ਚੀਨੀ ਵਿਗਿਆਨੀਆਂ ਨੇ ਲੱਭਿਆ ਨਵਾਂ ਚਾਮਚੜਿੱਕ ਕੋਰੋਨਾ ਵਾਇਰਸ

ਬੀਜਿੰਗ, 23 ਫਰਵਰੀ – ਚੀਨੀ ਵਿਗਿਆਨੀਆਂ ਦੀ ਟੀਮ ਨੇ ਵੀਂ ਕਿਸਮ ਦੇ ਕੋਰੋਨਾ ਵਾਇਰਸ ਦਾ ਪਤਾ ਲਾਇਆ ਹੈ, ਜਿਸ ਦੇ ਤੇਜ਼ੀ ਨਾਲ ਫੈਲਣ ਦਾ ਜੋਖਮ ਹੋ ਸਕਦਾ ਹੈ। ਇਹ ਵਾਇਰਸ ਵੀ ਪਿਛਲੇ ਵਾਇਰਸ ‘ਸਾਰਸ-ਸੀ ਓ ਵੀ-2’ ਦੀ ਤਰ੍ਹਾਂ ਚਾਮਚੜਿੱਕਾਂ ਵਿੱਚ ਦੇਖਿਆ ਗਿਆ ਹੈ। 2019 ਦੇ ਆਖਰੀ ਮਹੀਨੇ ਚੀਨ ਤੋਂ ਸ਼ੁਰੂ ਹੋਈ ਨੋਵੇਲ ਕੋਰੋਨਾ ਵਾਇਰਸ ਦੀ ਲਾਗ ਨੇ ਕਰੀਬ ਤਿੰਨ ਸਾਲ ਦੁਨੀਆ ਭਰ ਨੂੰ ਬਿਪਤਾ ਪਾਈ ਰੱਖੀ ਸੀ। ਲਾਗ ਦੇ ਮਾਮਲੇ ਫਿਲਹਾਲ ਕਾਫੀ ਕੰਟਰੋਲ ਵਿੱਚ ਹਨ, ਹਾਲਾਂਕਿ ਸਿਹਤ ਮਾਹਰ ਕਹਿੰਦੇ ਹਨ ਕਿ ਜਿਸ ਤਰ੍ਹਾਂ ਵਾਇਰਸ ਦੀ ਪ੍ਰਕਿਰਤੀ ਰਹੀ ਹੈ, ਇਸ ਵਿੱਚ ਨਵੇਂ ਮਿਊਟੇਸ਼ਨ ਹੋਣ ਤੇ ਕਿਸੇ ਨਵੇਂ ਵੈਰੀਐਂਟ ਦੇ ਆਉਣ ਦੇ ਖਤਰੇ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਮਸਲਨ ਕੋਵਿਡ-19 ਦੇ ਮਾਮਲੇ ਭਾਵੇਂ ਹੁਣ ਸਾਹਮਣੇ ਨਹੀਂ ਆ ਰਹੇ, ਫਿਰ ਵੀ ਇਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਮੰਨਿਆ ਜਾ ਸਕਦਾ। ਚੀਨੀ ਵਿਗਿਆਨੀਆਂ ਨੇ ਜਿਹੜੇ ਨਵੇਂ ਵਾਇਰਸ ਦਾ ਪਤਾ ਲਾਇਆ ਹੈ, ਉਹ ਵੀ ਪਹਿਲਾਂ ਦੀ ਤਰ੍ਹਾਂ ਲਾਗ ਫੈਲਾਉਣ ਲਈ ਮਨੁੱਖੀ ਰਿਸੈਪਟਰ ਦੀ ਵਰਤੋਂ ਕਰਦਾ ਹੈ। ਮਾਹਰਾਂ ਨੇ ਸੰਭਾਵਤ ਖਤਰੇ ਨੂੰ ਲੈ ਕੇ ਸਭ ਨੂੰ ਅਲਰਟ ਕੀਤਾ ਹੈ।

ਚੀਨੀ ਵਿਗਿਆਨੀਆਂ ਮੁਤਾਬਕ ਐੱਚ ਕੇ ਯੂ 5-ਕੋਵ-2 ਨਾਂਅ ਦਾ ਨਵਾਂ ਵਾਇਰਸ ਮਨੁੱਖਾਂ ਵਿੱਚ ਤੇਜ਼ੀ ਨਾਲ ਫੈਲਣ ਤੇ ਗੰਭੀਰ ਰੋਗਾਂ ਦਾ ਖਤਰਾ ਵਧਾਉਣ ਵਾਲਾ ਹੋ ਸਕਦਾ ਹੈ। ਵਾਇਰਸ ਵਿਗਿਆਨੀ ਸ਼ੀ ਜ਼ੇਂਗਲੀ ਦੀ ਅਗਵਾਈ ਵਾਲੀ ਟੀਮ ਨੇ ਵੂਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਵਿੱਚ ਨਵੇਂ ਵਾਇਰਸ ਦੀ ਖੋਜ ਕੀਤੀ ਹੈ। ਪਹਿਲਾ ਵਾਇਰਸ ਇਸ ਲੈਬੋਰੇਟਰੀ ’ਚੋਂ ਹੀ ਲੀਕ ਹੋਣ ਦੇ ਦੋਸ਼ ਲੱਗੇ ਸਨ। ਜ਼ੇਂਗਲੀ ਨੂੰ ਕੋਰੋਨਾ ਵਾਇਰਸ ’ਤੇ ਕੰਮ ਲਈ ‘ਬੈਟਵੁਮੈਨ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਮਾਹਰਾਂ ਦੀ ਟੀਮ ਨੇ ਦੱਸਿਆ ਕਿ ਨਵਾਂ ਵਾਇਰਸ ਮੈਰਬੇਕੋਵਾਇਰਸ ਸਬ ਜੀਨਜ਼ ਨਾਲ ਸੰਬੰਧਤ ਹੈ। ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (ਮਰਸ) ਨੂੰ ਵੀ ਇਸੇ ਨਾਲ ਸੰਬੰਧਤ ਮੰਨਿਆ ਜਾਂਦਾ ਰਿਹਾ ਹੈ।

