
ਵਿਦਵਾਨ ਲੇਖਕ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਵਾਸੂ ਨੇ ਮਨੁੱਖਤਾ ਦੇ ਵਾਰਸ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫ਼ਲਸਫੇ, ਗੁਰੂ ਸਾਹਿਬ ਜੀ ਦੀ ਬਾਣੀ, ਉਹਨਾ ਦੀ ਸ਼ਹੀਦੀ ਦੇ ਬਹੁ-ਪੱਖੀ ਪ੍ਰਭਾਵ ਨੂੰ ਅਜੋਕੇ ਯੁੱਗ ਦੀ ਪ੍ਰਾਸੰਗਿਕਤਾ ਵਿੱਚ ਬਾਖ਼ੂਬੀ ਬਿਆਨਣ ਦਾ ਯਤਨ ਕੀਤਾ ਹੈ। ਪੁਸਤਕ ਦੇ 16 ਅਧਿਆਇ ਹਨ। ਹਰ ਅਧਿਆਇ ਦਾ ਵਿਸ਼ਾ-ਵਸਤੂ ਬਾ-ਖੂਬੀ ਨਿਭਾਉਂਦਿਆਂ ਪ੍ਰਿੰਸੀਪਲ “ਵਾਸੂ” ਨੇ ਇੱਕ ਵਿਲੱਖਣ, ਕੁਰਬਾਨੀ ਦੀ ਪੁੰਜ, ਜ਼ਬਰ-ਜ਼ੁਲਮ ਵਿਰੁੱਧ ਲੜਨ-ਖੜਨ ਵਾਲੀ ਝੰਡਾ-ਬਰਦਾਰ ਸਖਸ਼ੀਅਤ ਨੂੰ ਪਾਠਕਾਂ ਸਾਹਮਣੇ ਲਿਆਂਦਾ ਹੈ, ਉਸ ਸਖਸ਼ੀਅਤ ਨੂੰ ਜਿਸਨੇ ਧਰਮ ਹੇਤ ਸ਼ਹੀਦੀ ਪਾਈ ਅਤੇ ਮਾਨਵਤਾ ਦਾ ਝੰਡਾ ਬੁਲੰਦ ਕੀਤਾ। ਜ਼ੋਰ-ਜ਼ਬਰ ਨੂੰ ਨਹੀਂ ਸਿਹਾ। ਸ਼ਾਂਤੀ ਦੇ ਪੁੰਜ ਬਣਕੇ ਹਾਕਮਾਂ ਵਿਰੁੱਧ “ਲੋਕ ਰੋਹ” ਪੈਦਾ ਕੀਤਾ।
ਡਾ: ਵਾਸੂ ਦੀ ਪੁਸਤਕ ਖੋਜ਼-ਭਰਪੂਰ ਹੈ। ਇੱਕ ਵਿਦਵਾਨ ਦੀ ਤਿਰਛੀ ਨਜ਼ਰ ਗੁਰੂ ਤੇਗ ਬਹਾਦਰ ਜੀ ਦੀਆਂ ਜੀਵਨ ਘਟਨਾਵਾਂ ਨੂੰ ਬਿਆਨਦੀ ਰਵਾਨਗੀ ਨਾਲ ਉਹਨਾਂ ਦੇ ਕਰਮਸ਼ੀਲ, ਕਰਮਯੋਗੀ, ਸੰਘਰਸ਼ੀ ਜੀਵਨ ਦੇ ਛੋਪੇ ਪਾਉਂਦੀ ਹੈ।
ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦਾ ਹਰ ਪੱਖ ਬਿਆਨਦਿਆਂ ਗੁਰੂ ਤੇਗ ਬਹਾਦਰ ਜੀ ਦੀ ਵਿੱਦਿਆ, ਵੀਹ ਸਾਲ ਦੀ ਘੋਰ ਤਪੱਸਿਆ ਗੁਰੂ ਗੱਦੀ ਦੀ ਪ੍ਰਾਪਤੀ, ਪ੍ਰਚਾਰ ਯਾਤਰਾ, ਪਿੰਡਾਂ ਵਿੱਚ ਲੋਕ ਵਿਕਾਸ ਦੇ ਕਾਰਜਾਂ ਜਿਹੇ ਗੁਰੂ ਜੀ ਦੀ ਸਖਸ਼ੀਅਤ ਦੇ ਉਭਰਵੇਂ ਪੱਖਾਂ ਨੂੰ ਪ੍ਰਭਾਵਸ਼ਾਲੀ ਸ਼ੈਲੀ `ਚ ਡਾ: ਵਾਸੂ ਵਰਨਣ ਕਰਦਾ ਹੈ ਅਤੇ ਆਪਣੇ ਵਿਸ਼ਾ-ਵਸਤੂ ਨੂੰ ਕਿਧਰੇ ਵੀ ਖਿਲਰਨ ਨਹੀਂ ਦੇਂਦਾ। ਇੱਕ ਸਧਾਰਨ ਪਾਠਕ ਵੀ ਉਹਨਾਂ ਦੀ ਇਸ ਪੁਸਤਕ ਦਾ ਪਾਠ ਕਰਦਿਆਂ-ਪੜਦਿਆਂ ਰਤਾ ਭਰ ਵੀ ਉਕਤਾਉਂਦਾ ਨਹੀਂ; ਸਗੋਂ ਡਾ: ਵਾਸੂ ਦੇ ਵਿਚਾਰਾਂ ਦੀ ਉਂਗਲੀ ਫੜਦਿਆਂ ਉਹਨਾਂ ਸੰਗ ਹੀ ਹੋ ਤੁਰਦਾ ਹੈ। ਇਹ ਇਸ ਪੁਸਤਕ ਦੀ ਵੱਡੀ ਪ੍ਰਾਪਤੀ ਹੈ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਪਿਛੋਕੜ ਦਾ ਇਸ ਪੁਸਤਕ ਵਿੱਚ ਵਰਨਣ ਬਹੁਤ ਹੀ ਮਾਰਮਿਕ ਹੈ। ਗੁਰਬਾਣੀ ਦੀਆਂ ਤੁੱਕਾਂ ਦਾ ਸਹਾਰਾ ਲੈ ਕੇ ਗੁਰੂ ਜੀ ਦੀ ਲਾਸਾਨੀ ਕੁਰਬਾਨੀ, ਜਿਸ ਵਿੱਚ ਗੁਰੂ ਜੀ ਨੂੰ ਦਿੱਤੇ ਗਏ ਤਸੀਹੇ, ਸਿਰ ਤੇ ਗਰਮ ਰੇਤ ਪਾਉਣਾ, ਜਿਸਮ ਛਾਲੇ-ਛਾਲੇ ਹੋਣਾ, ਥੰਮ ਤਪਾ ਕੇ ਗੁਰੂ ਜੀ ਨੂੰ ਪੁੱਠਾ ਕਰਕੇ ਥੰਮ੍ਹ ਨਾਲ ਲਟਕਾਉਣਾ ਅਤੇ ਵੱਡੇ ਦਰਖਤ ਬੋਹੜ ਦੇ ਥੱਲੇ ਗੁਰੂ ਜੀ ਦਾ ਖੁਲ੍ਹੇ ਆਮ ਸਿਰ ਕਲਮ ਕਰਨਾ ਜਿਹੇ ਬਿਰਤਾਂਤ ਨੂੰ ਇਤਹਾਸਕਾਰਾਂ ਅਤੇ ਗੁਰੂ ਦੀਆਂ ਸਾਖੀਆਂ ਦਾ ਹਵਾਲਾ ਦੇਂਦਿਆਂ ਪੇਸ਼ ਕੀਤਾ ਹੈ। ਇਸ ਸ਼ਹੀਦੀ ਦਾ ਵੱਡਾ ਪ੍ਰਭਾਵ ਲੋਕਾਂ `ਤੇ ਪਿਆ।
“ਇਹ ਜੋ ਸੀਸ ਕਟਾਣ ਦੀ ਕਿਰਿਆ।
ਇਹ ਹੈ ਜੁੱਗ ਪਲਟਾਣ ਦੀ ਕਿਰਿਆ।
ਕੌਲ ਕਰਾਰ ਨਿਭਾਣ ਦੀ ਕਿਰਿਆ।
ਯਾਰ ਗਲੀ ਵਿੱਚ ਜਾਣ ਦੀ ਕਿਰਿਆ।
ਮੌਤ ਨਾਲ ਪਰਨਾਓਣ ਦੀ ਕਿਰਿਆ।
ਆਪਣਾ ਆਪ ਲਟਾਉਣ ਦੀ ਕਿਰਿਆ।
ਕਿਸੇ ਦਾ ਘਰ ਵਸਾਉਣ ਦੀ ਕਿਰਿਆ।
ਕਿਤੇ ਬਹਾਰਾਂ ਲਿਆਉਣ ਦੀ ਕਿਰਿਆ।
ਹੋਰ ਕੋਈ ਇਹਦੇ ਤੁੱਲ ਨਹੀਂ ਹੈ।
“ਵਾਸੂ” ਇਸ ਦਾ ਮੁੱਲ ਨਹੀਂ ਹੈ”।
