
ਤਰਨ ਤਾਰਨ/ਝਬਾਲ, 24 ਫਰਵਰੀ – ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਕੌਂਸਲ ਤਰਨ ਤਾਰਨ ਦੀ ਮੀਟਿੰਗ ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਕਿਰਨਜੀਤ ਕੌਰ ਵਲਟੋਹਾ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਅਰਜਨ ਸਿੰਘ ਗੜਗੱਜ ਭਵਨ ਬਾਠ ਰੋਡ ਵਿਖੇ ਹੋਈ।ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਤੇ ਸੂਬਾਈ ਆਗੂ ਹਰਭਜਨ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ ਕੌਮੀ ਅਜਲਾਸ ਇਸ ਵਾਰੀ ਪੰਜਾਬ ਇਕਾਈ ਦੇ ਜ਼ਿੰਮੇ ਹੈ, ਜਿਸ ਦਾ ਖ਼ਰਚਾ ਦੋ ਕਰੋੜ ਰੁਪਏ ਦੇ ਲੱਗਭੱਗ ਹੈ।ਇਸ ਲਈ ਹਰੇਕ ਪਾਰਟੀ ਮੈਂਬਰ ਤੇ ਆਗੂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨਾ ਪਵੇਗਾ।ਉਹਨਾ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਲੜਾਈ ਲੜਨ ਵਾਲੀ ਭਾਰਤੀ ਕਮਿਊਨਿਸਟ ਪਾਰਟੀ ਦਾ ਅਜਲਾਸ ਉਸ ਸਮੇਂ ਹੋ ਰਿਹਾ ਹੈ, ਜਦੋਂ ਸਮੇਂ ਦੀਆਂ ਸਰਕਾਰਾਂ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦਾ ਖ਼ੂਨ ਨਿਚੋੜ ਕੇ ਕਾਰਪੋਰੇਟ ਘਰਾਣਿਆਂ ਦੇ ਘਰ ਭਰ ਰਹੀਆਂ ਹਨ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਦੇ ਵੱਡੇ ਤੇ ਸਾਂਝੇ ਸੰਘਰਸ਼ ਕਰਨੇ ਸਮੇਂ ਦੀ ਲੋੜ ਹੈ।
ਕੇਂਦਰ ਦੀ ਭਾਜਪਾ ਸਰਕਾਰ ਕਮਿਊਨਿਸਟਾਂ ਨੂੰ ਨਕਸਲੀ ਤੇ ਬੁੱਧੀਜੀਵੀਆਂ ਨੂੰ ਸ਼ਹਿਰੀ ਨਕਸਲੀ ਕਹਿ ਕੇ ਕਤਲ ਕਰ ਰਹੀ ਹੈ।ਛੱਤੀਸਗੜ੍ਹ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ 300 ਤੋਂ ਵੱਧ ਸੰਘਰਸ਼ਸ਼ੀਲ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਹੈ। ਸਰਕਾਰੀ ਦਹਿਸ਼ਤਗਰਦੀ ਜ਼ੋਰਾਂ ’ਤੇ ਹੈ। ਇਸ ਸਮੇਂ ਲੋਕਾਂ ਨੂੰ ਸੰਘਰਸ਼ਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਕਾਮਰੇਡ ਬਰਾੜ ਵੱਲੋਂ ਫੰਡ ਦੀ ਅਪੀਲ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਮੌਕੇ ’ਤੇ ਹੀ ਕਮਿਊਨਿਸਟ ਕਾਰਕੁਨਾਂ ਨੇ ਇੱਕ ਲੱਖ ਰੁਪਏ ਫੰਡ ਦਿੱਤਾ ਤੇ ਬਾਕੀ ਵੀ ਕੋਟੇ ਤੋਂ ਵੱਧ ਫੰਡ ਇਕੱਠਾ ਕਰਨ ਦੀ ਜ਼ਿੰਮੇਵਾਰੀ ਲਈ।
ਇਸ ਮੌਕੇ ਹਰਭਜਨ ਸਿੰਘ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ 100 ਵੀਂ ਵਰੇ੍ਹਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਜਦੋਂ 1925 ਵਿੱਚ ਕਈ ਇਨਕਲਾਬੀ ਗਰੁੱਪਾਂ ਨੇ ਇਕੱਠੇ ਹੋ ਕੇ ਭਾਰਤੀ ਕਮਿਊਨਿਸਟ ਪਾਰਟੀ ਦੀ ਨੀਂਹ ਰੱਖੀ, ਉਸ ਵਕਤ ਅਸਲੀ ਅਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ। ਬਹੁਤ ਸਾਰੇ ਗ਼ਦਰੀ ਬਾਬੇ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਏ ਤੇ ਅਜ਼ਾਦੀ ਲਈ ਸੰਘਰਸ਼ਸ਼ੀਲ ਰਹੇ।
ਅਜ਼ਾਦੀ ਤੋਂ ਤੁਰੰਤ ਬਾਅਦ ਵੀ ਜ਼ਮੀਨ ਵੰਡ ਦੇ ਵੱਡੇ ਸੰਘਰਸ਼ ਜਗੀਰਦਾਰਾਂ ਵਿਰੁੱਧ ਕਮਿਊਨਿਸਟ ਪਾਰਟੀ ਨੇ ਲੜੇ। ਮਿਹਨਤਕਸ਼ ਲੋਕਾਂ ਦੇ ਜਮਹੂਰੀ ਹੱਕਾਂ ਲਈ ਕਮਿਊਨਿਸਟ ਹਮੇਸ਼ਾ ਮੈਦਾਨ ਵਿੱਚ ਡਟਦੇ ਆ ਰਹੇ ਹਨ। ਕਈ ਵਾਰ ਕਮਿਊਨਿਸਟ ਆਗੂ ਮੁੱਖ ਮੰਤਰੀ ਤੇ ਕੇਂਦਰ ਤੱਕ ਮੰਤਰੀ ਵੀ ਬਣੇ, ਪਰ ਆਪਣੀ ਇਮਾਨਦਾਰੀ ਨੂੰ ਦਾਗ਼ ਨਹੀਂ ਲੱਗਣ ਦਿੱਤਾ।