਲ ਸਰਕਾਰ ਦਾ ਵੱਕਾਰ ਨਹੀਂ ਵਧਦਾ ਸਗੋਂ ਪੰਜਾਬ ਵਿੱਚ ਸਿਆਸੀ ਸੰਵਾਦ ਦਾ ਪੱਧਰ ਹੀ ਨੀਵਾਂ ਹੁੰਦਾ ਹੈ। ਇਸ ਸਮੇਂ ਅਮਰੀਕਾ ਤੋਂ ਉੱਥੇ ਗ਼ੈਰ-ਕਾਨੂੰਨੀ ਢੰਗ ਨਾਲ ਪਹੁੰਚੇ ਜਾਂ ਬਿਨਾਂ ਕਾਗਜ਼ਾਤ ਤੋਂ ਪਰਵਾਸੀ ਭਾਰਤੀਆਂ ਨੂੰ ਫ਼ੌਜੀ ਜਹਾਜ਼ਾਂ ਵਿੱਚ ਲੱਦ ਕੇ ਵਾਪਸ ਵਤਨ ਭੇਜਿਆ ਜਾ ਰਿਹਾ ਹੈ। ਟਰੰਪ ਸਰਕਾਰ ਜਿਸ ਅਪਮਾਨਜਨਕ ਢੰਗ ਨਾਲ ਇਹ ਸਾਰੀ ਕਾਰਵਾਈ ਕਰ ਰਹੀ ਹੈ, ਉਸ ਨਾਲ ਸਮੁੱਚੇ ਭਾਰਤੀਆਂ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਪੰਜਾਬ ਲਈ ਇਹ ਸ਼ਰਮਿੰਦਗੀ ਹੋਰ ਵੀ ਭਾਰੀ ਸਾਬਿਤ ਹੋ ਰਹੀ ਹੈ ਕਿਉਂਕਿ ਭਾਰਤ ਸਰਕਾਰ ਨੇ ਪਰਵਾਸੀਆਂ ਦੀ ਵਤਨ ਵਾਪਸੀ ਲਈ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਦੀ ਚੋਣ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਬਾਦਸਤੂਰ ਚੱਲ ਰਿਹਾ ਹੈ।

ਸਾਂਝਾ ਕਰੋ

ਪੜ੍ਹੋ