ਡਾ: ਵਾਸੂ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਪ੍ਰਭਾਵ ਨਿਵੇਕਲੇ ਸਨ ਅਤੇ ਹਨ। ਗੁਰੂ ਜੀ ਦਾ ਬਲੀਦਾਨ ਅਸੂਲਾਂ ਲਈ ਸੀ। ਗੁਰੂ ਜੀ ਦੀ ਸ਼ਹੀਦੀ ਮੌਕੇ ਦੇ ਹਾਕਮ ਔਰੰਗਜ਼ੇਬ ਦੀ ਕੱਟੜ ਧਾਰਮਿਕ ਨੀਤੀ ਦਾ ਸਿੱਟਾ ਸੀ। ਇਸ ਸ਼ਹੀਦੀ ਨੇ ਖਾਲਸੇ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ। ਧਰਮ ਦੇ ਸੰਕਲਪ ਵਿੱਚ ਵਿਸ਼ਾਲਤਾ ਲਿਆਂਦੀ ਅਤੇ ਗੁਰੂ ਬਹਾਦਰ ਜੀ ਸਹੀ ਲੋਕਤੰਤਰ ਲਈ ਪ੍ਰੇਰਕ ਸ਼ਕਤੀ ਬਣੇ। ਅਜੋਕੇ ਯੁੱਗ ਵਿੱਚ ਜਦੋਂ ਹਾਕਮ ਲੋਕਾਂ ਦੀ ਧਾਰਮਿਕ ਅਜ਼ਾਦੀ, ਜੀਵਨ ਰਹਿਣ-ਸਹਿਣ ਉਤੇ ਵੱਡੇ ਹਮਲੇ ਕਰ ਰਹੇ ਹਨ, ਉਹਨਾਂ ਨੂੰ ਦੇਸ਼-ਧ੍ਰੋਹੀ ਗ਼ਰਦਾਨ ਰਹੇ ਹਨ, ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਅਤੰਕਵਾਦੀ, ਵੱਖਵਾਦੀ ਦਾ ਖਿਤਾਬ ਦੇ ਕੇ ਉਹਨਾਂ `ਤੇ ਜ਼ੁਲਮ ਢਾਹ ਰਹੇ ਹਨ ਤਾਂ ਡਾ: ਵਾਸੂ ਦੇ ਸ਼ਬਦਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਪ੍ਰਾਸੰਗਿਕਤਾ ਵਧੇਰੇ ਨਜ਼ਰ ਆਉਂਦੀ ਹੈ, ਜਿਹਨਾ ਮਨੁੱਖੀ ਹੱਕਾਂ, ਸਮਾਨਤਾ ਸੁਤੰਤਰਤਾ ਤੇ ਨਿਆਂ ਦੀਆਂ ਮਾਨਵੀ ਕੀਮਤਾਂ ਦੀ ਅਣਦੇਖੀ ਵਿਰੁੱਧ ਵੱਡਾ ਸੰਘਰਸ਼ ਕੀਤਾ ਅਤੇ ਵਿਸ਼ਵ ਵਿਆਪੀ ਸ਼ਾਂਤੀ ਦਾ ਸ਼ੰਦੇਸ਼ ਦਿੱਤਾ।
ਡਾ: ਵਾਸੂ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਸੰਕਲਪ ਨਵੇਂ ਮਨੁੱਖ ਦੀ ਤਲਾਸ਼ ਹੈ। ਗੁਰੂ ਜੀ ਦੇ ਬੁਲੰਦ ਬੋਲ ਸਫ਼ਲ ਜੀਵਨ ਨੂੰ ਸੇਧ ਦਿੰਦੇ ਹਨ, ਮਨੁੱਖੀ ਸੰਕਟਾਂ ਨੂੰ ਦੂਰ ਕਰਨ ਅਤੇ ਸਭਿਅਕ ਮਨੁੱਖ ਦੀ ਉਸਾਰੀ ਹਨ, ਧਾਰਮਿਕ ਕਰਮ ਕਾਂਡ ਤੋਂ ਦੂਰ ਹਨ, ਸਹੀ ਆਪਾ ਲੱਭਣ ਦੀ ਪ੍ਰੇਰਨਾ ਹਨ।