ਇਸ ਨਵੇਂ ਵਾਇਰਸ ਦੀ ਪ੍ਰਕਿਰਤੀ ਨੂੰ ਲੈ ਕੇ ਰਸਾਲੇ ‘ਸੇਲ’ ਵਿੱਚ ਪ੍ਰਕਾਸ਼ਤ ਇੱਕ ਪੇਪਰ ’ਚ ਵਿਗਿਆਨੀਆਂ ਨੇ ਲਿਖਿਆ ਹੈ ਕਿ ‘ਬੈਟ ਮੈਰਬੇਕੋਵਾਇਰਸ (ਐੱਚ ਕੇ ਯੂ 5-ਕੋਵ-2), ਜਿਹੜਾ ਜੈਨੇਟਿਕ ਤੌਰ ’ਤੇ ਮਰਸ-ਕੋਵ ਨਾਲ ਸੰਬੰਧਤ ਹੈ, ਮਨੁੱਖਾਂ ਵਿੱਚ ਫੈਲਣ ਦਾ ਉੱਚ ਜੋਖਮ ਪੈਦਾ ਕਰਦਾ ਹੈ। ਵਾਇਰਸ ਦੀ ਸੰਰਚਨਾ ਤੇ ਸਮਰਥਾਵਾਂ ਦੇ ਵਿਸ਼ਲੇਸ਼ਣ ਤੋਂ ਸੰਕੇਤ ਮਿਲਦਾ ਹੈ ਕਿ ਇਹ ਸਾਹ ਤੰਤਰ ਤੇ ਛੋਟੀ ਅੰਤੜੀ ਵਿੱਚ ਸੰਕਰਮਣ ਵਧਾਉਣ ਵਾਲਾ ਹੋ ਸਕਦਾ ਹੈ। ਅਧਿਐਨਕਰਤਿਆਂ ਨੇ ਕਿਹਾ ਹੈ ਕਿ ਇਹ ਜ਼ਰੂਰ ਇੱਕ ਕਿਸਮ ਦਾ ਨਵਾਂ ਕੋਰੋਨਾ ਵਾਇਰਸ ਹੈ, ਪਰ ਇਨਸਾਨਾਂ ਵਿੱਚ ਇਸ ਦੇ ਫੈਲਣ ਦੇ ਜੋਖਮਾਂ ਨੂੰ ਵਧਾ-ਚੜ੍ਹਾ ਕੇ ਨਹੀਂ ਦੱਸਿਆ ਜਾਣਾ ਚਾਹੀਦਾ। ਮੁੱਢਲੀ ਖੋਜ ਤੋਂ ਪਤਾ ਚਲਦਾ ਹੈ ਕਿ ਭਲੇ ਹੀ ਇਹ ਹਿਊਮਨ ਰਿਸੈਪਟਰ ਏ ਸੀ ਈ-2 ਨਾਲ ਬੱਝਾ ਹੋ ਸਕਦਾ ਹੈ, ਪਰ ਸਾਰਸ-ਕੋਵ-2 ਦੀ ਤੁਲਨਾ ’ਚ ਕਮਜ਼ੋਰ ਬੱਝਾ ਹੈ। ਫਿਲਹਾਲ ਇਸ ਦੀ ਪ੍ਰਕਿਰਤੀ ਨੂੰ ਵਿਸਥਾਰ ਵਿੱਚ ਸਮਝਿਆ ਜਾਣਾ ਅਜੇ ਬਾਕੀ ਹੈ, ਇਸ ਲਈ ਸ਼ੁਰੂਆਤੀ ਸਥਿਤੀਆਂ ਤੋਂ ਭਵਿੱਖ ਦੇ ਖਤਰੇ ਨੂੰ ਲੈ ਕੇ ਬਹੁਤ ਜ਼ਿਆਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

ਸਾਂਝਾ ਕਰੋ

ਪੜ੍ਹੋ

ਲਹਿੰਦੇ ਪੰਜਾਬ ਦੇ ਸ਼ਿਵ ਕੁਮਾਰ ਸਗ਼ੀਰ ਤਬੱਸੁਮ

ਇਹ ਨਾਂ ਅੱਜ ਪਾਕਿਸਤਾਨੀ ਅਦਬੀ ਹਲਕਿਆਂ ‘ਚ ਬਹੁਤ ਮਕ਼ਬੂਲ ਹੈ...