
ਹੈਦਰਾਬਾਦ, 24 ਫਰਵਰੀ – ਤੇਲੰਗਾਨਾ ਦੇ ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ ਨੇ ਸੋਮਵਾਰ ਨੂੰ ਕਿਹਾ ਕਿ ਦੋ ਦਿਨ ਪਹਿਲਾਂ ਐੱਸਐੱਲਬੀਸੀ ਸੁਰੰਗ ਦੇ ਅੰਸ਼ਕ ਤੌਰ ’ਤੇ ਡਿੱਗਣ ਤੋਂ ਬਾਅਦ ਉੱਥੇ ਫਸੇ ਅੱਠ ਵਿਅਕਤੀਆਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਉਨ੍ਹਾਂ ਤੱਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰੈਟ ਮਾਈਨਰਜ਼ ਇੱਕ ਟੀਮ ਜਿਸ ਨੇ 2023 ਵਿੱਚ ਉੱਤਰਾਖੰਡ ਵਿੱਚ ਸਿਲਕਿਆਰਾ ਮੋੜ-ਬਰਕੋਟ ਸੁਰੰਗ ਵਿੱਚ ਫਸੇ ਉਸਾਰੀ ਮਜ਼ਦੂਰਾਂ ਨੂੰ ਬਚਾਇਆ ਸੀ, ਬਚਾਅ ਟੀਮਾਂ ਵਿੱਚ ਸ਼ਾਮਲ ਹੋ ਗਈ ਹੈ।
ਮੰਤਰੀ ਨੇ ਕਿਹਾ ਕਿ ਫਸੇ ਵਿਅਕਤੀਆਂ ਨੂੰ ਬਚਾਉਣ ਵਿੱਚ ਘੱਟੋ-ਘੱਟ ਤਿੰਨ ਤੋਂ ਚਾਰ ਦਿਨ ਲੱਗਣਗੇ ਕਿਉਂਕਿ ਹਾਦਸੇ ਵਾਲੀ ਥਾਂ ਮਿੱਟੀ ਅਤੇ ਮਲਬੇ ਨਾਲ ਭਰੀ ਹੋਈ ਹੈ, ਜਿਸ ਕਾਰਨ ਬਚਾਅ ਟੀਮਾਂ ਨੂੰ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ, ‘‘ਇਮਾਨਦਾਰੀ ਨਾਲ ਕਹਾਂ ਤਾਂ, ਉਨ੍ਹਾਂ ਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਦੂਰ ਹਨ। ਕਿਉਂਕਿ ਮੈਂ ਖੁਦ ਸਿਰੇ ਤੱਕ ਗਿਆ ਸੀ ਲਗਭਗ 50 ਮੀਟਰ ਦੀ ਦੂਰੀ ’ਤੇ, ਜਦੋਂ ਅਸੀਂ ਫੋਟੋਆਂ ਖਿੱਚੀਆਂ ਤਾਂ (ਸੁਰੰਗ ਦਾ) ਸਿਰਾ ਦਿਖਾਈ ਦੇ ਰਿਹਾ ਸੀ।’’ “ਜਦੋਂ ਅਸੀਂ ਉਨ੍ਹਾਂ ਦੇ ਨਾਮ ਲੈ ਕੇ ਰੌਲਾ ਪਾਇਆ ਤਾਂ ਕੋਈ ਜਵਾਬ ਨਹੀਂ ਆਇਆ… ਇਸ ਲਈ, ਕੋਈ ਮੌਕਾ ਨਹੀਂ ਹੈ।’’
ਜ਼ਿਕਰਯੋਗ ਹੈ ਕਿ ਪਿਛਲੇ 48 ਘੰਟਿਆਂ ਤੋਂ ਟੁੱਟੀ ਸੁਰੰਗ ਵਿੱਚ ਫਸੇ ਵਿਅਕਤੀਆਂ ਦੀ ਪਛਾਣ ਮਨੋਜ ਕੁਮਾਰ, ਸ੍ਰੀ ਨਿਵਾਸ ਉੱਤਰ ਪ੍ਰਦੇਸ਼, ਸੰਨੀ ਸਿੰਘ (ਜੰਮੂ-ਕਸ਼ਮੀਰ), ਗੁਰਪ੍ਰੀਤ ਸਿੰਘ (ਪੰਜਾਬ) ਅਤੇ ਸੰਦੀਪ ਸਾਹੂ, ਜੇਗਤਾ ਐਕਸ, ਸੰਤੋਸ਼ ਸਾਹੂ ਅਤੇ ਅਨੁਜ ਸਾਹੂ ਵਾਸੀ ਝਾਰਖੰਡ ਵਜੋਂ ਹੋਈ ਹੈ। ਅੱਠਾਂ ਵਿੱਚੋਂ ਦੋ ਇੰਜੀਨੀਅਰ, ਦੋ ਆਪਰੇਟਰ ਅਤੇ ਚਾਰ ਮਜ਼ਦੂਰ ਹਨ।ਐਂਡੋਸਕੋਪਿਕ ਅਤੇ ਰੋਬੋਟਿਕ ਕੈਮਰੇ ਨੂੰ ਬਚਾਅ ਕਾਰਜ ਲਈ ਨਾਗਰਕੁਰਨੂਲ (ਐੱਸਐੱਲਬੀਸੀ) ਸੁਰੰਗ ਵਿੱਚ ਲਿਆਂਦਾ ਗਿਆ ਹੈ। ਆਪਰੇਸ਼ਨ ਵਿੱਚ ਸਹਾਇਤਾ ਲਈ NDRF ਡਾਗ ਸਕੁਐਡ ਨੂੰ ਵੀ ਤਾਇਨਾਤ ਕੀਤਾ ਗਿਆ ਹੈ।