ਗੁਰੂ ਤੇਗ ਬਹਾਦਰ ਜੀ ਦੀ ਰਚਨਾ ਦੀ ਪਿੱਠ-ਭੂਮੀ, ਗੁਰੂ ਜੀ ਵਲੋਂ ਰਚੀ ਬਾਣੀ ਦੇ ਵਿਸ਼ਾ-ਵਸਤੂ, ਕਾਵਿ-ਸ਼ੈਲੀ ਦਾ ਵਰਨਣ ਡਾ: ਵਾਸੂ ਕਰਦਿਆਂ ਉਹਨਾਂ ਦੀ ਬਾਣੀ ਵਿੱਚ ਮਨੁੱਖ ਦੀਆਂ ਸਮੱਸਿਆਵਾਂ, ਤਕਲੀਫ਼ਾਂ, ਪਰਮਾਤਮਾ ਨਾਲ ਮੇਲ-ਮਿਲਾਪ, ਨਾਮ ਸਿਮਰਣ ਦੇ ਪੱਖ ਨੂੰ ਪੇਸ਼ ਕੀਤਾ ਹੈ ਅਤੇ ਉਹਨਾ ਨੂੰ ਮਨੁੱਖੀ ਪਰਿਵਰਤਨ ਦੀ ਕਲਾ ਦੇ ਮਾਹਿਰ ਆਖਿਆ ਹੈ। ਮਨ ਦੀ ਅਵਸਥਾ, ਮਨੁੱਖ ਦੀ ਆਪਣੀ ਹਕੀਕਤ ਪ੍ਰਤੀ ਅਗਿਆਨਤਾ, ਮਨ ਦਾ ਦੈਵੀਕਰਨ, ਸੰਸਾਰਕ ਮਾਇਆ ਜਾਲ, ਮਨੁੱਖੀ ਜੀਵਨ ਦੀ ਮਹਾਨਤਾ, ਆਤਮਿਕ ਨਿਘਾਰ, ਵੈਰਾਗ ਦੀ ਭਾਵਨਾ, ਮਨੁੱਖੀ ਸਥਿਤੀ ਦੇ ਤਿੰਨ ਮੁੱਖ ਸਰੋਕਾਰਾਂ, ਕੱਚ, ਸੱਚ, ਕੂੜ/ਸੱਚ ਦਾ ਨਿਖੇੜਾ ਜਿਹੇ ਗੁਰੂ ਤੇਗ ਬਹਾਦਰ ਜੀ ਦੇ ਬਾਣੀ-ਵਿਚਾਰਾਂ ਦੇ ਪੱਖਾਂ ਨੂੰ ਹੱਥਲੀ ਪੁਸਤਕ ਵਿੱਚ ਉਜਾਗਰ ਕੀਤਾ ਹੈ।
ਡਾ: ਵਾਸੂ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਮਨੋਰਥ ਮਨੁੱਖੀ ਜੀਵਨ ਦੀ ਦਸ਼ਾ, ਦਿਸ਼ਾ ਬਦਲਣਾ ਹੈ। ਬੁਰਾਈ ਤੋਂ ਇਛਾਈ ਵੱਲ ਪੁਲਾਂਘ ਹੈ। ਡਾ: ਵਾਸੂ ਦੇ ਸ਼ਬਦਾਂ `ਚ, “ਗੁਰੂ ਜੀ ਦੀ ਆਸ਼ਾ ਤਤਕਾਲੀਨ ਮਨੁੱਖਾਂ ਵਿੱਚ ਰੱਬ, ਗੁਰੂ ਤੇ ਆਪਣੇ ਆਪ ਪ੍ਰਤੀ ਵਿਸ਼ਵਾਸ਼ ਉਤਪੰਨ ਕਰਨਾ, ਧਾਰਮਿਕ ਕਰਮ-ਕਾਂਡ ਦੇ ਸਹੀ ਮਨੋਰਥ ਨਾਲ ਜੋੜਨਾ, ਮਨੁੱਖਤਾ ਦੇ ਧਰਮ ਪ੍ਰਤੀ ਸੇਧ ਪ੍ਰਦਾਨ ਕਰਨਾ, ਉਨ੍ਹਾ ਦਾ ਸੁੱਤਾ ਆਤਮ-ਵਿਸ਼ਵਾਸ਼ ਜਗਾਉਣਾ, ਉਹਨਾ ਵਿੱਚ ਸਮਾਜਿਕ, ਧਾਰਮਿਕ ਤੇ ਰਾਜਸੀ ਚੇਤਨਾ ਉਤਪੰਨ ਕਰਨੀ, ਪ੍ਰਭੂ-ਗਿਆਨ ਦੁਆਰਾ ਜੀਵਨ ਨੂੰ ਬੁਲੰਦੀਆਂ `ਤੇ ਪਹੁੰਚਾਉਣਾ, ਹਰੇਕ ਕਿਸਮ ਦੇ ਬੰਧਨਾ ਤੋਂ ਸੁਤੰਤਰ ਕਰਨਾ ਤੇ ਜਾਗਰੂਕ ਮਨੁੱਖ ਦੇ ਗੁਣ ਪੈਦਾ ਕਰਨਾ ਸੀ।”
ਇਹਨਾਂ ਸਾਰੇ ਪੱਖਾਂ ਨੂੰ ਡਾ: ਇੰਦਰਜੀਤ ਸਿੰਘ ਵਾਸੂ ਆਪਣੀ ਪੁਸਤਕ ਵਿੱਚ ਉਭਾਰਨ ਵਿੱਚ ਸਫ਼ਲ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਦਾ ਮਾਨਵਵਾਦੀ ਸਿਧਾਂਤ, ਉਤਮ ਸਭਿਆਚਾਰ ਦੀ ਸਿਰਜਣਾ ਦਾ ਸੰਕਲਪ, ਪ੍ਰੇਮ ਤੇ ਕੁਰਬਾਨੀ ਦਾ ਵਿਸ਼ੇਸ਼ ਰੰਗ ਅਤੇ ਸੰਸਾਰ ਅਮਨ ਦਾ ਪੈਗਾਮ ਤੇ ਸਮਾਜਿਕ ਇਕਸੁਰਤਾ ਅੱਜ ਦੇ ਯੁੱਗ ਵਿੱਚ ਵੀ ਪ੍ਰਸੰਗਕ ਹੈ।
ਡਾ: ਇੰਦਰਜੀਤ ਸਿੰਘ ਵਾਸੂ ਦੀ ਇਹ ਪੁਸਤਕ ਪਾਠਕਾਂ ਦੀ ਕਚਿਹਰੀ ਅਤੇ ਨਜ਼ਰਾਂ `ਚ ਪ੍ਰਵਾਨ ਹੋਏਗੀ, ਇਸ ਆਸ ਨਾਲ, ਡਾ: ਇੰਦਰਜੀਤ ਸਿੰਘ ਵਾਸੂ ਨੂੰ ਇਹੋ ਜਿਹੀ ਗਿਆਨ ਵਰਧਕ ਪੁਸਤਕ ਲਿਖਣ ਲਈ ਮੁਬਾਰਕਵਾਦ।
- ਇਹ ਪੁਸਤਕ ਸਮਰਪਣ ਹੈ
ਤਤਕਾਲੀਨ ਕੱਟੜ ਮੁਗ਼ਲੀਆ ਨਿਜ਼ਾਮ ਵਿਰੁੱਧ ਸ਼ਹੀਦੀ ਦੇ ਕੇ ਭਾਰਤੀ ਸਭਿਆਚਾਰ ਨੂੰ ਬਚਾਉਣ ਵਾਲੇ ਬਹੁ-ਧਰਮੀ ਸਮਾਜ ਦੀ ਸਥਾਪਤੀ ਕਰਨ ਵਾਲੇ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾਂ ਪ੍ਰਕਾਸ਼ ਉਤਸਵ ਦੇ ਸ਼ੁਭ ਅਵਸਰ `ਤੇ ਉਨ੍ਹਾਂ ਦੇ ਸਰਬੱਤ ਦੇ ਭਲੇ ਦੀ ਵਿਸ਼ਵ-ਵਿਆਪੀ ਵਿਚਾਰਧਾਰਾ ਨੂੰ।
- ਪੁਸਤਕ ਦਾ ਵੇਰਵਾ
ਪ੍ਰਕਾਸ਼ਕ :- ਵਾਸੂ ਪ੍ਰਕਾਸ਼ਨ, ਫਗਵਾੜਾ
ਮੁੱਲ :- 300 ਰੁਪਏ
ਕੁੱਲ ਸਫ਼ੇ :- 280
ਸਾਲ :- 2021
ਮਿਲਣ ਦਾ ਪਤਾ :- ਸਿੰਘ ਬ੍ਰਦਰਜ਼ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ-143006
ਲੇਖਕ :- ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਵਾਸੂ
ਫੋਨ ਨੰ. :- 90563-60763
-ਗੁਰਮੀਤ ਸਿੰਘ ਪਲਾਹੀ
-9815802070